ਲੁਧਿਆਣਾ – ਆਮ ਆਦਮੀ ਪਾਰਟੀ ਲੁਧਿਆਣਾ ਵਲੋਂ ਆਪ ਦੇ ਪ੍ਰਵਕਤਾ ਸ. ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ ਅਤੇ ਹਲਕਾ ਦਾਖਾ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਹ ਰੈਲੀ ਪਿੰਡ ਜਾਂਗਪੁਰ ਤੋਂ ਸ਼ੁਰੂ ਹੋਈ, ਜਿੱਥੇ ਨਸ਼ਿਆਂ ਦਾ ਸ਼ਿਕਾਰ ਹੋਣ ਕਰਕੇ 33 ਲੋਕਾਂ ਦੀ ਮੌਤ ਹੋ ਗਈ ਸੀ।
ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਅਤੇ ਫੂਲਕਾ ਨੇ ਰੁੜਕਾ, ਪਮਾਲ, ਪਮਾਲੀ, ਛੋਕਰਾਂ, ਖੰਡੂਰ, ਮੋਹੀ, ਸਹੌਲੀ ਹੁੰਦਿਆਂ ਹੋਇਆਂ ਢੈਪਈ ਤੱਕ ਸਾਇਕਲਿੰਗ ਕਰਕੇ ਰੈਲੀ ਨੂੰ ਸਮਾਪਤ ਕੀਤਾ।
ਹਰ ਇੱਕ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਸ. ਫੂਲ਼ਕਾ ਨੂੰ ਸੁਣਨ ਲਈ ਆਏ ਅਤੇ ਨਿੱਘਾ ਸਵਾਗਤ ਕੀਤਾ। ਲੋਕਾਂ ਨੇ ਫੂਲਕਾ ਨਾਲ ਆਪਣੇ ਵੀਚਾਰ ਵੀ ਸਾਂਝੇ ਕੀਤੇ। ਫੂਲਕਾ ਨੇ ਲੋਕਾਂ ਨੂੰ ਇੱਕਜੁਟ ਹੋ ਕੇ ਨਸ਼ਿਆਂ ਦੀ ਲਾਹਨਤ ਨੂੰ ਦੂਰ ਕਰਨ ਲਈ ਬੇਨਤੀ ਕੀਤੀ। ਲੋਕਾਂ ਨੇ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਕੇ ਇਕ ਖੁਸ਼ਹਾਲ ਪੰਜਾਬ ਦੀ ਮੁੜ ਸਥਾਪਨਾ ਕਰਨ ਦਾ ਪੁਰਜ਼ੋਰ ਸਮਰਥਨ ਕੀਤਾ। ਇਹਨਾਂ ਗੱਲਾਂ ਦਾ ਨੋਜਵਾਨਾਂ ਤੇ ਏਨਾ ਪ੍ਰਭਾਵ ਪਿਆ ਕਿ ਉਹਨਾਂ ਨੇ ਆਪਣੇ ਸਾਇਕਲ ਲਿਆ ਕੇ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਹ ਰੋਡ ਸ਼ੋਅ ਇਕ ਵਿਸ਼ਾਲ ਸਾਇਕਲ ਰੈਲੀ ਦੇ ਵਿੱਚ ਤਬਦੀਲ ਹੋ ਗਿਆ।
ਸ. ਫੂਲਕਾ ਨੇ ਹਰੇਕ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਭਾਈ ਭਤੀਜਾਵਾਦ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਰਗੀਆਂ ਲਾਹਨਤਾਂ ਕਰਕੇ ਬਰਬਾਦ ਹੋ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦੀਆਂ ਜੜਾਂ ਦੀ ਗਹਿਰਾਈ ਵੀ.ਵੀ.ਆਈ.ਪੀ ਕਲਚਰ ਤੋਂ ਹੀ ਪ੍ਰਤੱਖ ਹੈ ਅਤੇ ਇਸ ਦਾ ਵਿਰੋਧ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਮਿਤੀ 29 ਤੇ 30 ਮਾਰਚ 2015 ਨੂੰ ਇੱਕ ਵਿਸ਼ਾਲ ਸਾਇਕਲ ਰੈਲੀ ਕੱਢੀ ਜਾਵੇਗੀ। ਲੋਕਾਂ ਨੇ ਸ. ਫੂਲਕਾ ਨੂੰ ਯਕੀਨ ਦਿਵਾਇਆ ਕਿ ਉਹ ਵੀ.ਵੀ.ਆਈ.ਪੀ ਕਲਚਰ ਖਤਮ ਕਰਨ ਲਈ ਵੱਡੀ ਸੰਖਿਆ ਵਿੱਚ ਇਸ ਸਾਈਕਲ ਰੈਲੀ ਵਿੱਚ ਸ਼ਾਮਿਲ ਹੋਣਗੇ।