ਜਮੂੰ – ਪੀਡੀਪੀ ਨੇਤਾ ਮੁਫ਼ਤੀ ਮੁਹੰਮਦ ਸਈਅਦ ਨੇ ਐਤਵਾਰ ਨੂੰ ਜਮੂੰ ਯੂਨੀਵਰਿਸਟੀ ਦੇ ਜਨਰਲ ਜੋਰਾਵਰ ਸਿੰਘ ਆਡੀਟੋਰੀਅਮ ਵਿੱਚ ਜਮੂੰ-ਕਸ਼ਮੀਰ ਦੇ 12ਵੇਂ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਬੀਜੇਪੀ ਦੇ ਨਿਰਮਲ ਸਿੰਘ ਰਾਜ ਦੇ ਉਪ ਮੁੱਖ ਮੰਤਰੀ ਬਣੇ। ਮੁਫ਼ਤੀ ਦੀ ਅਗਵਾਈ ਵਿੱਚ ਬਣਨ ਵਾਲੀ ਇਹ ਰਾਜ ਵਿੱਚ ਪੀਡੀਪੀ-ਬੀਜੇਪੀ ਦੀ ਪਹਿਲੀ ਸਰਕਾਰ ਹੈ।
ਸਈਅਦ ਦੂਸਰੀ ਵਾਰ ਜਮੂੰ-ਕਸ਼ਮੀਰ ਦੇ ਮੁੱਖਮੰਤਰੀ ਬਣੇ ਹਨ। ਇਸ ਤੋਂ 10 ਸਾਲ ਪਹਿਲਾਂ ਵੀ ਉਹ ਮੁੱਖਮੰਤਰੀ ਬਣੇ ਸਨ। ਪੀਡੀਪੀ ਵੱਲੋਂ 12 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਵੱਖਵਾਦੀ ਸੋਚ ਛੱਡ ਕੇ ਰਾਜਨੀਤੀ ਵਿੱਚ ਸ਼ਾਮਿਲ ਹੋਏ ਸਜਾਦ ਲੋਨ ਨੂੰ ਵੀ ਮੰਤਰੀ ਪਦ ਨਾਲ ਨਿਵਾਜਿਆ ਗਿਆ। ਸਜਾਦ ਗਨੀ ਲੋਨ ਨੂੰ ਬੀਜੇਪੀ ਦੇ ਕੋਟੇ ਵਿੱਚੋਂ ਮੰਤਰੀ ਬਣਾਇਆ ਗਿਆ। ਇਸ ਸਹੁੰ ਚੁੱਕ ਸਮਾਗਮ ਦੌਰਾਨ ਰਾਜ ਵਿੱਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ।