ਰੋਹੀ-ਖੇਤਾਂ ਦਾ ਵਿਚਾਰ ਸੀ –ਅੈਤਕੀਂ ਕਾਲੀ ਬੇਈਂ ਜ਼ਰੂਰ ਚੜ੍ਹ ਵਰਖਾ ਵਾਧੂ ਹੋਈ ਐ । ਚਿੱਟੀ ਤਾਂ ਊਂ ਵੀ ਕੰਡੀ ਦੇ ਅੰਨ ਪੈਰਾਂ ‘ਚੋਂ ਨਿਕਲਦੀ ਹੋਣ ਕਰ ਕੇ , ਥੋੜੇ ਜਿਹੇ ਛਿੱਟ ਛਰਾਟੇ ਨਾਲ ਈ ਉਲਾਰ ਹੋ ਤੁਰਦੀ ਐ । ਉਹ ਕਈ ਸਾਰੇ ਨਿੱਕੇ-ਵੱਡੇ ਸ਼ਹਿਰਾਂ-ਕਸਬਿਆਂ ਦੇ ਗੰਦੇ-ਪਾਣੀਆਂ ਨੂੰ ਸਮੇਟਦੀ ਵੀ ਕਦੀ ਸੋਕੇ ਦਾ ਮੂੰਹ ਨਈਂ ਦੇਖਦੀ । ਪਰ ਕਾਲੀ ਤਾਂ ਸੀਰੋਆਲ ਦੇ ਛੰਭਾਂ ‘ਚੋਂ ਨਿਕਲਦੀ ਤਾਂ ਈ ਬਣਦੀ-ਫਬਦੀ ਰਹਿ ਸਕਦੀ ਐ ਜੇ ਉੱਪਰ-ਆਲੇ ਦੀ ਫੁੱਲ ਕਿਰਪਾ ਹੋਵੇ । ਨਹੀਂ ਤਾਂ ਬੇਟ ਦੀਆਂ ਬੰਬੀਆਂ ਇਸ ਦਾ ਤ੍ਰਾਣ ਧੂਹ ਕੇ ਕਣਕਾਂ-ਝੋਨਿਆਂ ਦੇ ਖੱਤਿਆਂ ਅੰਦਰ ਖਿਲਾਰ ਦਿੰਦੀਆਂ ਹਨ ਅਤੇ ਇਹ ਬਿਚਾਰੀ ਸਾਰਾ ਸਿਆਲ ਡੰਗਰਾਂ ਦੇ ਪੈਰਾਂ ਹੇਠ ਲਿਤਾੜ ਹੁੰਦੀ , ਰੇਗਸਤਾਨ ਵਰਗੀ ਹੋਣੀ ਹੰਢਾਉਂਦੀ ਰਹਿੰਦੀ ਐ ।
ਮੈਰਾ-ਖੇਤਾਂ ਦਾ ਵਿਚਾਰ ਸੀ –‘ਐਤਕੀਂ ਕਾਲੀ ਬੇਈ ਫੇਰ ਨਹੀਂ ਚੜੂਗੀ,ਕਿਉਂਕਿ ਕੰਡੀ ਦੀ ਰੋੜ੍ਹ ਤੋਂ ਉਤਰਨ ਵਾਲੇ ਪਾਣੀ ਨੂੰ ਬੰਨ੍ਹ ਕੇ ਵੱਡੇ-ਚੋਅ ਅੰਦਰ ਸੁੱਟ ਲਿਆ ਗਿਆ ਆ । ਚੋਅ ਦੇ ਦੋਨੇਂ ਕੰਢਿਆਂ ਦੁਆਲੇ ਰੈਮਪ ਉਸਾਰ ਦਿੱਤੇ ਆ । ਰੈਮਪਾਂ ਨੂੰ ਕਾਹੀਆਂ-ਬੂਝਿਆਂ ਨਾਲ ਜਕੜ ਦਿੱਤਾ ਗਿਆ ਆ । ਇਸ ਤਰ੍ਹਾਂ ਦਾ ਫਾਲਤੂ ਪਾਣੀ ਵੀ ਪਿਛਾਂਹ ਦਾ ਪਿਛਾਂਹ ਹੀ ਡੱਕਿਆ ਰਹਿਣਾ ,ਛੰਭਾਂ ਤੱਕ ਕਦਾਚਿੱਤ ਨਈਂ ਪਹੁੰਚ ਸਕਣਾ । ਉਹਦੇ ਛੰਭਾਂ ਹੇਠਲੇ ਪਤਣਾਂ ਦੀਆਂ ਸੀਰਾਂ ਵੀ ਸੇਮ ਨਾਲ੍ਹਿਆਂ ਰਾਹੀਂ ਧੂਹ ਕੇ ਸਿੱਧਿਆਂ ਦਰਿਆ ਬੁਰਦ ਕਰ ਦਿੱਤੀਆਂ ਗਈਆਂ ਆ । ਇਸ ਲਈ ਇਹ ਪੱਥਰ ਤੇ ਲੀਕ ਆ ਕਿ ਏਨੀ ਵਰਖਾ ਹੋਣ ਦੇ ਬਾਵਜੂਦ ਵੀ ਕਾਲੀ ਬੇਈਂ ਨਹੀਂ ਬੜ੍ਹੇਗੀ ,ਹਰਗਿਜ਼ ਨਹੀਂ ਚੜ੍ਹੇਗੀ ।
ਬੰਜਰ ਖੇਤਾਂ ਦਾ ਵਿਚਾਰ ਸੀ –ਕਾਦਰ ਦੀ ਕੁਦਰਤ ਦਾ ਕੀ ਭਰੋਸਾ ਭਾਈ ! ਕਦੀ ਪਤਣਾਂ ਦੇ ਤੱਲ ਵੀ ਸੁੱਕੇ ਆ ! ਮੀਹਾਂ ਦਾ ਪਾਣੀ ਜਿੱਥੋਂ ਦੀ ‘ਕੇਰਾ ਲੰਘ ਗਿਆ ਹੋਵੇ, ਮੁੜ ਕਦੀ ਨਾ ਕਦੀ ਉਸ ਰਾਹੇ ਜ਼ਰੂਰ ਲੰਘਦਾ ਆ ।
ਇਉਂ ਹਜ਼ਾਰਾਂ ਮੀਲ ਲੰਮੇਂ ਚੌੜੇ ਬੰਜਰ-ਬੇਲੇ ਅਚੇਤ ਰੂਪ ਵਿੱਚ ਭਾਵੇਂ ਕਾਲੀ ਦਾ ਹੀ ਸਮਰਥਨ ਕਰਦੇ ਸਨ , ਪਰ ਚਿੱਟੀ ਬੇਈਂ ਦੇ ਉਪਜਾਊ ਕਦਰਦਾਨਾਂ ਦੀ ਮਿਣਤੀ ਘੱਟ ਹੋਣ ਤੇ ਵੀ ਗਿਣਤੀ ਵੱਧ ਬਣਦੀ । ਉੱਚੀ ਕੰਢੀ ਦੀ ਰੋੜ੍ਹ,ਗੰਦੇ-ਨਾਲ੍ਹਿਆਂ ਦਾ ਖਾਦ-ਗ੍ਰਸਤ ਪਾਣੀ,ਸਬਜ਼ੀਆਂ –ਭਾਜੀਆਂ ਦੀਆਂ ਵੱਟਾਂ ,ਬੀਜਾਂ-ਪਨੀਰੀਆਂ ਦੇ ਕਿਆਰੇ –ਕਿਆਰੀਆਂ ਸਭ ਚਿੱਟੀ ਦੇ ਹੀ ਪੱਕੇ-ਠੱਕੇ ਫਰਮਾਂ-ਬਰਦਾਰ ਸਨ । ਇਹ ਸਾਰੇ ਆਪਣੀ ਬੇਈਂ ਨੂੰ ਹਰਾ-ਭਰਾ ਰੱਖਣ ਲਈ ਕਈ ਵੱਡੇ ਛੋਟੇ ਉਪਾ ਕਰਦੇ ਸਨ-ਵਰਤ ਰਖਦੇ ਸਨ ,ਹਵਨ ਕਰਦੇ ਸਨ , ਦਿਲ ਖੋਲ੍ਹ ਕੇ ਜਲ-ਦਾਨ ਦਿੰਦੇ ਸਨ ਤੇ ਕਦੀ-ਕਦਾਈਂ ਬੁੱਢੇ ਦਰਿਆ ਦੇ ਕੱਚੇ ਬੰਨ੍ਹ ਨੂੰ ਜਾਣ-ਬੁਝ ਕੇ ਪਾੜ ਵੀ ਮਾਰ ਛੱਡਦੇ ਸਨ । ਇਸ ਪਾੜ ਨਾਲ ਭਾਵੇਂ ਕਈ ਵਸਦੇ ਘਰ ਉਜੜ ਜਾਂਦੇ , ਹਜ਼ਾਰਾਂ ਪਸ਼ੂਆਂ ਦੀਆਂ ਜਾਨਾਂ ਜਾਂਦੀਆਂ ,ਲੱਖਾਂ ਏਕੜ ਫਸਲਾਂ ਬਰਬਾਦ ਹੁੰਦੀਆਂ ,ਪਰ ਚਿੱਟੀ ਬੇਈਂ ਦੇ ਉਪਾਸ਼ਕ ਇਸ ਨੂੰ ਨੌਂ-ਬਰ-ਨੌਂ ਜਰੂਰ ਰੱਖੀ ਰੱਖਦੇ ।
ਗਿਣੇ-ਮਿੱਥੇ ਬਾਗ-ਬਗੀਚਿਆਂ ਦੀ ਰਾਏ ਸੀ –ਚਿੱਟੀ ਬੇਈਂ ਦਾ ਨਾਂ ਕਾਲੀ ਬੇਈਂ ਹੋਣਾ ਚਾਹੀਦਾ ਐ ਤੇ ਕਾਲੀ ਦਾ ਚਿੱਟੀ । ਗੱਲ ਉਹਨਾਂ ਦੀ ਵੀ ਠੀਕ ਜਾਪਦੀ ਸੀ । ਉਹ ਆਖਦੇ-ਕਾਲੀ ਬੇਈਂ ਦਾ ਨਿਰਮਲ ਜਲ ,ਧਰਤੀ-ਮਾਂ ਹੇਠਲੀਆਂ ਸੀਰਾਂ ‘ਚੋਂ ਨਿਕਲਦਾ ਸਾਫ਼ ਅਤੇ ਸੁਅੱਛ ਹੁੰਦਾ ਤੇ ਚਿੱਟੀ ਦਾ ਪਾਣੀ ਗੰਦੇ ਨਾਲ੍ਹਿਆਂ ਦੀ ਕਾਲੀ ਰੰਗਤ ਦਾ ਮਾਰਿਆ ,ਗੰਧਲਾ । ਪਰ ,ਹੁਣ ਇਹ ਨਾਂ ਬਦਲੀ ਕਿਵੇਂ ਹੋ ਸਕਦੀ ਸੀ । ਪੁਸ਼ਤਾਂ ਤੋਂ ਪਈ ਅੱਲ ਨੂੰ ਕਿਵੇਂ ਬਦਲਿਆ ਜਾ ਸਕਦਾ ਸੀ , ਪਰ ਉਹਨਾਂ ਗਿਣੇ-ਮਿੱਥੇ ਖੇਤਾਂ ਦੇ ਇਹ ਮੁਲਵਾਨ ਵਿਚਾਰ ਦੋਨਾਂ ਬੇਈਆਂ ਦੇ ਸਪਲਾਈ ਸੋਮਿਆਂ ਦੇ ਧਿਆਨ ਗੋਚਰੇ ਜ਼ਰੂਰ ਸਨ । ‘ਧਿਆਨ ਗੋਚਰੇ ਆਉਣ ਵਾਲੇ ਵਿਚਾਰਾਂ ਨੂੰ ਪ੍ਰਵਾਨ ਕਰ ਲੈਣ ਦੀ ਗੁੰਜਾਇਸ਼ ਵੀ ਜ਼ਰੂਰ ਹੁੰਦੀ ਐ – ਬਸ ਇਸੇ ਆਸ ਤੇ ਗਿਣੇ-ਮਿੱਥੇ ਬਾਗ-ਬਗੀਚੇ ਜੀਅ ਰਹੇ ਸਨ । ਜੀਅ ਹੀ ਨਹੀਂ ਰਹੇ ਸਨ, ਸਗੋਂ ਕਮਰ-ਕੱਸੇ ਕਰ ਕੇ ਆਪਣੀ ਮਹਿਕ ਦਾ ਛੱਟਾ ਕਾਲੀ ਤੇ ਚਿੱਟੀ ਬੇਈਂ ਕੇ ਕੰਢਿਆਂ ਦੁਆਲੇ ਵਸੇ ਬੇਟਾਂ ਅੰਦਰ ਖਿਲਾਰ ਰਹੇ ਸਨ ।