ਪਟਨਾ- ਜਦਯੂ ਮੁੱਖੀ ਨਤੀਸ਼ ਕੁਮਾਰ ਨੇ ਐਤਵਾਰ ਨੂੰ ਚੌਥੀ ਵਾਰ ਬਿਹਾਰ ਦੇ ਮੁੱਖਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 22 ਹੋਰ ਮੈਂਬਰਾਂ ਨੇ ਵੀ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਨਤੀਸ਼ ਕੁਮਾਰ ਬਿਹਾਰ ਦੇ 34ਵੇਂ ਮੁੱਖਮੰਤਰੀ ਬਣੇ। ਉਹ 16 ਮਾਰਚ ਤੱਕ ਵਿਧਾਨ ਸਭਾ ਵਿੱਚ ਆਪਣਾ ਬਹੁਮੱਤ ਸਾਬਿਤ ਕਰਨਗੇ।
ਬਿਹਾਰ ਦੀ ਰਾਜਨੀਤੀ ਵਿੱਚ ਪਿੱਛਲੇ ਕੁਝ ਅਰਸੇ ਤੋਂ ਕਾਫੀ ਕਸ਼ਮਕਸ਼ ਚੱਲ ਰਹੀ ਸੀ। ਜਨਤਾ ਦਲ ਯੂਨਾਈਟਡ ਨੇ ਜੀਤਨ ਰਾਮ ਮਾਂਝੀ ਨੂੰ ਮੁੱਖਮੰਤਰੀ ਦੇ ਅਹੁਦੇ ਤੋਂ ਹੱਟਣ ਲਈ ਕਿਹਾ ਸੀ ਪਰ ਉਸ ਨੇ ਅਹੁਦਾ ਛੱਡਣ ਤੋਂ ਸਾਫ ਇਨਕਾਰ ਦਿੱਤਾ। ਮਾਂਝੀ ਨੇ ਬਗਾਵਤ ਕਰਕੇ ਬੀਝੇਪੀ ਨਾਲ ਮਿਲਕੇ ਸਰਕਾਰ ਬਣਾਉਣ ਦਾ ਯਤਨ ਵੀ ਕੀਤਾ ਪਰ ਸਫਲ ਨਹੀਂ ਹੋ ਸਕੇ। ਜਦਯੂ ਨੇ ਮਾਂਝੀ ਅਤੇ ਉਸ ਦੇ ਸਮਰਥੱਕਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ ਅਤੇ ਨਤੀਸ਼ ਕੁਮਾਰ ਨੂੰ ਬਿਹਾਰ ਵਿਧਾਨ ਮੰਡਲ ਦਲ ਦਾ ਨੇਤਾ ਚੁਣ ਲਿਆ ਸੀ।
ਰਾਜਭਵਨ ਵਿੱਚ ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ, ਸਾਬਕਾ ਪ੍ਰਧਾਨਮੰਤਰੀ ਦੇਵਗੌੜਾ, ਉਤਰਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ, ਆਸਾਮ ਦੇ ਮੁੱਖਮੰਤਰੀ ਤਰੁਣ ਗੋਗਈ, ਝਾਰਖੰਡ ਦੇ ਸਾਬਕਾ ਮੁੱਖਮੰਤਰੀ ਬਾਬੂ ਲਾਲ ਮਰਾਂਡੀ ਅਤੇ ਨੈਸ਼ਨਲ ਲੋਕਦਲ ਦੇ ਨੇਤਾ ਅਭੈ ਚੌਟਾਲਾ ਮੌਜੂਦ ਸਨ। ਇਸ ਤੋਂ ਇਲਾਵਾ ਕਾਂਗਰਸ ਨੇਤਾ ਮੋਤੀ ਲਾਲ ਵੋਹਰਾ, ਸੀ.ਪੀ. ਜੋਸ਼ੀ, ਸੰਸਦ ਮੈਂਬਰ ਦੁਸ਼ਯੰਤ ਚੌਟਾਲਾ,ਸ਼ਰਦ ਯਾਦਵ, ਸਮਾਜਵਾਦੀ ਪਾਰਟੀ ਦੇ ਸਿ਼ਵਪਾਲ ਸਿੰਘ ਯਾਦਵ ਅਤੇ ਜੀਤਨ ਰਾਮ ਮਾਂਝੀ ਵੀ ਇਸ ਸਮੇਂ ਉਥੇ ਮੌਜੂਦ ਸਨ।