ਨਵੀਂ ਦਿੱਲੀ- ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀਵਾਸੀਆਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਨਿਭਾਉਣ ਦੀ ਤਿਆਰੀ ਕਰ ਲਈ ਹੈ। ਦਿੱਲੀ ਵਿੱਚ ਬਿਜਲੀ ਦੇ ਰੇਟ ਅੱਧੇ ਹੋਣ ਜਾ ਰਹੇ ਹਨ। ਵਾਅਦੇ ਅਨੁਸਾਰ 400 ਯੂਨਿਟ ਤੱਕ ਬਿਜਲੀ ਦੀ ਕੀਮਤ ਅੱਧੀ ਹੋ ਜਾਵੇਗੀ। ਪਾਣੀ ਵੀ 20 ਹਜ਼ਾਰ ਲਿਟਰ ਤੱਕ ਮੁਫ਼ਤ ਦਿੱਤਾ ਜਾਵੇਗਾ।
ਉਪ ਮੁੱਖਮੰਤਰੀ ਮਨੀਸ਼ ਸਿਸੌਦੀਆ ਨੇ ਦੱਸਿਆ ਕਿ ਇਹ ਨਵੀਆਂ ਦਰਾਂ ਇੱਕ ਮਾਰਚ ਤੋਂ ਲਾਗੂ ਹੋ ਜਾਣਗੀਆਂ। ਉਨ੍ਹਾਂ ਅਨੁਸਾਰ ਦਿੱਲੀਵਾਸੀ ਬਿਜਲੀ ਅਤੇ ਪਾਣੀ ਦੀਆਂ ਵੱਧੀਆਂ ਕੀਮਤਾਂ ਕਾਰਨ ਬਹੁਤ ਪਰੇਸ਼ਾਨ ਸਨ ਅਤੇ ਹੁਣ ਉਨ੍ਹਾਂ ਨੂੰ ਰਾਹਤ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ ਰਾਜਧਾਨੀ ਦੇ 36 ਲੱਖ ਪਰੀਵਾਰਾਂ ਨੂੰ ਲਾਭ ਹੋਵੇਗਾ।
ਦਿੱਲੀ ਵਿੱਚ 400 ਯੂਨਿਟ ਤੋਂ ਘੱਟ ਬਿਜਲੀ ਬਿੱਲ ਤੇ 50 ਫੀਸਦੀ ਸਬਸਿਡੀ ਮਿਲੇਗੀ। ਇਸ ਨਾਲ 90% ਜਨਤਾ ਨੂੰ ਲਾਭ ਮਿਲੇਗਾ। 400 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨ ਤੇ ਪੂਰਾ ਬਿੱਲ ਭਰਨਾ ਹੋਵੇਗਾ। 200 ਯੂਨਿਟ ਤੱਕ ਦੋ ਰੁਪੈ ਪ੍ਰਤੀ ਯੂਨਿਟ ਦੇਣਾ ਹੋਵੇਗਾ। 201 ਤੋਂ 400 ਯੂਨਿਟ ਤੱਕ ਇਸਤੇਮਾਲ ਕਰਨ ਤੇ 2.98 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿੱਲ ਅਦਾ ਕਰਨਾ ਹੋਵੇਗਾ।ਸਿਸੌਦੀਆ ਨੇ 20 ਹਜ਼ਾਰ ਲਿਟਰ ਪਾਣੀ ਵੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ 18 ਲੱਖ ਪਰੀਵਾਰਾਂ ਨੂੰ ਲਾਭ ਮਿਲੇਗਾ।