…..ਤੇ ਜਦ ਉਹਨਾਂ ਦੇ ਛੱਟੇ ਦੀ ਪਨੀਰੀ ਰਤਾ ਮਾਸਾ ਸਿਰ ਚੁਕਦੀ , ਇੰਦਰ ਦੇਵਤੇ ਨੂੰ ‘ਪੂਰਾ –ਦਿਆਲ ’ ਹੋਣ ਦਾ ਆਦੇਸ਼ ਦੇ ਦਿੱਤਾ ਜਾਂਦਾ । ਸਾਰੇ ਦਾ ਸਾਰਾ ਬੇਟ ਪਾਣੀ ਨਾਲ ਉੱਛਲ ਖਲੌਂਦਾ । ਪਨੀਰੀ ਲਿਤਾੜੀ ਜਾਂਦੀ । ਬੇਟ ਟਿੱਬੇ ਟੋਏ ਹੋ ਜਾਂਦਾ ,ਪਰੰਤੂ ਇਸ ਦਾ ਲਾਭ ਕਾਲੀ ਦੁਆਲੇ ਵਸਦੇ ਵੱਡੇ ਫਾਰਮਾਂ ਨੂੰ ਜ਼ਰੂਰ ਪਹੁੰਚਦਾ । ਕਾਲੀ ਲਹਿਰਾਂ-ਬਹਿਰਾਂ ਮਾਰਨ ਲਗਦੀ ਤੇ ਫਾਰਮਾਂ ਦੇ ਚਿਹਰੇ ਖਿੜ ਜਾਂਦੇ । ਕਮਾਦੀਆਂ ਝੂਮਣ ਲਗਦੀਆਂ ਤੇ ਨਰਮੇਂ ਟਹਿਕਣ ਲਗਦੇ । ਇਓਂ ਹਰੇ ਇਨਕਲਾਬ ਵਰਗੀ ਚਹਿਲ-ਪਹਿਲ ਦੇਖ ਕੇ ਗਿਣੇ-ਮਿਥੇ ਖੇਤਾਂ ਵਿਚੋਂ ਵੀ ਬਹੁ-ਗਿਣਤੀ ਤਾਂ ਇਥੋਂ ਤੱਕ ਸੋਚਣ ਲੱਗ ਪੈਂਦੀ –ਨਾਮਾਂ-ਛਾਮਾਂ ‘ਚ ਕੀ ਪਿਆ ਐ , ਕਾਲੀ ਹੋਵੇ ਜਾਂ ਚਿੱਟੀ ਗੱਲ ਤਾਂ ਹਮਦਰਦ ਬੇਈਂ ਨੂੰ ਚਾਲੂ ਰੱਖਣ ਦੀ ਐ …।
ਗੱਲਾਂ-ਗੱਲਾਂ ‘ਚ ਇਸ ਵਾਰ ਰੋਹੀ-ਖੇਤਾਂ ਨਈਂ ਸੱਚ ਘਟ-ਗਿਣਤੀ ਖੇਤਾਂ ਦੀ ਪਤਾ ਨਈਂ ਕਿਵੇਂ ਸੁਣੀ ਗਈ । ਸਾਰੀਆਂ ਰੋਕਾਂ-ਟੋਕਾਂ ਦੇ ਬਾਵਜੂਦ ਕਾਲੀ ਬੇਈਂ ਠਾਠਾਂ ਮਾਰਨ ਲੱਗ ਪਈ । ਇਹਦੀਆਂ ਛੱਲਾਂ ਇਹਦੇ ਸੁੱਕੇ ਕੰਢਿਆਂ ਨਾਲ ਨਖਰੇ ਕਰਦੀਆਂ ਲੰਘਣ ਲੱਗੀਆਂ । ਇਹ ਛੱਲਾਂ ਨਿਰੋਲ ਵਰਖਾ ਦੇ ਪਾਣੀ ਆਸਰੇ ਹੀ ਦਿਸਣ ਗੋਚਰੇ ਹੋਈਆਂ ਸਨ ਕਿਉਂਕਿ ਵੱਡੇ-ਚੋਅ ਨੂੰ ਮਾਰਿਆ ਬੰਨ੍ਹਾ ਵੀ ਬਦਸਤੂਰ ਕਾਇਮ ਸੀ । ਲੰਡੇ ਦਰਿਆ ਦੀ ਧੁੱਸੀ ਨੂੰ ਵੀ ਕਿਸੇ ਕਿਸਮ ਦਾ ਪਾੜ ਨਹੀਂ ਸੀ ਵੱਜਾ , ਫਿਰ ਵੀ ਕਾਲੀ ਬੇਈਂ ਚੜ੍ਹ ਆਈ ਸੀ –ਕੁਝ ਉਪਰਲੇ ਪਾਣੀ ਦੇ ਹੇਠਾਂ ਆਉਣ ਸਦਕਾ,ਕੁਝ ਹੇਠਲੇ ਪਾਣੀ ਦੇ ਉੱਪਰ ਚੜ੍ਹਨ ਕਾਰਨ ।
ਹੁਣ ਅਗਲੀ ਮਹੱਤਵ-ਪੂਰਨ ਮੰਗ ਕਾਲੀ ਬੇਈਂ ਨੂੰ ਹਰੀ-ਭਰੀ ਤੇ ਚਾਲੂ ਰੱਖਣ ਦੀ ਸੀ , ਪਰ ਇਸ ‘ਕੀਮਤੀ-ਮੰਗ’ ਬਾਸਮਤੀਆਂ ਨਾਲ ਭਰਪੂਰ ਹੋਏ ਛੰਭਾਂ ਵਲੋਂ ਬਿਲਕੁਲ ਨਹੀਂ ਉਭਾਰੀ ਗਈ , ਜਿੱਥੋਂ ਇਹ ਨਿਕਲਦੀ ਸੀ । ਕਿਉਂ ਜੋ ਛੰਭ ਤਾਂ ਆਖਿਰ ਛੰਭ ਈ ਹੁੰਦੇ ਹਨ । ਇਹ ਈ ਤਾਂ ਚਿੱਟੀਆਂ-ਕਾਲੀਆਂ ਬੇਈਂਆਂ ਦੀ ਜੰਮਣ-ਭੌਂ ਹੁੰਦੇ ਹਨ । ਉਹਨਾਂ ਨੂੰ ਚਾਲੂ ਰੱਖਣ,ਬੰਦ ਕਰਨ ਦੀ ਸਮਰੱਥਾ ਰੱਖਣਾ ਤਾਂ ਇਹਨਾਂ ਦਾ ਰਾਖਵਾਂ ਅਧਿਕਾਰ ਐ ।ਵਰ੍ਹਿਆਂ-ਛਿਮਾਈਆਂ ਬੱਧੀ ਔੜ ਵੀ ਇਹਨਾਂ ਦੇ ਬੁੱਲ੍ਹਾਂ ਦੇ ਸਿੜਕੀ ਨਹੀਂ ਲਿਆ ਸਕਦੀ ਅਤੇ ਤਾਬੜ –ਤੋੜ ਝੜੀਆਂ ਨਾਲ ਝੱਟ ਲੰਘਾਉਣਾ ਤਾਂ ਇਹਨਾਂ ਦੇ ਸੁਭਾ ਦਾ ਪਹਿਲਾ ਗੁਣ ਹੁੰਦਾ ਐ । ਸੋਕਾ ਹੋਵੇ ਤਾਂ ਡੋਬਾ ਇਹਨਾਂ ਛੰਭਾਂ ਦੀ ਹੋਣੀ ਕਦੀ ਨਈਂ ਡੋਲਦੀ । ਫਰਕ ਪੈਂਦਾ ਹੈ , ਦੂਰ-ਦੁਰਾਡੇ ਵੱਸਦੇ ਨਰਮੇਂ-ਕਮਾਦਾਂ ਦੇ ਫਾਰਮਾਂ ਨੂੰ , ਜਿਹੜੇ ਨਾਂਹ ਬਹੁਤਾ ਸੋਕਾ ਸਹਾਰਦੇ ਹਨ ਤਾਂ ਨਾ ਹੀ ਬਹੁਤੀ ਵਰਖਾ । ਸੋ ਕਾਲੀ ਨੂੰ ਜਿਊਂਦੀ ਰੱਖਣ ਦੀ ਮੰਗ ਵੀ ਪਹਿਲੋਂ ਉਹਨਾਂ ਫਾਰਮਾਂ ਨੇ ਹੀ ਉਭਾਰੀ ਜਿਹਨਾਂ ਦੀ ਟਹਿਲ ਸੇਵਾ ਇਹ ਵੱਧ ਤੋਂ ਵੱਧ ਕਰਦੀ ਸੀ ਜਾਂ ਕਰ ਸਕਦੀ ਸੀ ।
ਇਸ ਮੰਗ ਨੂੰ ਦੂਰ-ਦੁਰਾਡੇ ਰਹਿੰਦੇ ਕਿੱਲਿਆਂ –ਏਕੜਾਂ ਨੇ ਹੋਰ ਹਵਾ ਦਿੱਤੀ ਕਿਉਂਕਿ ਉਹ ਵੀ ਨਰਮੇਂ ਦੇ ਟੀਂਡਿਆਂ ਲਈ ਖਾਦ ਦਾ ਬੰਦੋਬਸਤ ਕਰਦੇ ਸਨ , ਕਮਾਦਾਂ ਦੇ ਬਰੋਟਿਆਂ ਲਈ ਕੀਟ-ਨਾਸ਼ਕ ਦੁਆਈਆਂ ਦਾ ਪ੍ਰਬੰਧ ਕਰਦੇ ਸਨ । ਉਹਨਾਂ ਨੇ ਰਲ-ਮਿਲ ਕੇ ਇਹ ਮਸਲਾ ਬਾਸਮਤੀਆਂ ਦੇ ਬੰਨ੍ਹਿਆਂ-ਖੱਤਿਆਂ ਦੇ ਕੰਨੀਂ ਇਸ ਢੰਗ ਨਾਲ ਅਪੜਦਾ ਕੀਤਾ ਕਿ ਉਹ ਭੋਲੇ ਪੰਛੀ ਇਸ ਨੂੰ ਵਕਾਰੀ-ਮੰਗ ਬਣਾ ਕੇ ਬੈਠ ਗਏ । ਉਹਨਾਂ ਕਾਲੀ ਬੇਈਂ ਨੂੰ ਚਾਲੂ ਰੱਖਣ ਲਈ ਆਪਣੇ ਸਾਰੇ ਸਿਆੜ ਝੌਂਕ ਦਿੱਤੇ । ਸਾਰੇ ਸਿਆੜਾਂ ਦਿਨ-ਰਾਤ ਇਕ ਕਰ ਦਿੱਤਾ । ਸਾਰੇ ਬੰਨ੍ਹਿਆਂ ਰੋੜ੍ਹ ਦੇ ਪਾਣੀਆਂ ਦੇ ਸਾਰਿਆਂ ਰਸਤਿਆਂ ਦੀ ਨਾਕਾਬੰਦੀ ਕਰਕੇ ਕਾਲੀ ਵਲ੍ਹ ਨੂੰ ਸੇਧ ਦਿੱਤੇ ਅਤੇ ਖੱਤੇ-ਖੱਤਿਆਂ ਨੇ ਤਾਂ ਸੀਰਾਂ ਦੀ ਭਾਲ ਕਰਨ ਲਈ ਛੰਭਾਂ ਦੇ ਪਾਤਾਲਾਂ ਤੱਕ ਟੁੱਭੀਆਂ ਮਾਰ ਘੱਤੀਆਂ । ਇਹਨਾਂ ਭੋਲਿਆਂ ਦੇ ਸਾਈਂ-ਸੁਭਾ ,ਬਹਾਦਰੀ ਭਰੇ ਕਾਰਨਾਮੇਂ ਦੇਖ ਕੇ ਕਾਲੀ ਪ੍ਰਸੰਨ –ਚਿੱਤ ਹੋ ਗਈ । ਨਰਮੇਂ ਦੇ ਫਾਰਮ ਚੜ੍ਹਦੀ ਕਲਾ ਦੇ ਫੁੰਕਾਰੇ ਮਾਰਨ ਲੱਗੇ । ਕਾਮਾਦੀਆਂ ਮਸਤੀ ਅੰਦਰ ਮੇਲ੍ਹ-ਮੇਲ੍ਹ ਤੁਰਨ ਲੱਗੀਆਂ । ਪਰੰਤੂ ਕਦੀ ਕਦੀ ਇਹਨਾਂ ਫਾਰਮਾਂ ਨੂੰ ਸੀਰੋਵਾਲ ਦੇ ਢਿੱਲੇ ਪੈ ਜਾਣ ਦਾ ਤੌਖਲਾ ਜ਼ਰੂਰ ਪ੍ਰੇਸ਼ਾਨ ਕਰਦਾ ਜਾਪਦਾ – ਕਿ ਕਾਲੀ ਕਰਮਾਂ –ਵਾਲੀ ਦੀ ਛੈਲ-ਛਬੀਲੀ ਚਾਲ ਨੂੰ ਕਿਧਰੋਂ ਬੁਰੀ ਨਜ਼ਰ ਦਾ ਪ੍ਰਛਾਵਾਂ ਨਾ ਮਾਰ ਜਾਏ ।
ਕਾਲੀ ਦੀ ਏਨੀ ਕੁ ਚੜ੍ਹਤ ਸੁਣ ਕੇ ਚਿੱਟੀ-ਬੇਈਂ ਦਾ ਕਾਲਜਾ ਉਹਦੇ ਮੂੰਹ ਅੰਦਰ ਆ ਫਸਿਆ । ਪਹਿਲਾਂ ਤਾਂ ਉਸ ਨੂੰ ਭਾਸਿਆ ਕਿ ਉਸ ਦੇ ਸੂਹੀਏ ਕਾਲੀ ਬੇਈਂ ਬਾਰੇ ਐਵੇਂ ਕਿਵੇਂ ਦੀਆਂ ਫੜ੍ਹਾਂ ਮਾਰਦੇ ਐ , ਪਰ ਸੀਰਾਂ ਦੇ ਬੇ-ਤਹਾਸ਼ਾ ਵਹਾ ਨੂੰ ਆਪਣੀ ਅੱਖੀਂ ਦੇਖ ਕੇ ਉਸ ਨੂੰ ਹਾਰਟ-ਅਟੈਕ ਹੋਣ ਵਰਗੀ ਵਿਵਸਥਾ ਆ ਬਣੀ । ਉਸ ਦਾ ਤੰਦਰੁਸਤ ਸੁਆਰਥ ਢਿੱਲਾ-ਢਿੱਲਾ ਜਿਹਾ ਦਿਸਣ ਲੱਗਾ । ਫਟਾ-ਫੱਟ ਉਸ ਨੇ ਆਪਣੇ ਸੋਮਾ ਮਹਿਕਮਿਆਂ ਦੀ ਹੰਗਾਮੀ ਮੀਟਿੰਗ ਸੱਦ ਲਈ । ਆਪਣੀ ਸਿਹਤ-ਯਾਬੀ ਲਈ ਡਾਕਟਰ ਅਮਲੇ ਦਾ ਖਾਸ ਪੈਨਲ ਬਣਾਇਆ । ਰੇਡੀਓ-ਟੀ.ਵੀ. ਨੂੰ ਵਿਸ਼ੇਸ਼ ਅਧਿਕਾਰਾਂ ਨਾਲ ਲੈਸ ਕਰਕੇ ਉਸ ਨੇ ਇਕ-ਟੁੱਕ ਆਦੇਸ਼ ਕੀਤਾ ਕਿ ਚਿੱਟੀ ਬੇਈਂ ਦੀਆਂ ਛੱਲਾਂ ਨੂੰ ਕੰਢਿਆਂ ਦੇ ਉੱਪਰੋਂ ਦੀ ਵਗਦਾ ਸਿੱਧ ਕਰਨ ਲਈ ,ਉਹ ਢੇਰ ਸਾਰੀਆਂ ਫਿਲਮਾਂ ਈਥਰ ਅੰਦਰ ਤਰਦੀਆਂ ਕਰ ਦੇਣ । ਆਬਕਾਰੀ ਮਹਿਕਮੇਂ ਨੂੰ ਖਾਸ ਹਦਾਇਤ ਕਰਕੇ ਉਸ ਨੇ ਆਖਿਆ ਕਿ ਉਹ ਆਪਣੇ ਸਾਰੇ ਖੂਹਾਂ,ਟਿਉਬਵੈਲਾਂ,ਨਹਿਰਾਂ ,ਸੂਇਆਂ ਦਾ ਸਾਰਾ ਪਾਣੀ ਚਿੱਟੀ ਬੇਈਂ ਅੰਦਰ ਲਿਆ ਸੁਟਣ । ਸਬਜ਼ੀਆਂ ,ਪਨੀਰੀਆਂ,ਬੀਜਾਂ,ਕਲਮਾਂ ਦੀਆਂ ਕਿਰਾਈਆਂ ਨੂੰ ਆਰਡੀਨੈਂਸ ਨਾਜ਼ਲ ਕਰਨ ਵਰਗੀ ਬੇਨਤੀ ਕਰ ਕੇ ਉਸ ਨੇ ਐਲਾਨ ਕੀਤਾ ਕਿ ਉਸ ਸਾਰੇ ਚਿੱਟੀ ਦੀ ਇੱਜ਼ਤ-ਆਬਰੂ ਦੀ ਰਾਖੀ ਕਰਨ ਖਾਤਰ ,ਇਕ ਅੱਧ ਮੌਸਮ ਦਾ ਵਰਤ ਰੱਖਣ ਤੋਂ ਵੀ ਗੁਰੇਜ਼ ਨਾ ਕਰਨ । ਮੌਸਮ ਵਿਭਾਗ ਨੂੰ ਚਿੱਟੀ ਨੇ ਖਾਸੁਲ-ਖਾਸ ਹਦਾਇਤ ਇਹ ਕੀਤੀ ਕਿ ਅੱਵਲ ਤਾਂ ਉਹ ਆਉਂਦੀ ਵਾਰ ਵਰਖਾ ਲਿਆਉਣ ਦੀ ਸੰਭਾਵਨਾ ਊਈਂ ਰੱਦ ਕਰ ਦਏ ਪਰ ਜੇ ਕਿਧਰੇ ਕਿਸੇ ਮਜਬੂਰੀ ਹਿੱਤ, ਉਸ ਨੂੰ ਥੋੜ੍ਹਾ ਬਹੁਤ ਝੂਠਾ-ਸੱਚਾ ਹੋਣਾ ਵੀ ਪਵੇ ਤਾਂ ਆਪਣੀ ਕਾਰਗੁਜ਼ਾਰੀ ਸਿਰਫ਼ ਛਿੱਟ-ਛਰਾਟੇ ਤੱਕ ਹੀ ਸੀਮਤ ਰੱਖੇ । ਮੌਸਮ-ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਫਾਲਿਨ ਕਰਕੇ ਚਿੱਟੀ ਨੇ ਉਸ ਦੇ ਕੰਨਾਂ ਦੇ ਐਨ ਲਾਗੇ ਮੂੰਹ ਕਰਕੇ , ਇਸ ਪੈਤੜੇ ਤੋਂ ਹੋਣ ਵਾਲਾ ਦੋ-ਪਰਤੀ ਲਾਭ ਉਸ ਨੂੰ ਸਹਿਜ ਨਾਲ ਸਮਝਾਇਆ – ਪਹਿਲਾਂ ਇਹ, ਕਿ ਥੋੜ੍ਹੀ ਜਿੰਨੀ ਰੋੜ੍ਹ ਨੂੰ ਤਾਂ ਉਹ ਆਪ ਹੀ ਸਮੇਟ ਕੇ ਕਾਲੀ ਤੱਕ ਪਹੁੰਚਣ ਤੋਂ ਰੋਕ ਲਵੇਗੀ । ਦੂਜੇ , ਕਾਲੀ ਨੂੰ ਟੀਟ ਵਿਖਾਉਣ ਦਾ ਉਸ ਨੂੰ ਨਵਾਂ ਅਵਸਰ ਪ੍ਰਾਪਤ ਹੋ ਜਾਵੇਗਾ ।
…ਤੇ ਸੱਚ-ਮੁੱਚ ਹੋਈ ਵੀ ਇਵੇਂ ਹੀ , ਚਿੱਟੀ ਦੀ ਚੜ੍ਹਤ ਦੇਖ ਕੇ ਕਾਲੀ ਨੂੰ ਪਿੱਸੂ ਪੈ ਗਏ । ਕਾਲੀ ਨੂੰ ਕਾਹਨੂੰ ਨਰਮੇਂ ਦੇ ਫਾਰਮਾਂ ਨੂੰ ਪਿੱਸੂ ਪੈ ਗਏ । ਉਹਨਾਂ ਦੇਖਿਆ ਕਿ ਕੰਢੀ-ਪਰਬਤਾਂ ਦਾ ਸਾਰਾ ਅਮਲਾ-ਫੈਲਾ ਚਿੱਟੀ ਪਿੱਛੇ ਭੁਗਤਣ ਲਈ ਲੰਗਰ-ਲੰਗੋਟੇ ਕੱਸੀ ਬੈਠਾ ਹੈ । ਕਿਆਰੀਆਂ-ਕਿਆਰੇ ,ਖਾਲ੍ਹੀਆਂ ਖਾਲਾਂ ਸਭ ਚਿੱਟੀ ਦੀ ਰਾਖੀ ਲਈ ਸੌਹਾਂ ਚੁੱਕੀ ਬੈਠੇ ਹਨ । ਉਂਝ ਚੜ੍ਹਦੀ ਬਾਹੀ ਹੋਣ ਕਰਕੇ , ਕੰਢੀ ਦੀ ਪਹਿਲੀ ਰੋੜ੍ਹ ਤਾਂ ਪਹਿਲਾਂ ਚਿੱਟੀ ਦੇ ਹੀ ਪੇਟੇ ਪੈਣੀ ਸੀ , ਪਰ..ਪਰ ਇਸ ਦਾ ਮਤਲਬ ਇਹ ਥੋੜ੍ਹਾ ਸੀ ਕਿ ਟੱਟ-ਪੂੰਜੀਏ ਜਿਹੇ ਕਿਆਰੇ-ਕਿਆਰੀਆਂ ਕਾਲੀ ਦੇ ਸਮਰਥਕਾਂ ਦੀ ਪਿੱਠ ਲਾਉਣ ਲਈ ਊਂਈ ਹਰਲ-ਹਰਲ ਕਰਦੇ ਫਿਰਨ ।
ਇਸ ਦੁਖਦੀ ਰਗ ਤੇ ਹੱਥ ਰੱਖ ਕੇ ਸਾਰੇ ਵੱਡੇ ਫਾਰਮਾਂ ਵੱਡੇ-ਵੱਡੇ ਸਿਰ ਜੋੜ ਲਏ । ਬੜੀਆਂ ਬਹਿਸਾਂ ਹੋਈਆਂ । ਕਈ ਤਰਕੀਬਾਂ ਸੋਚੀਆਂ ਗਈਆਂ । ਕਈ ਕਾਢਾਂ ਕੱਢੀਆਂ ਗਈਆਂ,ਪਰ ਇਕ ਕਾਢ ਜਿਹੜੀ ਸਭ ਨੇ ਦੋ ਦੋ ਹੱਥ ਖੜੇ ਕਰਕੇ ਪ੍ਰਵਾਨ ਕੀਤੀ – ਉਹ ਸੀਰ ਖੱਤਿਆਂ ਨੂੰ ਹੋਰ ਕੁਰਬਾਨੀਆਂ ਕਰਨ ਲਈ ਤਿਆਰ ਕਰਨ ਦੀ ਯੋਜਨਾ ਬਨਾਉਣਾ ਸੀ । ਵੱਡੇ ਸਿਰ ਭਲੀ ਭਾਂਤ ਜਾਣਦੇ ਸਨ – ਕਿ ਇੰਦਰ ਦੇਵਤੇ ਦਾ ਚਿੱਟੀ ਨਾਲ ਅੰਦਰ-ਖਾਤੇ ਅਹਿਦਨਾਮਾ ਚਲਦਾ ਐ । ਅੱਵਲ ਤਾਂ ਉਹ ਵਰਖਾ ਕਰਨ ਤੋਂ ਊਈਂ ਪਰਹੇਜ਼ ਕਰੇਗਾ , ਖਰ ਜੇ ਕਰਨੀ ਵੀ ਪਈ ਤਾਂ ਉਹ ਵੀ ਚਿੱਟੀ ਬੇਈਂ ਨੂੰ ਵਗਦੀ ਜੋਗੀ ਹੀ ਕਰੇਗਾ । ਪਰ ,ਜੇ ਕਿਧਰੇ ਭੁੱਲੇ-ਚੁੱਕੇ ਉਸ ਤੋਂ ਚਾਰ ਛਿੱਟਾਂ ਵਧ ਵੀ ਪੈ ਗਈਆਂ ਤਾਂ ਚੋਆਂ ਨੂੰ ਮਾਰੇ ਬੰਨ੍ਹੇ ਪਾਣੀ ਦਾ ਘੁੱਟ ਵੀ ਕਾਲੀ ਦੀ ਹੱਦਬਸਤ ਅੰਦਰ ਪ੍ਰਵੇਸ਼ ਨਹੀ ਹੋਣ ਦੇਣਗੇ । ਅਜਿਹੀ ਸੂਰਤ ਵਿੱਚ ਕਾਲੀ ਦਾ ਆਧਾਰ ਕੇਵਲ ਸੀਰਾਂ ਸਨ ,ਸੀਰਾਂ । ਸੀਰਾਂ ਹੀ ਉਸ ਦੀ ਜ਼ਿੰਦਗੀ ਤੇ ਸੀਰਾਂ ਦਾ ਬੰਦ ਹੋਣਾ ਉਸ ਦੀ ਮੌਤ । ਉਸ ਦੀ ਮੌਤ ਦਾ ਸਿੱਧਾ ਅਰਥ ਸੀ ਵੱਡੇ ਸਿਰਾਂ ,ਨਈਂ ਸੱਚ ਵੱਡੇ ਫਾਰਮਾਂ ਦੀ ਮੌਤ ।
ਇਉਂ ਢੇਰ ਸਾਰੀ ਘੈਸਮ-ਘੈਂਸ ਪਿਛੋਂ ਪਤਵੰਤੇ ਫਾਰਮਾਂ ਨੇ ਸਰਬ-ਪ੍ਰਵਾਨਿਤ ਸਿੱਟਾ ਇਹ ਕੱਢਿਆ ਕਿ ਹਰ ਹੀਲੇ ਸੀਰੋਵਾਲੀ ਖੱਤਿਆਂ ਨੂੰ ਕਾਇਮ ਰਖਿਆ ਜਾਵੇ । ਉਹਨਾਂ ਦੀ ਉਮਰ –ਦਰਾਜ਼ੀ ਲਈ ਅਰਦਾਸਾਂ ਕੀਤੀਆਂ ਜਾਣ । ਉਹਨਾਂ ਨੂੰ ਚੜ੍ਹਦੀ ਕਲਾ ‘ਚ ਰੱਖਣ ਲਈ ਲੰਗਰ ਹਵਨ ਜੋ ਕੁਝ ਵੀ ਸੰਭਵ ਹੋ ਸਕੇ ,ਕੀਤਾ ਜਾਵੇ । ਦੂਜੇ ਅਰਥਾਂ ਵਿੱਚ ਫਾਰਮ-ਸੰਮਤੀ ਵੱਲੋਂ ਪਾਸ ਹੋਏ ਗੁਰਮਤੇ ਦਾ ਸ਼ਪਸ਼ਟ ਅਰਥ ਇਹ ਸੀ ਕਿ ਸੀਰੋਵਾਲ ਦੇ ਸਾਰੇ ਖੱਤੇ ,ਅੱਗੋਂ ਤੋਂ ਬਾਸਮਤੀ ਦੀ ਬਜਾਏ ਆਪਣੀਆਂ ਕੁੱਖਾਂ ‘ਚੋਂ ਸੀਰਾਂ ਉਗਾਣ ,ਸਿਰਫ਼ ਸੀਰਾਂ । ਭਾਵ ਇਹ ਕਿ ਆਪਣੀ ਮੌਜੂਦਾ ਹੋਂਦ ਕੁਰਬਾਨ ਕਰਕੇ ਉਹ ਚਿੱਬ-ਖੜਿੱਬੇ ਟੋਏ ਬਣ ਜਾਣ । ਖੂਹ,ਡੁੰਮ,ਪਾੜਾਂ ਵਰਗੀ ਸ਼ਕਲ ਧਾਰਨ ਕਰਕੇ ਧੁਰ ਪਾਤਾਲ ਦੀ ਕੁੱਖ ਨੂੰ ਛਾਨਣੀ ਕਰ ਦੇਣ ।
-ਤੇ ਬਦਲੇ ਵਿੱਚ ਅਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਕਿਮੇਂ ਚੁਕਾਵਾਂਗੇ ? – ਇੱਕ ਸਿਆਣੇ ਫਾਰਮ ਮੂੰਹੋਂ ਇਹ ਸ਼ੰਕਾ ਪਤਾ ਨਈਂ ਕਿਵੇਂ ਆਪ-ਮੁਹਾਰੇ ਪ੍ਰਗਟ ਹੋ ਨਿਕਲੀ ।
-ਅਸੀ ਅਸੀ ਬਾਸਮਤੀਆਂ ਦੇ ਖੱਤਿਆਂ ਨੂੰ ਤਰੱਕੀਆਂ ਦੇ ਕੇ ਵੱਡੇ-ਵੱਡੇ ਖੇਤ ਬਣਾ ਦਿਆਂਗੇ । ਉਹਨਾਂ ਦੀਆਂ ਕੁਰਬਾਨੀਆਂ ਦੀ ਚਰਚਾ ਸਾਰੇ ਜਹਾਨ ਅੰਦਰ ਕਰਾਂਗੇ । ਉਹਨਾਂ ਦੇ ਸ਼ਾਨਾਂ-ਮੱਤੇ ਇਤਿਹਾਸ ਨੂੰ ਸੋਨ-ਸੁਨਹਿਰੀ ਪੰਨਿਆਂ ਅੰਦਰ ਅੰਕਤ ਕਰ ਕੇ ਸਮੁੱਚੀ ਕੌਮ ਨੂੰ ਸਮਰਪਤ ਕਰਾਂਗੇ । ਉਹਨਾਂ ਨੂੰ ਅਮਰ ਸ਼ਹੀਦਾਂ ਦਾ ਦਰਜਾ ਦਿਆਂਗੇ । ਚੌਂਕਾਂ,ਸੜਕਾਂ,ਰਾਜਧਾਨੀਆਂ ਦੇ ਨਾਂ ਉਹਨਾਂ ਬਹਾਦਰਾਂ ਦੇ ਨਾਵਾਂ ਨਾਲ ਜੋੜ ਕੇ ਰੱਖਾਂਗੇ ।
-ਭੁੱਖੇ ਢਿੱਡੀ ਉਹ ਐਡੀ ਕਠਿਨ ਤਪੱਸਿਆ ਕਿੰਨਾਂ ਕੁ ਚਿਰ ਕਰਦੇ ਰਹਿਗਣਗੇ –ਬਿਰਧ ਫਾਰਮ ਤੋਂ ਟੋਕਣੋਂ ਫਿਰ ਨਾ ਰਿਹਾ ਗਿਆ ।
-ਅਸੀਂ ਉਹਨਾਂ ਨੂੰ ਭੁੱਖਿਆਂ ਰਹਿਣ ਈ ਕਿਉਂ ਦੇਵਾਂਗੇ । ਅਸੀ ਐਨੇਂ ਸਾਰੇ ਫਾਰਮ ਕਾਹਦੇ ਲਈ ਜੀਉਂਦੇ ਆਂ । ਉਹਨਾਂ ਮਹਾਨ ਯੋਧਿਆਂ ਦੀਆਂ ਯਾਦਗਾਰਾਂ ਬਣਾਉਣ ਲਈ ਪਹਿਲ-ਕਦਮੀਂ ਕਰਾਂਗੇ । ਅਮਰ-ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਜੋੜ ਮੇਲੇ ਕਰਾਂਗੇ । ਆਈਆਂ ਸੰਗਤਾਂ ਦਿਲ-ਖੋਲ੍ਹ ਕੇ ਦਾਨ ਦੇਣਗੀਆਂ ਤੇ …ਤੇ ਸਰਦਾ ਬਣਦਾ ਦਸਵੰਧ ਅਸੀਂ ਆਪ ਵੀ ਕਢਾਂਗੇ । ਪ੍ਰਸ਼ਾਦ ਵਰਤਣਗੇ । ਅਟੁੱਟ ਲੰਗਰ ਚੱਲਣਗੇ ਤੇ ਓਨਾਂ ਚਿਰ ਚਲਦੇ ਹੀ ਰਹਿਣਗੇ ਜਿੰਨਾਂ ਚਿਰ ਤੱਕ ਸਾਰੇ ਸਿਰਲੱਥ ਮਰਜੀਵੜੇ ਚਿੱਟੀ ਬੇਈਂ ਦੇ ਨਾਸੀਂ ਦੰਮ ਨਹੀਂ ਕਰ ਮਾਰਦੇ ।
ਪਰ ,ਚਿੱਟੀ ਬੇਈਂ ਦੇ ਹੜ੍ਹ-ਪ੍ਰਵਾਹ ਨੂੰ ਅਸੀਂ ਕਿੱਦਾਂ ਰੋਕ ਸਕਾਂਗੇ ? ਗੰਦੇ-ਮੰਦੇ ਨਾਲ੍ਹਿਆਂ ਦੇ ਚੰਗੇ-ਮੰਦੇ ਪਾਣੀਆਂ ਨੂੰ ਅਸੀਂ ਕਾਲੀ ਬੇਈਂ ਦੇ ਪਵਿੱਤਰ-ਜਲ੍ਹ ਅੰਦਰ ਕਿਵੇਂ ਸਮੇਟ ਸਕਾਂਗੇ ?
ਕਿਉਂ ਨਈਂ ਸਮੇਟਾਂਗੇ ! ਜਿੰਦਗੀ ਮੌਤ ਦੀ ਲੜਾਈ ਅੰਦਰ ਸਭ ਕੁਝ ਵਾਜਿਬ ਹੁੰਦਾ ਐ ….। ਇਹ ਸਵਾਲ ਦੋ ਪਰਤੀ ਐ ਬਾਬਿਓ-ਇਕ ਹੈ ਆਪਣੀ ਬੇਈਂ ਨੂੰ ਸੁਰਜੀਤ ਕੀਤੀ ਰੱਖਣ ਦਾ , ਦੂਜਾ ਹੈ , ਦੂਜਿਆਂ ਦੀ ਬੇਈਂ ਨੂੰ ਤਹਿਸ-ਨਹਿਸ ਕਰਨ ਦਾ ।
ਤੇ ਬਸ ਫੇਰ ਕੀ ਸੀ । ਸਭ ਨਿੱਕੇ-ਵੱਡੇ ਫਾਰਮ ਬਾਸਮਤੀਆਂ ਦੇ ਖੱਤਿਆਂ ਦੇ ਛੰਭੀਂ ਪਹੁੰਚ ਗਏ । ਮਹਾਂ-ਦਿਵਸ ਮਨਾਏ ਗਏ । ਦਰਬਾਰ ਸਜਾਏ ਗਏ । ਖੱਤਿਆਂ ਦੀਆਂ ਵਾਰਾਂ ਗਾਈਆਂ ਗਈਆਂ । ਛੰਭਾਂ ਦੇ ਇਤਿਹਾਸ ਦਾ ਵਰਕਾ-ਵਰਕਾ ਸੁਰਜੀਤ ਕੀਤਾ ਗਿਆ । ਖੱਤਿਆਂ-ਛੰਭਾਂ ਨੂੰ ਸੰਸਾਰ ਭਰ ਦੇ ਮਹਾਨ ਯੋਧਿਆਂ ਦੀ ਸੂਚੀ ਅੰਦਰ ਅੰਕਿਤ ਕੀਤਾ ਗਿਆ । ਚਾਂਦੀ-ਸੋਨੇ ਰੰਗੇ ਤਮਗਿਆਂ-ਮੈਡਲਾਂ ਨਾਲ ਸਨਮਾਨਿਆਂ ਗਿਆ । ….ਇਹ ਗੱਲ ਨਈਂ ਕਿ ਜਾਨਦਾਰ-ਜਰਖੇਜ਼ ਖੱਤਿਆਂ ਨੇ ਰੋਹੀਲੇ-ਰੋਹੀ ਫਾਰਮਾਂ ਦੇ ਤੇਜ਼-ਤਰਾਰ ਭਾਸ਼ਣਾਂ ਦਾ ਅਸਰ ਨਹੀਂ ਕਬੂਲਿਆ । ਜ਼ਰੂਰ-ਬਰ-ਜਰੂਰ ਕਬੂਲਿਆਂ ਤੇ ਲੋੜੋਂ ਵੱਧ ਕਬੂਲਿਆ । ਪੂਰੇ ਜੋਸ਼ੋ-ਖਰੋਸ਼ ਨਾਲ ਉਹਨਾਂ ਪੈਂਦੀ ਸੱਟੇ ਕਾਲੀ ਬੇਈਂ ਦੀ ਜ਼ਿੰਦਾਬਾਦ ਕਰ ਮਾਰੀ ਤੇ ਚਿੱਟੀ ਬੇਈਂ ਦੀ ਮੁਰਦਾਬਾਦ ।
-ਇਹ ਜ਼ਿੰਦਾਬਾਦ-ਮੁਰਦਾਬਾਦ ਮੂੰਹ-ਜ਼ਬਾਨੀ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਕੁਝ ਨਾ ਕੁਝ ਪ੍ਰਤੱਖ ਰੂਪ ਵਿੱਚ ਸਾਹਮਣੇ ਵੀ ਆਉਣਾ ਚਾਹੀਦਾ ਐ – ਫਾਰਮ ਲੀਡਰ ਨੇ ਤਾਨ੍ਹਾ ਦੇਣ ਵਰਗੀ ਹੱਲਾ-ਸ਼ੇਰੀ ਦੇਂਦਿਆਂ ਇਕ ਸਿਰਕੱਢ ਖੱਤੇ ਦੀ ਕੰਡ ਥਾਪੜੀ । ਸਿਰ ਕੱਢ ਖੱਤੇ ਦੀਆਂ ਕੁੰਡੀਆਂ ਮੁੱਛਾਂ ਤੇ ਕਹਿਰਾਂ ਦਾ ਜੋਸ਼ ਟੱਪਕਣ ਲੱਗ ਪਿਆ । ਝੱਟ ਦੇਣੀ ਉਸ ਨੇ ਚਿੱਟੀ ਬੇਈਂ ਦੇ ਸਾਰੇ ਸਪਲਾਈ ਰੂਟਾਂ ਨੂੰ ਡੱਕਾਂ ਮਾਰਨ ਦਾ ਜੁੰਮਾਂ ਆਪਣੇ ਸਿਰ ਲੈ ਲਿਆ ।
ਵੱਡੇ ਫਾਰਮ ਬੇ-ਹੱਦ ਖੁਸ਼-ਖੁਸ਼ ਦਿਸਣ ਲੱਗੇ ।ਉਹਨੀਂ ਚਿੱਟੀ ਬੇਈਂ ਦੀ ਨਾਕਾਬੰਦੀ ਕਰਨ ਲਈ ਸਮਾਂ,ਤਾਰੀਖ ,ਥਾਂ ਅਪਣੀ ਸੁਵਿਧਾ ਅਨੁਸਾਰ ਨਿਸਚਤ ਕਰਵਾ ਲਈ ,ਪਰ ਫਿਰ ਵੀ ਚਿੱਟੀ ਦੇ ਕਈ ਗੁਪਤ-ਸੋਮੇਂ ਉਸ ਨੂੰ ਚਲਦੀ ਰੱਖਣ ਵਿੱਚ ਕਾਮਯਾਬ ਰਹੇ । ਵੱਡੇ ਫਾਰਮਾਂ ਦਾ ਤੌਖਲਾ ਹੋਰ ਵਧ ਗਿਆ । ਕਾਰਨ ਸਪਸ਼ਟ ਸਨ – ਨਾ ਤਾ ਚਿੱਟੀ ਨੂੰ ਬੰਜਰ ਹੋਈ ਦੇਖ ਸਕਣ ਦੀ ਉਹਨਾਂ ਦੀ ਲਾਲਸਾ ਪੂਰੀ ਹੋਈ ਸੀ ਤੇ ਨਾ ਹੀ ਕਾਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਰਗੀ ਵਿਵਸਥਾ ਤਸੱਲੀ ਬਖ਼ਸ਼ ਢੰਗ ਨਾਲ ਦ੍ਰਿਸ਼ਟੀਗੋਚਰ ਹੋਈ ਸੀ ।
-ਏਸ ਬਹੁਖ਼ਸਮੀ ਦੇ ਨੰਗੇ-ਚਿੱਟੇ ਸੋਮਿਆਂ ਦੇ ਸਿਰ ਕਲਮ ਕਰ ਕੇ ਜਰਨੈਲੀ ਸੜਕਾਂ ਤੇ ਖਿਲਾਰੇ ਜਾਣ,ਇਹਦੇ ਲੁਕਵੇਂ –ਗੁਪਤ ਸੋਮਿਆਂ ਅੰਦਰ ਜਬਰਦਸਤ ਦਹਿਸ਼ਤ ਫੈਲਾਉਣ ਲਈ ਗੁਰੀਲਾ ਅਟੈਕ ਕੀਤੇ ਜਾਣ – ਜੁਝਾਰੂ ਕਿਸਮ ਦੇ ਇਕ ਫਾਰਮ ਨੇ ਮੋਟਾ ਜਿਹਾ ਹਿਸਾਬ ਲਾ ਕੇ ਦੇਖਿਅ ,ਬਾਸਮਤੀ ਦੇ ਕੱਲੇ ਕੱਲੇ ਖੱਤੇ ਹਿੱਸੇ ਕੁਲ ਪੈਂਤੀ-ਪੈਂਤੀ ਕਿਆਰੇ –ਕਿਆਰੀਆਂ ਆਉਂਦੇ ਸਨ ।
ਉਸ ਦੀ ਇਸ ਯੋਜਨਾ ਨੂੰ ਬਹੁ-ਸਮਤੀ ਨੇ ਉਪਰੋਂ-ਉਪਰੋਂ ਭਾਵੇਂ ਅਪ੍ਰਵਾਨ ਕਰ ਦਿੱਤਾ , ਪਰ ਅੰਦਰੋਂ-ਅੰਦਰ ਬਹੁਤੇ ਬਗਲਾਂ ਬਜਾਉਂਦੇ ਬਾਗੋ-ਬਾਗ ਹੋਏ ਜਾਪਦੇ ਸਨ । ਬਸ ਫਿਰ…ਡਿਊਟੀਆਂ ਵੰਡ ਲਈਆਂ ਗਈਆਂ , ਹਥਿਆਰ ਵੰਡ ਲਏ ਗਏ ਤੇ ਕੰਮ ਚਾਲੂ ਕਰ ਦਿੱਤਾ ਗਿਆ …ਕੰਮ ਹੋਰ ਤੇਜ਼ ਕਰ ਦਿੱਤਾ ਗਿਆ …ਕਾਲੀ ਬੇਈਂ ਦੀਆਂ ਸੀਰਾਂ ਨੂੰ ਸੋਧਣ ਦਾ ਕੰਮ ਬੇਈਂ ਦੇ ਸੋਮਿਆਂ ਨੂੰ ਸੋਧਣ ਦਾ ਕੰਮ ।
ਇਓਂ ਕਾਲੀ ਦੀ ਚੜ੍ਹਤ ਦੇਖ ਕੇ ਚਿੱਟੀ ਨੂੰ ਹੋਰ ਫਿਕਰ ਆ ਚੰਬੜਿਆ …ਫਿਕਰ ਚੰਬੜਨਾ ਹੀ ਸੀ – ਕਿੱਥੇ ਉਸ ਦੇ ਹੁਕਮਾਂ ਤੋਂ ਬਿਨਾਂ ਪੱਤਾ ਨਹੀਂ ਸੀ ਹਿੱਲ ਸਕਦਾ ਤੇ ਕਿੱਥੋਂ ਉਸ ਦੀ ਸਮੁੱਚੀ ਹੋਂਦ ਨੂੰ ਤਹਿਸ-ਨਹਿਸ ਕਰਨ ਦਾ ਖਤਰਾ ਉਸ ਦੇ ਸਿਰ ਤੇ ਇੱਲਾਂ-ਗਿਰਝਾਂ ਵਾਂਗ ਆ ਗੇੜੇ ਮਾਰਨ ਲੱਗਾ । ਦਿਲ ਕਰੜਾ ਕਰ ਕੇ ਉਸ ਨੇ ਇਕ ਵਾਰ ਫਿਰ ਅੰਗੜਾਈ ਜਿਹੀ ਭਰੀ ਤੇ ਮਹਿਕਮਾ-ਮੌਸਮ ਨੂੰ ਬੁਲਾ ਭੇਜਿਆ । ਮਹਿਕਮਾ-ਮੌਸਮ ਨੇ ਆਪਣੀ ਮਜਬੂਰੀ ਦੱਸ ਸੁਣਾਈ । ਖਿਝੀ ਖਪੀ ਨੇ ਫਿਰ ਨਦੀ ਨਾਲ੍ਹਿਆਂ ਨੂੰ ਆ ਦਬਾਕਾ ਮਾਰਿਆ । ਉਹਨਾਂ ਅੱਗੋ ਆਪਣਾ ਰੋਣਾ-ਧੋਣਾ ਲਿਆ ਸੁੱਟਿਆ ।ਚਿੱਟੀ ਨੇ ਫਿਰ ਕਿਆਰੀਆਂ –ਬੰਨੀਆਂ ਦੀ ਘਿੰਡੀ ਨੱਪੀ । ਉਹਨਾਂ ਅੱਗੋਂ ਕਾਲੀਆਂ-ਫੌਜਾਂ ਤੋਂ ਸਹਿਮੀਆਂ ਨੇ ਊਈਂ ਚੁੱਪ ਸਾਧ ਲਈ ।
