ਨਵੀਂ ਦਿੱਲੀ – ਵਿੱਤਮੰਤਰੀ ਅਰੁਣ ਜੇਟਲੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੀ। ਨਿਜੀ ਇਨਕਮ ਟੈਕਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਸਿਰਫ਼ ਟਰਾਂਸਪੋਰਟ ਅਲਾਊਂਸ ਦੀ ਮੰਥਲੀ ਲਿਮਿਟ 800 ਰੁਪੈ ਤੋਂ ਵਧਾ ਕੇ 1600 ਰੁਪੈ ਕੀਤੀ ਗਈ ਹੈ। ਇਸ ਨਾਲ ਮੁਲਾਜ਼ਮ ਤੱਬਕੇ ਨੂੰ ਵੱਧ ਤੋਂ ਵੱਧ 240 ਰੁਪੈ ਦੀ ਸਲਾਨਾ ਟੈਕਸ ਛੋਟ ਦਾ ਲਾਭ ਮਿਲੇਗਾ। ਸਰਵਿਸ ਟੈਕਸ ਵਧਾ ਕੇ 14% ਕਰ ਦਿੱਤਾ ਗਿਆ ਹੈ। ਜਿਸ ਕਰਕੇ ਬਾਹਰ ਖਾਣਾ-ਪੀਣਾ, ਫੋਨ ਦੇ ਬਿੱਲ ਸਮੇਤ ਹੋਰ ਸਾਰੀਆਂ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਕਾਲੇ ਧੰਨ ਸਬੰਧੀ ਸਖਤ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਹੈ।
ਮੋਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਪਹਿਲੇ ਪੂਰਣ ਆਮ ਬੱਜਟ ਵਿੱਚ ਕਾਰਪੋਰੇਟ ਵਰਲੱਡ, ਪਿੰਡਾਂ ਅਤੇ ਗਰੀਬਾਂ ਦੇ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ ਪਰ ਮਿਡਲ ਕਲਾਸ ਨੂੰ ਕੋਈ ਵੀ ਖਾਸ ਰਾਹਤ ਨਹੀਂ ਦਿੱਤੀ ਗਈ। ਪਹਿਲਾਂ 30 ਲੱਖ ਤੋਂ ਉਪਰ ਦੀ ਆਮਦਨੀ ਤੇ 1% ਵੈਲਥ ਟੈਕਸ ਲਗਦਾ ਸੀ, ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ।ਕਾਰਪੋਰੇਟ ਟੈਕਸ ਪਹਿਲਾਂ 30% ਲਗਦਾ ਸੀ, ਜਿਸ ਨੂੰ ਘਟਾ ਕੇ 25% ਕਰ ਦਿੱਤਾ ਗਿਆ ਹੈ। ਇੱਕ ਕਰੋੜ ਤੋਂ ਵੱਧ ਦੀ ਇਨਕਮ ਤੇ 2% ਸਰਚਾਰਜ ਲਗਾਇਆ ਗਿਆ ਹੈ। ਜੇ ਰੈਸਟੋਰੈਂਟ ਦਾ ਬਿੱਲ 10000 ਰੁਪੈ ਹੋਵੇਗਾ ਤਾਂ ਉਸ ਉਪਰ 1400 ਰੁਪੈ ਸਰਵਿਸ ਟੈਕਸ ਲਗੇਗਾ ਅਤੇ ਉਸ ਉਪਰ 2% (280ਰੁਪੈ) ਸਰਚਾਰਜ ਦੇਣਾ ਹੋਵੇਗਾ।
ਅਰੁਣ ਜੇਟਲੀ ਦੇ ਇਹ ਬੱਜਟ ਭਾਸ਼ਣ ਬੈਠ ਕੇ ਪੜ੍ਹਿਆ। ਉਨ੍ਹਾਂ ਦੇ ਭਾਸ਼ਣ ਦੇ ਸ਼ੂਰੂ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਹੇਠਾਂ ਡਿੱਗਿਆ। ਵਿਰੋਧੀ ਦਲਾਂ ਵੱਲੋਂ ਇਸ ਬੱਜਟ ਨੂੰ ਪੂਰੀ ਤਰ੍ਹਾਂ ਨਾਲ ਕਾਰਪੋਰੇਟ ਅਤੇ ਉਦਯੋਗਪਤੀਆਂ ਨੂੰ ਲਾਭ ਦਿਵਾਉਣ ਵਾਲਾ ਦੱਸਿਆ ਗਿਆ ਹੈ। ਆਮ ਆਦਮੀ ਲਈ ਇਸ ਬੱਜਟ ਵਿੱਚ ਕੁਝ ਵੀ ਨਹੀਂ ਹੈ।