ਸ੍ਰੀ ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿੱਖੇ ‘ਸਾਕਾ ਨਨਕਾਣਾ’ ਦੀ ਯਾਦ ਵਿੱਚ ਸ਼ਹੀਦੀ ਅਸਥਾਨ ਵਾਲੇ ਅਸਥਾਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਸਨ। ਤਿੰਨ ਦਿਨ ਵਿਸ਼ੇਸ ਤੌਰ ‘ਤੇ ਕਥਾ-ਕੀਰਤਨ ਦੇ ਗੁਰਮਤਿ ਸਮਾਗਮ ਹੋਏ। ੨੧, ਫਰਵਰੀ ਨੂੰ ਸਵੇਰੇ ੭:੦੦ ਵਜੇ ਸ਼ਹੀਦੀ ਅਸਥਾਨ ਵਾਲੀ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। ਅਰਦਾਸ ਦੀ ਸੇਵਾ ਗ੍ਰੰਥੀ ਦਇਆ ਸਿੰਘ ਅਤੇ ਹੁਕਮਨਾਮਾ ਸਾਹਿਬ ਦੀ ਸੇਵਾ ਗ੍ਰੰਥੀ ਪ੍ਰੇਮ ਸਿੰਘ ਵੱਲੋਂ ਨਿਭਾਈ ਗਈ ।
ਸਾਕਾ ਨਨਕਾਣਾ ਸਾਹਿਬ ਦੀ ਯਾਦ ਵਿਚ ਦੋ ਦਿਨ ਲੜੀਵਾਰ ਇਤਿਹਾਸ ਦੀ ਸਾਂਝ ਪਾਉਂਦਿਆਂ ਸਭ ਤੋਂ ਪਹਿਲਾਂ ਗਿਆਨੀ ਜਨਮ ਸਿੰਘ ਜੀ ਨੇ ਸਾਕਾ ਨਨਕਾਣਾ ਦੇ ਵਾਪਰਨ ਤੋਂ ਪਹਿਲਾਂ ਦੀਆਂ ਸਾਰੀਆਂ ਘਟਨਾਵਾਂ, ਇਸ ਦੇ ਪਿਛੋਕੜ, ਅੰਗਰੇਜ਼ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ, ਸ੍ਰੀ ਹਰਮਿੰਦਰ ਸਾਹਿਬ ਵਿਖੇ ਜਲੀਆਂ ਵਾਲੇ ਬਾਗ ਸਾਕੇ ਦੇ ਮੁੱਖ ਦੋਸ਼ੀ ਡਾਇਰ ਨੂੰ ਮਹੰਤ ਅਰੂੜ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਦੀ ਘਟਨਾ ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਸੇਵਾਦਾਰਾਂ ਵੱਲੋਂ ਸੇਵਾ ਸੰਭਾਲਣ । ਸ੍ਰੀ ਤਰਨਤਾਰਨ ਸਾਹਿਬ ਦੇ ਮਹੰਤਾਂ ਵੱਲੋਂ ਉਥੋਂ ਦੇ ਪਵਿੱਤਰ ਸਰੋਵਰ ਵਿੱਚ ਸ਼ਰਾਬ ਠੰਢੀ ਕਰਕੇ ਪੀਣ, ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਣ ਵਾਲੀਆਂ ਧੀਆਂ ਭੈਣਾਂ ਨੂੰ ਪੱਥਰ ਤੇ ਗਨੇਰੀਆਂ ਮਾਰਨ ਤੇ ਛੇੜਖਾਨੀ ਕਰਨ ਦੀਆਂ ਘਟਨਾਵਾਂ ਅਤੇ ਸ਼ਰਧਾ ਵਾਲੇ ਸਿੰਘਾਂ ਦੇ ਸਮਝਾਉਣ ਤੇ ਇਸ ਨੂੰ ਆਪਣੀ ਦੁਕਾਨ ਦੱਸਣ, ਭਾਈ ਸੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਵਿੱਚ ਅੰਮ੍ਰਿਤ ਛੱਕਣ ਦੀ ਗੱਲ ਕਰਨ ਕਾਰਨ ਉਨ੍ਹਾਂ ਦੇ ਛੋਟੇ ਬੇਟੇ ਨੂੰ ਸਰੋਵਰ ਵਿੱਚ ਪੱਥਰ ਨਾਲ ਬੰਨ ਕੇ ਡੋਬ ਕੇ ਮਾਰ ਦੇਣ ਤੇ ਉਨ੍ਹਾਂ ਦੀ ੧੨-੧੩ ਸਾਲ ਦੀ ਬੇਟੀ ਦੀ ਇੱਜ਼ਤ ਲੁੱਟਣ ਦੀ ਦਿਲ ਕਬਾਊ ਘਟਨਾ ਨੂੰ ਬੜੇ ਹੀ ਦਰਦ ਮਈ ਢੰਗ ਨਾਲ ਦੱਸਿਆ। ਆਪ ਨੇ ਨਨਕਾਣਾ ਸਾਹਿਬ ਵਿਖੇ ਸੰਨ ੧੯੧੭ ਵਿੱਚ ਪੋਠੋਹਾਰ ਤੋਂ ਦਰਸ਼ਨ ਕਰਨ ਆਏ ਭਾਈ ਬੂਟਾ ਸਿੰਘ ਦੀ ਗਾਤਰੇ ਵਾਲੀ ਕ੍ਰਿਪਾਨ ਖੋਹਣ, ੧੯੧੮ ਵਿੱਚੋਂ ਹੈਦਰਾਬਾਦ ਸਿੰਧ ਤੋਂ ਰਿਟਾਇਰ ਹੋ ਕੇ ਪਰਿਵਾਰ ਸਮੇਤ ਸ਼ੁਰਕਾਨੇ ਦੀ ਅਰਦਾਸ ਕਰਨ ਆਏ ਜੱਜ ਦੀ ੧੩ ਸਾਲਾਂ ਦੀ ਬੇਟੀ ਬੀਬੀ ਰਜਨੀ ਦੀ ਇਸੇ ਅਸਥਾਨ ਦੇ ਸੋ ਦਰੁ ਦੇ ਪਾਠ ਦੇ ਸਮੇਂ ਪੱਤ ਲੁੱਟਣ ਦੀ ਘਟਨਾ, ਜੜ੍ਹਾਵਾਲੇ ਤੋਂ ਦਰਸ਼ਨ ਕਰਨ ਆਈਆਂ ਬੀਬੀਆਂ ਦੀ ਪੱਤ ਲੁੱਟਣ ਵਰਗੀਆਂ ਘਟਨਾਵਾਂ ਨੂੰ ਬੜੇ ਹੀ ਭਾਵੁਕ ਹੋ ਕੇ ਦੱਸਿਆ। ਜਰਗ ਪਿੰਡ ਦੇ ਭਾਈ ਕੇਹਰ ਸਿੰਘ ਦੇ ਪੁੱਤਰ ਸ੍ਰ. ਦਰਬਾਰਾ ਸਿੰਘ ਜਿਸ ਦੀ ਉਮਰ ੬-੭ ਸਾਲ ਦੀ ਸੀ ਜੋ ਇਸ ਸਾਕੇ ਵਿੱਚ ਸ਼ਹੀਦ ਹੋਣ ਵਾਲਾ ਸਭ ਤੋਂ ਛੋਟੀ ਉਮਰ ਦਾ ਭੁਝੰਗੀ ਸੀ ਦੇ ਜੀਵਨ ਨੂੰ ਸੁਣਦਿਆ ਨਨਕਾਣਾ ਸਾਹਿਬ ਦੇ ਬੱਚਿਆਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਝੱਲਕ ਪਏ।
ਭਾਈ ਜਨਮ ਸਿੰਘ ਹੋਣਾ ਨੇ ੨੦੨੧ ਨੂੰ ਸਾਕਾ ਨਨਕਾਣਾ ਸਾਹਿਬ ਦੇ ਸੋ ਸਾਲ (੧੯੨੧-੨੦੨੧) ਪੂਰੇ ਹੋਣ ਤੇ ਸ਼ਤਾਬਦੀ ਮਨਾਉਣ ਲਈ ਵੀ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਤੇ ਹੁਣ ਤੋਂ ਹੀ ਇਸ ਨੂੰ ਮਨਾਉਣ ਦੇ ਉਪਰਾਲੇ ਸ਼ੁਰੂ ਕਰ ਦੇਣ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਮੌਕੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਦੇਸ਼-ਵਿਦੇਸ਼ਾਂ ਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰ ਰਹੀਆਂ ਕਮੇਟੀਆਂ, ਨਵੀਆਂ ਕਮੇਟੀਆਂ ਬਨਾਉਣ ਤੇ ਗੁਰਦੁਆਰਾ ਕਮੇਟੀਆਂ ਦੀ ਸੇਵਾ ਕਰਨ ਦੇ ਚਾਹਵਾਨ ਵੀਰਾਂ/ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਵੀ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਖੜਾ ਸ਼ਹੀਦੀ ਜੰਡ ਰੋ-ਰੋ ਕੇ ਪੁਕਾਰ ਰਹਾ ਹੈ ਕਿ ਖ਼ਾਲਸਾ ਜੀ ! ਮੈਂ ਆਪਣੀਆਂ ਅੱਖਾਂ ਨਾਲ ਸ਼ਹੀਦ ਭਾਈ ਲਛਮਣ ਸਿੰਘ ਨੂੰ ਉਲਟਾ ਲਟਕਦਆਿਂ ਅੱਗ ਨਾਲ ਸੜਦਿਆਂ ਤੱਕਿਆ ਹੈ । ਉਸ ਸਿੰਘ ਵੱਲੋਂ ਦਿੱਤੀ ਕੁਰਬਾਨੀ ਨੂੰ ਅੱਜ ਯਾਦ ਕਰਦਿਆਂ ਆਪਸੀ ਪਿਆਰ ਵਧਾਉ । ਆਪਣੇ ਛੋਟੇ-ਮੋਟੇ ਗਿਲੇ ਸ਼ਿਕਵਿਆਂ ਨੂੰ ਆਪਣੇ ਪਿਤਾ ਸ੍ਰੀ ਗੁਰੁ ਗ੍ਰੰਥ ਸਾਹਬਿ ਜੀ ਦੀ ਤਾਬਿਆਂ ਬੈਠ ਕੇ ਵੀਚਾਰ ਲਿਆ ਕਰੋ । ਅਖ਼ਬਾਰਾਂ ਤੇ ਟੀ.ਵੀ ਚੈਨਲਾਂ ਤੇ ਸਾਡੀਆਂ ਆਪਸੀ ਫੁੱਟਾਂ ਦੀਆਂ ਗੱਲਾਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਬਹੁਤ ਦੁੱਖ ਪਹੁੰਚਾਉਂਦੀਆਂ ਹਨ ਕਿਉਂਕਿ ਸ਼ਹੀਦ ਹਮੇਸ਼ਾਂ ਜ਼ਿੰਦਾ ਹੁੰਦੇ ਹਨ।
ਸ਼ਹੀਦ ਭਾਈ ਲਛਮਣ ਸਿੰਘ ਅੱਜ ਵੀ ਜ਼ਿੰਦਾ ਹੈ । ਸ਼ਹੀਦ ਭਾਈ ਦਲੀਪ ਸਿੰਘ ਅੱਜ ਵੀ ਜ਼ਿੰਦਾ ਹੈ ।ਸ਼ਹੀਦ ਭਾਈ ਵਰਿਆਮ ਸਿੰਘ ਅੱਜ ਵੀ ਜ਼ਿੰਦਾ ਹੈ ਦੇ ਨਾਹਰੇ ਸਿੱਖ ਨੌਜਵਾਨਾਂ ਵੱਲੋਂ ਲਗਾਏ ਗਏ।
੨੧ ਫਰਵਰੀ, ੨੦੧੫ ਸਾਮ ਨੂੰ ਵਿਸ਼ੇਸ਼ ਤੌਰ ‘ਤੇ ਮਹਿਕਮਾ ਔਕਾਫ਼ ਦੇ ਚੇਅਰਮੈਂਨ ਸਦੀਕ ਉਲ ਫਾਰੂਕ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸ਼ਾਮ ਸਿੰਘ, ਅਡੀਸ਼ਨਲ ਸੈਕਟਰੀ ਔਕਾਫ ਬੋਰਡ ਖਾਲਿਦ ਅਲੀ, ਸਈਅਦ ਫਰਾਜ਼ ਅਬਾਸ, ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ, ਲਾਹੌਰ ਦੇ ਡਾਇਰੈਕਟਰ ਪ੍ਰੋ. ਅਹਿਸਾਨ। ਐਚ. ਨਦੀਮ, ਸ੍ਰ. ਗੋਪਾਲ ਸਿੰਘ ਜਰਨਲ ਸੈਕਟਰੀ ਪੀ.ਐਸ.ਜੀ.ਪੀ.ਸੀ. ਅਤੇ ਸੰਗਤਾਂ ਦੀ ਹਾਜ਼ਰੀ ਵਿਚ ‘ਸਾਕਾ ਨਨਕਾਣਾ’ ਦੀ ੯੪ਵੀਂ ਯਾਦਗਾਰੀ ਤਰਰੀਬ ਦੇ ਮੌਕੇ ‘ਤੇ ਸ਼ਹੀਦੀ ਅਸਥਾਨ ਸ਼ਹੀਦ ਭਾਈ ਦਲੀਪ ਸਿੰਘ, ਸ਼ਹੀਦ ਭਾਈ ਵਰਿਆਮ ਸਿੰਘ ਵਿਖੇ, ਸਿੱਖ ਲਾਇਬਰੇਰੀ ਅਤੇ ਸ਼ਹੀਦੀ ਅਸਥਾਨ ਦੀ ਮੁੜ ਉਸਾਰੀ ਦਾ ਨੀਂਹ ਪੱਥਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਰੱਖਿਆ ਗਿਆ।ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸਦੀਕ ਉਲ ਫਾਰੂਕ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਮਹਿਕਮਾ ਔਕਾਫ਼ ਪਾਕਿਸਤਾਨ ‘ਚ ਸਥਿਤ ਸਿੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਪੂਰੀ ਤਨ ਦੇਹੀ ਨਾਲ ਕਰ ਰਹੀ ਹੈ।ਸਾਡੀ ਨਵੀਂ ਪਲਾਨਿੰਗ ਨਨਕਾਣਾ ਸਾਹਿਬ ਨੂੰ ਮਾਡਰਨ ਟਾਊਨ ਬਣਾਉਣ ਦੀ ਹੈ।ਸਰਕਾਰ ਵੱਲੋਂ ਬਹੁਤ ਜਲਦੀ ਨਨਕਾਣਾ ਸਾਹਿਬ ਵਿਖੇ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਯਾਤਰੀਆਂ ਦੀਆਂ ਸਹੂਲਤਾਂ ਲਈ ਜਿੱਥੇ ਗੁਰਦੁਆਰਾ ਸਾਹਿਬ ਵਿਚ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਉੱਥੇ ਹੀ ਅਸੀਂ ਨਨਕਾਣਾ ਸਾਹਿਬ ਵਿਖੇ ਪੰਜ ਤਾਰਾ ਹੋਟਲ ਵੀ ਬਣਾਵਾਂਗੇ ਅਤੇ ਬਹੁਤ ਜਲਦ ਗੁਰੂ ਨਾਨਕ ਦੇਵ ਜੀ ਯੂਨੀਵਰਿਸਟੀ ਦਾ ਉਦਘਾਟਣ ਕਰ ਦਿੱਤਾ ਜਾਵੇਗਾ। ਮਜਾਰਿਆਂ ਨੂੰ ਸੋਲਰ ਟਿਊਬੈਲ ਅਤੇ ਖੇਤੀਬਾੜੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਕਰਜ਼ੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਜਾਣਗੇ।
ਸ਼ਾਮ ਨੂੰ ਸੋਦਰੁ ਰਹਿਰਾਸ ਦੇ ਪਾਠ ਕੀਰਤਨ ਉਪਰੰਤ ਵਿਸ਼ੇਸ਼ ਦੀਵਾਨ ਸ਼ਹੀਦੀ ਅਸਥਾਨ ਵਿਖੇ ਸਜਾਏ ਗਏ। ਸਟੇਜ ਸੈਕਟਰੀ ਦੀ ਸੇਵਾ ਸ੍ਰ. ਗੋਪਾਲ ਸਿੰਘ ਚਾਵਲਾ ਵੱਲੋਂ ਨਿਭਾਈ ਗਈ ਤੇ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕਦੇ ਘਾਟੇ ‘ਚ ਨਹੀਂ ਰਹਿੰਦੀਆਂ, ਸਗੋਂ ਹਮੇਸ਼ਾਂ ਚੜ੍ਹਦੀ ਕਲਾ ‘ਚ ਵਿਚਰਦੀਆਂ ਹਨ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸ਼ਾਮ ਸਿੰਘ ਜੀ ਨੇ ਵੀ ਮਹੰਤ ਨਰੈਣੂ ਦੇ ਕਾਲੇ ਕਾਰਨਾਮਿਆਂ ਉਸ ਦੇ ਨਾਲ-੨ ਆਰੀਆ ਸਮਾਜੀ ਲੋਕਾਂ ਦਾ ਕਿਰਦਾਰ ਅਤੇ ਅੱਜ ਸਿੱਖਾਂ ਦੇ ਮਸਲਿਆਂ ਦਾ ਜ਼ਿਕਰ ਤੇ ਬੜੇ ਜੋਸ਼ੀਲੇ ਅੰਦਾਜ਼ ਵਿੱਚ ਕਵਿਤਾ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਇਸ ਸਾਕੇ ਦੀ ਘਟਨਾ ਨੂੰ ਜਿਵੇਂ ਕੱਲ ਹੀ ਵਾਪਰੀ ਘਟਨਾ ਵਾਂਗ ਸੰਗਤਾਂ ਦੇ ਸਾਹਮਣੇ ਪੇਸ਼ ਕਰ ਕੇ ਰੱਖ ਦਿੱਤਾ।
ਖਾਲਿਦ ਅਲੀ ਅਡੀਸ਼ਨਲ ਸੈਕਟਰੀ ਵਕਫ਼ ਬੋਰਡ ਨੇ ਦੱਸਿਆ ਸ਼ਹੀਦ ਕੌਣ ਹੁੰਦਾ ਹੈ ਤੇ ਸ਼ਹੀਦ ਦਾ ਕੁਰਬਾਨੀ ਦੇਣ ਪਿੱਛੇ ਆਪਣਾ ਨਿੱਜੀ ਕੋਈ ਲਾਲਚ ਨਹੀਂ ਹੁੰਦਾ ਬਲਕਿ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਲੇ ਲਈ ਤਾਂ ਕਿ ਉਹ ਸਿਰ ਚੁੱਕ ਕੇ ਇੱਜ਼ਤ ਨਾਲ ਜੀ ਸਕਣ ਇਸ ਲਈ ਮਰ ਮਿਟੱਦਾ ਹੈ। ਉਨ੍ਹਾਂ ਇਸ ਮੌਕੇ ਤੇ ਕਿਹਾ ਅੱਜ ਅਸੀਂ ਜਿਹੜੇ ਸਾਰੇ ਧਰਮਾਂ ਦੇ ਬੰਦੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਵਿਖੇ ਆਜ਼ਾਦੀ ਨਾਲ ਆ ਜਾ ਰਹੇ ਹਾਂ। ਮੇਰੇ ਸਿੱਖ ਭਰਾ ਆਪਣੇ ਗੁਰੂਆਂ ਦੇ ਗੁਰਪੁਰਬ, ਸ਼ਹੀਦਾਂ ਦੇ ਜੋੜ ਮੇਲੇ ਮਨਾ ਰਹੇ ਹੋ। ਇਹ ਅੱਜ ਦੇ ਦਿਨ ਸ਼ਹੀਦ ਹੋਣ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸਹੀਦ ਭਾਈ ਦਲੀਪ ਸਿੰਘ, ਵਰਿਆਮ ਸਿੰਘ ਅਤੇ ਹੋਰ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਹੈ। ਪ੍ਰੋ. ਅਹਿਸਾਨ.ਐਚ.ਨਦੀਮ, ਸ੍ਰ. ਮਨਿੰਦਰ ਸਿੰਘ, ਸ੍ਰ. ਬਿਸ਼ਨ ਸਿੰਘ ਅਤੇ ਹੋਰ ਬੁਲਾਰਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਮਹਿਕਮਾ ਔਕਾਫ਼ ਦੇ ਚੇਅਰਮੈਨ ਸਦੀਕ ਉਲ ਫਾਰੂਕ ਨੇ ਹਾਜ਼ਰੀ ਲਗਵਾਈ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ੍ਰ. ਸ਼ਾਮ ਸਿੰਘ ਜੀ ਵੱਲੋਂ ਸਿਰੋਪਾਉ ਦੇ ਕੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
Bhuat wadia jankari wali report hai