ਬੇ-ਬਸ ਹੋਈ ਚਿੱਟੀ,ਦੇਵੀ-ਮਾਤਾ ਕੋਲ ਜਾ ਗਿੜ ਗੜਾਈ । ਮਾਤਾ ਰਾਣੀ ਨੇ ਸਾਰੇ ਦੇ ਸਾਰੇ ਤੇਤੀ ਕਰੋੜ ਦੇਵਤਿਆਂ ਦੀ ਮੀਟਿੰਗ ਸੱਦ ਲਈ । ਸਾਰੇ ਦੇ ਸਾਰੇ ਪੱਖਾਂ ਤੇ ਖੁੱਲ੍ਹ ਕੇ ਸਲਾਹ-ਮਸ਼ਵਰਾ ਕੀਤਾ ਗਿਆ । ਪਿਛਲੀ ਕਾਰਗੁਜ਼ਾਰੀ ਦੀ ਰੀਪੋਰਟਿੰਗ ਲਈ ਗਈ …ਬ੍ਰਹਮਾ ਆਪਣੀ ਥਾਂ ਸੱਚਾ ਨਿਕਲਿਆ । ਵਿਸ਼ਨੂੰ ਦੇ ਕਾਗਜ਼ ਪੱਤਰ ਉਸ ਤੋਂ ਵੀ ਵਧੀਆ ਬੋਲਦੇ ਸਨ । ਬੱਸ, ਜਟਾਧਾਰੀ ਜੀ ਵੱਲੋਂ ਥੋੜੀ ਜਿਹੀ ਢਿੱਠ-ਮੱਠ ਰਹਿ ਗਈ ਲਗਦੀ ਸੀ , ਉਹ ਵੀ ਉਹਨਾਂ ਨੂੰ ਮੱਧ-ਸੇਵਨਾ ਕਾਰਨ ਆਈ ਹਲਕੀ ਜਿਹੀ ਊਂਘ ਕਰ ਕੇ ।
ਅਸੈਸਮੈਂਟ-ਨੋਟ ਪੜ੍ਹਨ ਪਿੱਛੋਂ , ਭੋਲੇ-ਭੰਡਾਰੀ ਜੀ ਨੂੰ ਹੋਰ ਸਾਵਧਾਨ ਰਹਿਣ ਲਈ ਸਾਵਧਾਨ ਕੀਤਾ ਗਿਆ । ਭੰਡਾਰੀ ਜੀ ਨੇ ਮੁੰਦੇ ਨੇਤਰ ਜ਼ਰਾ ਕੁ ਪੁੱਟੇ ।ਨੈਣਾਂ ਅੰਦਰੋਂ ਲਾਲ ਲਾਲ ਡੋਰਿਆਂ ਦੀਆਂ ਲਾਟਾਂ ਬਲ੍ਹ-ਬਲ੍ਹ ਉੱਠ ਖਲੋਈਆਂ । ਦੇਖਦਿਆਂ ਹੀ ਦੇਖਦਿਆਂ , ਉਹਨਾਂ ਚਿੱਟੀ ਦੇ ਸਾਰੇ ਸੋਮਿਆਂ ਉੱਤੇ ਫਨੀਅਰ , ਬਿਸੀਅਰ , ਉੱਡਣੇ , ਖੜੱਪੇ , ਗੱਲ ਕੀ ਹਰ ਕਿਸਮ ਦੇ ਨਾਗ ਤਾਇਨਾਤ ਕਰ ਦਿੱਤੇ । ਰਾਤ ਹੋਵੇ ਜਾਂ ਦਿਨ , ਅਵੇਰ ਹੋਵੇ ਜਾਂ ਸਵੇਰ , ਜ਼ਹਿਰੀਲੇ ਪਹਿਰੇਦਾਰ ਹਰ ਘੜੀ ਹਰ ਪਲ ਚਿੱਟੀ ਦੀ ਰਾਖੀ ਲਈ ਟੈਨਸ਼ਨ ਖੜੇ ਰਹਿੰਦੇ ।
ਚਿੱਟੀ ਨੇ ਸੋਚਿਆ – ਹੁਣ ਸਭ ਅੱਛਾ ਹੈ । ਕੋਈ ਚਿੰਤਾ ਵਾਲੀ ਬਾਤ ਨਹੀਂ ਐ । ਹੁਣ ਦੇਖਾਂਗੀ , ਕੌਣ ਮੇਰੇ ਰਾਹਾਂ ‘ਚ ਕੰਢੇ ਖਿਲਾਰਦੀ ਆ । ਇਸ ਕਾਲੀ-ਕਮਜ਼ਾਤ ਦਾ ਨਾਮੋਂ-ਨਿਸ਼ਾਨ ਤੱਕ ਮਿਟਾ ਦਿਆਂਗੀ । ਇਸ ਪੁਆੜੇ ਦੀ ਜੜ੍ਹ ਦਾ ਬੀਜ-ਨਾਸ ਕਰ ਕੇ ਸਾਹ ਲਮਾਂਗੀ । ਮੇਰਾ ਨਾਂ ਵੀ ਚਿੱਟੀ ਬੇਈਂ ਐ , ਚਿੱਟੀ-ਕੈਲਾਸ਼ ਰਾਜੇ ਦੀ ਸਕੀ ਧੀ ।
ਪਰ ,ਪਰ ਕਦੀ ਕਦੀ ਉਸ ਨੂੰ ਅਜੀਬ ਜਿਹੀ ਬੇਚੈਨੀ ਆ ਘੇਰਦੀ । ਕਿਸੇ ਬਾਹਰਲੀ-ਕਸਰ ਦੇ ਹੋ ਜਾਣ ਦਾ ਤੌਖਲਾ , ਉਸ ਨੂੰ ਝੋਰਾ ਜਿਹਾ ਆ ਲਾਉਂਦਾ । ਕਾਲੀ ਦੇ ਨਕਾਬਪੋਸ਼ ਉਸ ਨੂੰ ਭੂਤਾਂ ਵਾਂਗ ਡਰਾਉਂਦੇ ਲਗਦੇ । ਕਦੀ ਕਦੀ ਤਾਂ ਉਸ ਨੂੰ ਇਉਂ ਜਾਪਣ ਲਗਦਾ ਜਿਵੇਂ ਸੱਚ ਮੁੱਚ ਹੀ ਕਾਲੀ ਦਾ ਕੋਈ ਸੋਮਾ , ਸੰਗੀਨ ਫੜੀ ਉਸ ਦੀ ਸ਼ਾਹ-ਰਗ ਤੇ ਆ ਚੜ੍ਹਿਆ ਹੋਵੇ । ਉਹ ਬੁੜ-ਬੁੜਾ ਉੱਠਦੀ । ਬਚਾਓ-ਬਚਾਓ ਦੀਆਂ ਟਾਹਰਾਂ ਮਾਰਨ ਲਗਦੀ । ਪਹਿਰੇਦਾਰ ਹੈਰਾਨ ਪ੍ਰੇਸ਼ਾਨ ਹੋ ਜਾਂਦੇ – ਲਾਗੇ ਕੋਈ ਇੰਦਾ ਆ ਨਾ ਪਰਿੰਦਾ ,ਰਾਣੀ –ਦੇਵੀ ਨੂੰ ਕੀ ਹੁੰਦਾ ਐ । ਇਹ ਕਿਉਂ ਡਰਦੀ ਐ , ਕਿਉਂ ਘਬਰਾਉਂਦੀ ਐ । ਇਸ ਤਰ੍ਹਾਂ ਤਾਂ ਕਈ ਸਾਰੇ ਅਵੈੜੇ ਰੋਗ ਲੱਗਣ ਦਾ ਡਰ ਐ …..।
ਇਸ ਭੈਅ ਅਤੇ ਸਹਿਮ ਦੇ ਪ੍ਰਛਾਵੇਂ ਹੇਠ ਵਗਦੀ ਚਿੱਟੀ ਨੂੰ ਇੰਨਟੈਲੀਜੈਂਨਸ ਵਾਲਿਆਂ ਮਸ਼ਵਰਾ ਦਿੱਤਾ ਕਿ ਉਹ ਥੋੜਾ ਚਿਰ ਆਰਾਮ ਕਰੇ । ਬਸ , ਇਕ ਹਫਤੇ ਲਈ ਪਾਤਾਲ ਅੰਦਰ ਚਲੀ ਜਾਏ । ਸਲਾਹ ਉਸ ਨੂੰ ਬੜੀ ਨੇਕ ਲੱਗੀ । ਉਹਨੇ ਝੱਟ ਛੁੱਟੀ ਲਈ ਆਰਜ਼ੀ ਲਿਖ ਕੇ ਹਾਈ ਕਮਾਂਡ ਮੂਹਰੇ ਟਿਕਾ ਦਿੱਤੀ । ਅੱਗੋਂ ਹਾਈ ਕਮਾਂਡ ਬਿਟਰ ਬਿਟਰ ਬੈਠਾ – ਬਿਟਰ ਕੀ ਬੈਠਾ ਬੁਖਲਾ ਵੀ ਗਿਆ । ਉਸ ਨੇ ਚਿੱਟੀ ਦੀ ਅਰਜ਼ੀ ਨੂੰ ਕਾਲੀ ਹੱਥੋਂ ਹੋਈ ਹਾਰ ਦਾ ਪ੍ਰਵਾਨਾ ਸਮਝਿਆ ।
ਇਸ ਨੂੰ ਉਸ ਨੇ ਆਪਣੀ ਇੱਜ਼ਤ ਉੱਤੇ ਹੋਏ ਤਾਜ਼ੇ ਵਾਰ ਦੀ ਸੰਗਿਆ ਦਿੱਤੀ । ਉਸ ਨੇ ਇਕ ਵਾਰ ਫਿਰ ਸਾਰੇ ਦੇਵੀ ਦੇਵਤੇ ਫਾਲਿਨ ਕਰ ਲਏ । ਕੱਲੇ ਕੱਲੇ ਦੀ ਵਾਰੀ ਵਾਰੀ ਜੀਅ ਭਰ ਕੇ ਖੁੰਭ ਠੱਪੀ ।
ਆਖਿਰ ਮੇਰਾ ਕੀ ਦੋਸ਼ ਐ , ਮੈਂ ਲਗਾਤਾਰ ਸਾਰੇ ਸੋਮਿਆਂ ਨੂੰ ਜਲ-ਸਪਲਾਈ ਬਰਕਰਾਰ ਰੱਖੀ ਆ – ਕੈਲਾਸ਼ ਪ੍ਰਬਤ ਨੇ ਸਪੱਸਟੀਕਰਨ ਦਿੱਤਾ ।
ਮੈਂ ਕਈ ਸਾਰੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰ ਕੇ ਵੀ ਚਿੱਟੀ ਲਈ ਜਲ-ਕਣ ਭੇਜਦੀ ਰਹੀ ਆਂ – ਮਾਨ-ਸਰੋਵਰ ਝੀਲ ਦਾ ਉਲ੍ਹਾਮਾ ਸੀ ।
