ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ‘ਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਬ੍ਰਿਟੇਨ ਦੇ ਥੈਟਫ਼ੋਰਡ ਪੁਰਾਤਨ ਅਜਾਇਬਘਰ ਤੋਂ ਕੇਰੇਨ ਐਮਾ ਵਾਈਟ ਪਹੁੰਚੀ।ਉਨ੍ਹਾਂ ਨੂੰ ਸ। ਇਕਬਾਲ ਸਿੰਘ ਐਡੀਸ਼ਨਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ਸੰਨ ੧੯੫੮ ਵਿੱਚ ਸਥਾਪਿਤ ਕੀਤਾ ਗਿਆ।੧੯੫੬ ਤੋਂ ਲੈ ਕੇ ਹੁਣ ਤੱਕ ੭੦੦ ਤੋਂ ਵੱਧ ਹੱਥ ਨਾਲ ਤਿਆਰ ਚਿੱਤਰ ਕੇਂਦਰੀ ਸਿੱਖ ਅਜਾਇਬਘਰ ਵਿਚ ਮੋਜੂਦ ਹਨ ਜਿਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਬਾਰੇ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਕੌਮ ਦੇ ਧਾਰਮਿਕ, ਸੇਵਾ ਭਾਵਨਾ ਅਤੇ ਜੁਰਮ ਦਾ ਸਾਹਮਣਾ ਕਰਦੇ ਹੋਏ ਦੂਸਰੇ ਪ੍ਰਤੀ ਆਪਣਾ ਜੀਵਨ ਕੁਰਬਾਨ ਕਰਦੇ ਹੋਏ ਸ਼ਹੀਦਾਂ ਦੀਆਂ ਤਸਵੀਰਾਂ ਆਦਿ ਮੌਜੂਦ ਹਨ।ਇਨ੍ਹਾਂ ਚਿੱਤਰਾਂ ਨੂੰ ਚਿੱਤਰਕਾਰ ਸ. ਸੋਭਾ ਸਿੰਘ, ਸ. ਕ੍ਰਿਪਾਲ ਸਿੰਘ, ਸ. ਠਾਕਰ ਸਿੰਘ, ਮਾਸਟਰ ਗੁਰਦਿੱਤ ਸਿੰਘ, ਸ੍ਰੀ ਬੋਧਰਾਜ, ਸ. ਅਮਰ ਸਿੰਘ, ਸ. ਮੇਹਰ ਸਿੰਘ, ਸ. ਦਵਿੰਦਰ ਸਿੰਘ, ਸ. ਅਮੋਲਕ ਸਿੰਘ, ਸ. ਭੁਪਿੰਦਰ ਸਿੰਘ, ਸ. ਗੁਰਵਿੰਦਰਪਾਲ ਸਿੰਘ ਅਤੇ ਸ. ਸੁਖਵਿੰਦਰ ਸਿੰਘ ਆਦਿ ਨੇ ੧੯੫੬ ਤੋਂ ਲੈ ਕੇ ਅੱਜ ਤੱਕ ਤਿਆਰ ਕਰਦੇ ਹੋਏ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾਇਆ ਹੈ।ਉਨ੍ਹਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਕੰਗਾ, ਗਾਤਰਾ, ਕਟਾਰ, ਕਮਰਕਸਾ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਕਟਾਰ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਦਸਤਾਰ ‘ਚ ਸਜਾਉਣ ਵਾਲੇ ਚੱਕਰ, ਬਾਬਾ ਆਲਾ ਸਿੰਘ ਜੀ ਦਾ ਤੀਰ ਕਮਾਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਕ੍ਰਿਪਾਨ, ਭਾਈ ਮਹਿਤਾਬ ਸਿੰਘ ਜੀ ਦੀ ਕ੍ਰਿਪਾਨ, ਪੁਰਾਤਨ ਸਿੱਕੇ, ਹੱਥ ਲਿਖਤਾਂ, ਪੁਰਾਤਨ ਖੜਤਾਲਾਂ, ਸਾਰੰਗੀ, ਜੋੜੀ-ਧਾਬਾਂ, ਕ੍ਰਿਪਾਨ-ਖੰਡੇ ਤੋਂ ਇਲਾਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਚਾਂਦੀ ਦੀਆਂ ਸ਼ਮਿਆਨੇ ਵਾਲੀਆਂ ਪੁਰਾਤਨ ਚੌਬਾ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁੱਲ ਉਪਰ ਚਾਨਨੀਆਂ ਲਗਾ ਕੇ ਸੰਗਤਾਂ ਲਈ ਛਾਂ ਕੀਤੀ ਜਾਂਦੀ ਸੀ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੈਡਮ ਕੇਰੇਨ ਐਮਾ ਵਾਈਟ ਨੇ ਗੱਲਬਾਤ ਦੌਰਾਨ ਕਿਹਾ ਕਿ ਬ੍ਰਿਟਿਸ਼ ਕੌਂਸਲ ਵੱਲੋਂ ਆਗਿਆ ਮਿਲਣ ‘ਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹਨ।ਉਨ੍ਹਾਂ ਕਿਹਾ ਕਿ ਮੇਰੀ ਇਸ ਯਾਤਰਾ ਦਾ ਮੁਖ ਮਕਸਦ ਸਿੱਖ ਮਿਊਜ਼ੀਅਮ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਹੈ।ਉਨ੍ਹਾਂ ਦੱਸਿਆ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਬ੍ਰਿਟਿਸ਼ ਲੋਕਾਂ ਨੂੰ ਸਿੱਖਾਂ ਨਾਲ ਆਪਣੇ ਰਿਸ਼ਤੇ ਬਾਰੇ ਪਤਾ ਚੱਲੇ ਤਾਂ ਕਿ ਆਪਸੀ ਸਬੰਧਾਂ ‘ਚ ਹੋਰ ਮਜ਼ਬੂਤੀ ਆਏ।ਉਨ੍ਹਾਂ ਕਿਹਾ ਮੈਂ ਚਾਹੁੰਦੀ ਹਾਂ ਕਿ ਥੈਟਫ਼ੋਰਡ ਅਜਾਇਬਘਰ ਦਾ ਹੋਰਨਾਂ ਇਤਿਹਾਸਕ ਅਜਾਇਬਘਰਾਂ ਨਾਲ ਅਜਿਹਾ ਸੰਪਰਕ ਕਾਇਮ ਹੋਏ ਕਿ ਬਹੁਮੁੱਲੀ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਹਮੇਸ਼ਾ ਜਾਰੀ ਰਹੇ।ਇਸ ਮੌਕੇ ਸ. ਗੁਰਬਚਨ ਸਿੰਘ ਮਾਈਆ ਸਾਬਕਾ ਮੀਤ ਸਕੱਤਰ, ਸ. ਭੁਪਿੰਦਰ ਸਿੰਘ ਹਿਸਟੋਰੀਅਨ ਯੂ.ਕੇ, ਸ. ਰਣਜੀਤ ਸਿੰਘ ਫ਼ਿਲਮ ਮੇਕਰ, ਸ. ਸੁਖਦੇਵ ਸਿੰਘ, ਸ. ਦਮਨਦੀਪ ਸਿੰਘ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੇ ਸ. ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।