ਮੇਰਾ ਤਾਂ ਤਨ ਮਨ ਧਨ ਸਭ ਇਸ ਨੂੰ ਅਰਪਤ ਰਿਹਾ ਹੈ ਤੇ ਰਹੇਗਾ ਵੀ ਗੰਗਾ ਮਾਈ ਨੇ ਆਪਣਾ ਪੱਖ ਕਰਦਿਆਂ ਹੋਰ ਵੀ ਜਲ-ਟੁਕੜੀਆਂ ਚਿੱਟੀ ਬੇਈਂ ਨੂੰ ਚਲਦੀ ਰੱਖਣ ਲਈ ਭੇਜ ਦਿੱਤੀਆਂ ।
ਚਿੱਟੀਆਂ ਨੇ ਅਰਜ਼ੀ ਵਾਪਸ ਲੈ ਲਈ ਤੇ ਫਿਰ ਬੜੀ ਸ਼ਾਨ ਨਾਲ ਟਹਿਲਣਾ ਸੁਰੂ ਕਰ ਦਿੱਤਾ , ਪਰ ਸੰਗੀਨਾਂ ਦੀ ਛਾਂ ਹੇਠ , ਪਹਿਰੇ ਦੇ ਪ੍ਰਛਾਵੇਂ ਹੇਠ ।
ਏਨੇ ਸਾਰੇ ਬੰਦੋਬਸਤ ਦੇਖ ਕੇ ਚਿੱਟੀ ਦਾ ਸਹਿਮ ਤਾਂ ਕੁਝ ਘਟ ਗਿਆ , ਪਰ ਦੂਜੇ ਪਾਸੇ ਕਾਲੀ ਦੇ ਪ੍ਰਬੰਧਕਾਂ ਨੂੰ ਅਤਿ ਗੰਭੀਰ ਕਿਸਮ ਦਾ ਫਿਕਰ ਘੇਰ ਖਲੋਤਾ । ਫਾਰਮਾਂ ਦੇ ਵੱਡੇ ਸਿਰ ਹੋਰ ਨੇੜੇ ਹੋ ਜੁੜੇ । ਫਿਰ ਸਲਾਹ ਮਸਵਰੇ ਕੀਤੇ ਗਏ । ਮੇਲ੍ਹਿਆਂ-ਮੁਸਾਬ੍ਹਿਆਂ ਦਾ ਇੰਤਜ਼ਾਮ ਕੀਤਾ ਗਿਆ । ਸੋਮਾ-ਦਲਾਂ ਦਾ ਪੁਨਰਗਠਨ-ਪੁਨਰ ਸਫ਼ਬੰਦੀ ਕੀਤੀ ਗਈ । ਜਲਸੇ-ਜਲੂਸਾਂ ਦਾ ਆਯੋਜਨ ਕੀਤਾ ਗਿਆ । ਕਾਲੀ ਬੇਈਂ ਦੀ ਜੈ ਜੈ ਕਾਰ ਕੀਤੀ ਗਈ ।‘ਜੋ ਬੋਲੇ ਸੋ ਨਿਰਭੈ-ਕਾਲੀ ਕਰਮਾਂ-ਵਾਲੀ ਦੀ ਜੈਂ, ‘ਕਾਲੀ ਕੁਟੰਬ ਖਤਰੇ ‘ਚ ਹੈ –ਦਾਨ ਦਿਓ ਬਲੀਦਾਨ ਦਿਓ ‘ – ਚਾਲੀ –ਸਾਲਾ ਕਾਮਯਾਬ ਨੁਸਖਾ ਫੇਰ ਅਜ਼ਮਾਇਆ ਗਿਆ ਨੁਸਖਾ ਬੇਹੱਦ ਲਾਭਕਾਰੀ ਸਿੱਧ ਹੋਇਆ । ਬਾਸਮਤੀਆਂ, ਛੋਲਿਆਂ, ਬਰਸੀਨਾਂ ਦੇ ਸਾਰੇ ਦੇ ਸਾਰੇ ਖੱਤੇ ਮੁੱਕਤੀ-ਦਲ ਦੇ ਝੰਡੇ ਹੇਠ ਲਾਮਬੰਦ ਹੋ ਗਏ । ਫਿਰ ਵੀ ਘਾਗ ਲੀਡਰਸ਼ਿਪ ਨੇ ਦੂਰ ਤੱਕ ਨਿਗਾਹ ਘੁਮਾ ਕੇ ਗਿਣਤੀ ਕੀਤੀ – ਕਿਧਰੇ ਕਿਧਰੇ ਅਜੇ ਵੀ ਟਾਵਾਂ-ਟਾਵਾਂ ਖੱਤਾ ਕਿਸੇ ਨਿੱਕੇ-ਮੋਟੇ ਗੁੱਸੇ-ਰੋਸੇ ਕਾਰਨ ਗੈਰ ਹਾਜ਼ਰ ਨਿਕਲਿਆ ।
ਸ਼ੱਤ-ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਲਈ , ਫਾਰਮ ਕਾਰਜਕਰਨੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ । ਹਰ ਇਕ ਨੇ ਸਮਾਂ ਮੰਗਿਆ , ਜਿਸ ਨੇ ਕਦੀ ਨਿੱਛ ਵੀ ਨਹੀਂ ਮਾਰੀ , ਉਸ ਨੇ ਵੀ ਗੈਰ ਹਾਜ਼ਰ ਖੱਤਿਆਂ ਨੂੰ ਭੁਲਕੱੜ ਆਖਿਆ , ਗ਼ਦਾਰ ਕਿਹਾ । ਪਰ ਦਾਨਸ਼ਵਰ ਪ੍ਰਧਾਨ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ,ਉਹਨਾਂ ਸਭ ਨੂੰ ‘ਹਮਸਾਏ ਮਾ-ਪਿਓ ਜਾਏ ’ ਆਖ ਕੇ ਵਡਿਆਇਆ ।
ਕਾਲੀ-ਸੁਰਜੀਤ ਮੁਹਿੰਮ ਨੂੰ ਮੁਕਤੀ-ਮੋਰਚੇ ਦਾ ਨਾਂ ਬਖ਼ਸ਼ਿਆ ਜਾਏ –ਚਲਦੀਆਂ ਗੱਲਾਂ ਵਿੱਚ ਕਿਸੇ ਨੇ ਨਵਾਂ ਨੇਕ ਮਸ਼ਵਰਾ ਉੱਚੀ ਆਵਾਜ਼ ਵਿੱਚ ਪ੍ਰਵਾਨਗੀ ਹਿੱਤ ਪੇਸ਼ ਕਰਕੇ ਨਵੀਂ ਭੱਲ ਖੱਟਣੀ ਚਾਹੀ ।
ਮੋਰਚਾ ਨਈਂ , ਕਰਮਯੁੱਧ ਆਖੋ ਪਾਤਸ਼ਾਓ , ਕਰਮਯੁੱਧ ਚੁਸਤ-ਚਲਾਕ ਦਿਸਦੇ ਉਪ-ਪ੍ਰਧਾਨ ਨੇ ਮੈਂਬਰ –ਫਾਰਮ ਦੀ ਗੱਲ ਮੂੰਹੋਂ ਬੋਚ ਲਈ ।
ਮੋਰਚੇ ਦੀ ਸੰਗਿਆ ਬਦਲਦਿਆਂ ਸਾਰ ,ਸਾਰੇ ਖੱਤੇ ਧਰਮ-ਕਰਮ ਦੇ ਨਾਂ ਤੇ ਘਰ-ਬਾਰ ਭੁੱਲ ਗਏ । ਪ੍ਰਧਾਨ ਜੀ ਦੀ ਆਗਿਆ ਤੋਂ ਪਹਿਲਾਂ ਹੀ ਖੂਹਾਂ ਜਿੱਡੇ ਟੋਏ-ਡੁੰਮ ਬਣ ਗਏ । ਬਾਸਮਤੀਆਂ ਦੀ ਥਾਂ ਸੀਰਾਂ ਧੜਾ-ਧੜ ਉਹਨਾਂ ਦੇ ਪਿੰਡਿਆਂ ਵਿਚੋਂ ਫੱਟ ਖਲੋਈਆਂ । ਦੇਖਦਿਆਂ ਹੀ ਦੇਖਦਿਆਂ ਕਾਲੀ ਬੇਈਂ ਗਿੱਟੇ-ਗਿੱਟੇ ਤੋਂ ਉੱਠ ਗੋਡੇ-ਗੋਡੇ ਤਕ ਵਗਣ ਲਗ ਪਈ । ਉਸ ਦੀ ਚਟਕ-ਮਟਕ ਦੇਖ ਕੇ ਫਾਰਮ ਕਾਰਜਕਰਨੀ ਦਾ ਚਿਹਰਾ ਟਹਿਕਿਆ ਮਹਿਕਿਆ ਦਿਸਣ ਲੱਗਾ ।
ਪਰ ਚਿੱਟੀ ਦੇ ਨੀਰ-ਸੋਮਿਆਂ ਦੀ ਰੱਖਿਆ-ਸਰੱਖਿਆ ਦੀ ਸਾਰੀ ਜ਼ੁਮੇਵਾਰੀ ਦੇਵੀ-ਮਾਂ ਨੇ ਕੈਲਾਸ਼ਪਤੀ ਨੂੰ ਸਿੱਧੀ ਸੌਂਹ ਦਿੱਤੀ ਐ – ਗੁਪਤਚਰ ਕਾਰਜ ਤੋਂ ਜਾਣਕਾਰ ਇਕ ਫਾਰਮ ਨੇ ਇਕ ਹੋਰ ਖਾਸ ਸੂਚਨਾ , ਕਾਲੀ ਪ੍ਰਬੰਧਕੀ ਬੋਰਡ ਦੇ ਕੰਨਾਂ ਤੱਕ ਪੁਜਦੀ ਕਰਦਿਆਂ ,ਅਪਣੀ ਕਾਰਜ-ਕੁਸ਼ਲਤਾ ਦਾ ਨਿੱਘਰ ਸਬੂਤ ਪੇਸ਼ ਕੀਤਾ ।
ਸਾਨੂੰ ਸਭ ਪਤਾ ਐ , ਅਸੀਂ ਕਦਾਚਿੱਤ ਅਵਸਲੇ ਨਈਂ ਬੈਠਦੇ । ਅਸੀਂ ਪਹਿਲਾਂ ਹੀ ਪੂਰਨ ਤਿਆਰੀ ਲਈ ਤਿਆਰ ਆਂ ।ਸਾਰੀਆਂ ਮੁਕਤੀ ਫੌਜਾਂ ਨੂੰ ਸੰਦ-ਸ਼ਸ਼ਤਰ ਸਪਲਾਈ ਕਰ ਚੁੱਕੇ ਆਂ । ਦਾਅਤੀਆਂ-ਦਾਤਾਂ , ਛੁਰੀਆਂ-ਗੰਢਾਸਿਆਂ ਦੀਆਂ ਧਾਰਾਂ ਨਵੇਂ ਸਿਰਿਓਂ ਤੇਜ਼ ਕਰਵਾ ਚੁੱਕੇ ਆਂ । ਕਹੀਆਂ-ਬਹੋਲਿਆਂ , ਸਾਂਘੇ-ਤੰਗਲੀਆਂ ਦੇ ਹਿਲਦੇ ਦਸਤਿਆਂ ਨੂੰ ਲੋਹੇ ਦੀਆਂ ਸੱਮਾਂ ਨਾਲ ਜਕੜ ਕੇ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਮਜ਼ਬੂਤ ਕਰ ਚੁੱਕੇ ਆਂ –ਫਾਰਮ ਪ੍ਰਧਾਨ ਨੇ ਅਗਾਊਂ ਕੀਤੇ ਪ੍ਰਬੰਧਾਂ ਦੀ ਵਿਆਖਿਆ ਵਿਸਥਾਰ ਸਹਿਤ ਕਰ ਸੁਣਾਈ ।
ਪਰ ਤੁਸੀਂ ਰਵਾਇਤੀ ਸੰਦਾਂ ਨਾਲ ਚਿੱਟੀ ਦੇ ਖੂੰਖਾਰ ਹਥਿਆਰਾਂ ਦਾ ਟਾਕਰਾ ਕਿਮੇਂ ਕਰੋਗੇ – ਫਾਰਮ ਕਾਰਜਕਰਨੀ ਦੇ ਇਕ ਖਾਸ ਮੈਂਬਰ ਨੇ ਫਾਰਮ ਪ੍ਰਧਾਨ ਉੱਤੇ ਪ੍ਰਬੰਧਕੀ ਇਕੱਤਰਤਾ ਅੰਦਰ ਖਾਸ ਕਿੰਤੂ ਦਾਗ ਮਾਰਿਆ ।
ਫਾਰਮ ਪ੍ਰਧਾਨ ਨੇ ਬੇ-ਹੱਦ ਠਰੱਮੇਂ ਦਾ ਪ੍ਰਦਰਸ਼ਨ ਕੀਤਾ । ਗੰਭੀਰ ਦਿਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਲਿਆਂਦੀ । ਬੜੀ ਨਿਮਰਤਾ ਨਾਲ ਸਟੇਜ ਰਹਿਤ ਇਕੱਠ ਨੂੰ ਸੰਬੋਧਤ ਹੋਣ ਵਰਗੀ ਮੁਦਰਾ ਅੰਦਰ ਖਲੋ ਕੇ ਗਿਣਵੇਂ-ਮਿਣਵੇਂ ਸ਼ਬਦ ਉਚਾਰੇ – ਮੇਰੀ ਜਿੰਦਗੀ ਔਰ ਮੌਤ ਦੇ ਸਾਥੀਓ ,ਭਰਾਓ ,ਯੋਧਿਓ-ਸੂਰਬੀਰੋ , ਤੁਸੀਂ ਬੜਾ ਅਹਿਮ ਤੇ ਕੀਮਤੀ ਸਵਾਲ ਮੈਥੋਂ ਪੁੱਛਿਆ ਹੈ । ਇਸ …ਇਸ ਮਹੱਤਵ ਪੂਰਨ ਮਸਲੇ ਤੇ ਨਵੇਂ ਸਿਰਿਓਂ ਵਿਚਾਰ ਕਰਨ ਲਈ , ਅਸੀਂ ਅੱਜ ਹੀ ਹੁਣੇ ਹੀ ਸਰਬ ਉੱਚ ਸੈਲ ਦੀ ਹੰਗਾਮੀਂ ਇਕਤਰੱਤਾ ਕਰਾਂਗੇ । ਤੇ ਜੋ ਵੀ ਫੈਸਲਾ …ਫੈਸਲਾ ਹੋਇਆ , ਉਹ …ਉਹ ਬਹੁਤ ਹੀ ਥੋੜੇ ਸਮੇਂ ਅੰਦਰ ਤੁਹਾਡੇ ਸਾਹਮਣੇ ਹਾਜ਼ਰ ਕਰ ਦਿੱਤਾ ਜਾਵੇਗਾ । ਓਨੀ ਦੇਰ ਤੱਕ ਤੁਹਾਨੂੰ ਸੱਭ ਨੂੰ ਮੇਰੀ ‘ਦੋ-ਕਰ ਜੋੜ ਕਰੋਂ ਅਰਦਾਸ ‘ ਹੈ , ਬੇਨਤੀ ਹੈ , ਕਿ ..ਕਿ ਬਾਸਮਤੀਆਂ ਦੇ ਖੱਤਿਆਂ ਨੂੰ ਚੜ੍ਹਦੀ ਕਲਾ ਅੰਦਰ ਰੱਖਣ ਲਈ ਤੁਹਾਡੀ ਵਲੋਂ ਕਿਸੇ ਕਿਸਮ ਦੀ ਢਿੱਲ ਬਾਕੀ ਨਾ ਰਹੇ ਤਾਂ ਜੋ ਅਜੋਕੀ ਕਾਲੀ ਘਟਾ ਵਰਗੀ ਅਤਿ ਸੰਕਟ ਦੀ ਘੜੀ ਸਮੇਂ , ਸਾਡੀਆਂ ਕਰਮਯੋਗੀ ਫੌਜਾਂ ਦਾ ਕੱਲਾ ਕੱਲਾ ਜੁਆਨ , ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹੇ । ‘
ਇਉਂ ਕਾਲੀ ਬੇਈਂ ਬੇ-ਸੀਰ ਸੋਮਿਆਂ ਦਾ ਜਲੌ-ਜਲਾਲ ਦੇਖ ਕੇ ਚਿੱਟੀ ਬੇਈਂ ਦੇ ਗੁਪਤ-ਨੰਗੇ ਸੋਮਿਆਂ ਤੇ ਤਾਇਨਤ ਅੰਗ-ਰੱਖਿਅਕ ਅਧਿਕਾਰੀ ਹੋਰ ਵੀ ਚੁਕੰਨੇ ਹੋ ਗਏ । ਉਹਨਾਂ ਚਿੱਟੀ ਦੇ ਨੀਰ ਸੋਮਿਆਂ ਦੀ ਸੁਰੱਖਿਆ ਦਾ ਨਵੇਂ ਸਿਰਿਓਂ ਜਾਇਜ਼ਾ ਲਿਆ । ਰੱਖਿਆ ਪ੍ਰਬੰਧਾਂ ਦਾ ਪੁਨਰ ਗਠਨ ਕੀਤਾ । ਸੱਭ ਸੰਮਤੀਆਂ ਤੋੜ ਕੇ ਕੈਲਾਸ਼ ਸੈਨਾ ਬਣਾਈ । ਸੈਨਾਪਤੀ ਨੂੰ ਫੀਲਡ-ਮਾਰਸ਼ਲ ਦੀ ਉਪਾਧੀ ਬਖ਼ਸ਼ੀ । ਫੀਲਡ-ਮਾਰਸ਼ਲ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ । ਸੈਨਾਪਤੀ ਨੇ ਅੱਗੇ ਆਪਣੀ ਸੂਝ-ਬੂਝ ਮੁਤਾਬਿਕ ਸਾਰੇ ਕਿਆਰੇ-ਕਿਆਰੀਆਂ ,ਖਾਲੀਆਂ-ਬੰਨੀਆਂ,ਨਾਲ੍ਹੇ-ਨਾਲ੍ਹੀਆਂ ,ਗੱਲ ਕੀ ਚਿੱਟੀ ਦੇ ਨਿੱਕੇ-ਵੱਡੇ ਸਾਰੇ ਸੋਮਿਆਂ ਨੂੰ ਰੰਬਿਆਂ-ਖੁਰਪਿਆਂ,ਬੇਲਚਿਆਂ-ਬਗੂੜੀਆਂ,ਛੁੱਰੀਆਂ-ਕਾਂਟਿਆਂ ਵਰਗੇ ਤੇਜ਼-ਧਾਰ ਹਥਿਆਰਾਂ ਨਾਲ ਲੈਸ ਕਰਕੇ ਆਦੇਸ਼ ਦੇਣ ਵਰਗਾ ਇਕ ਸੁਝਾ ਇਹ ਵੀ ਦਿੱਤਾ ਕਿ ਉਹ ਕੈਲਾਸ਼ਪਤੀ ਜੀ ਦੇ ਪਵਿੱਤਰ ਤ੍ਰਿਸ਼ੂਲ ਨੂੰ ਪਛਾਣ ਵਜੋਂ ਸਾਰੇ ਆਪਣੀ ਕਮਰ ਨਾਲ ਹਰ ਸਮੇਂ ਜਰੂਰ ਬੰਨ੍ਹ ਕੇ ਰੱਖਣ । ਡੰਡੀਮਾਰ ਕਿਆਰੇ-ਕਿਆਰੀਆਂ ,ਵੱਟਾਂ-ਖਾਲ੍ਹੀਆਂ,ਜਨਮ-ਕਰਮ ਤੋਂ ਇਹੋ ਜਿਹਾ ਭਾਰ ਚੁੱਕਣ ਦੇ ਆਦੀ ਤਾਂ ਭਾਵੇਂ ਬਿਲਕੁਲ ਨਹੀਂ ਸਨ , ਪਰ ਫਿਰ ਵੀ ਉਪਰਾਲੇ ਹੁਕਮਾਂ ਨੂੰ ਸਿਰ ਮੱਥੇ ਕਬੂਲ ਕੇ ਉਹਨਾਂ ਆਪਣਾ ਹੁਲੀਆ ਬਦਲ ਹੀ ਲਿਆ ।
……ਹੁਣ ਤੱਕ ਦੋਨਾਂ ਬੇਈਆਂ ਦੇ ਸੀਰ ਸੋਮੇਂ ਰੱਖਿਆ-ਫੌਜਾਂ ਅੰਦਰ ਤਬਦੀਲ ਹੋ ਚੁੱਕੇ ਸਨ ।ਦੋਨੋਂ ਇਕ ਦੂਜੇ ਤੋਂ ਡਰਦੇ ਸਨ ।ਦੋਨੋਂ ਇਕ ਦੂਜੇ ਨੂੰ ਡਰਾਉਂਦੇ ਸਨ । ਦੋਨਾਂ ਨੇ ਆਪਣੀ ਆਪਣੀ ਸੋਮਾ –ਸ਼ਕਤੀ ਦੀ ਨਿਸ਼ਾਨ ਦੇਹੀ ਪੱਕੀ ਕਰ ਲਈ ਸੀ , ਤੇ ਇਸ ਨੂੰ ਪੱਕੀ-ਠੱਕੀ ਰੱਖਣ ਲਈ ਹਰ ਹੀਲਾ-ਵਸੀਲਾ ਵਰਤੋਂ ਅੰਦਰ ਲਿਆਂਦਾ ਗਿਆ ਸੀ । ਪਰ ਸੱਭ ਤੋਂ ਭਰੋਸੇਯੋਗ ਸ਼ਕਤੀ ਫੌਜਾਂ ਸਨ ।ਫੌਜ਼ਾਂ ਕੋਲ ਹਥਿਆਰ ਸਨ – ਕਿਰਤ ਸੰਦਾਂ ਦਾ ਸੁਭਾ ਬਦਲੀ ਕਰਕੇ ਬਣਾਏ ਗਏ ਹਥਿਆਰ, ਜਿਹੜੇ ਇਕ ਦੇ ਮੋਢੇ ਨਾਲ ਲਟਕਦੇ ਦੂਜੇ ਨੂੰ ਘੂਰਕੀਆਂ ਵਟਦੇ ਰਹਿੰਦੇ । ਘੁਰਕੀਆਂ ਵਟਦੇ ਵਟਦੇ ਫਿਰ ੳਹ ‘ਖੂਨ-ਖੂਨ ’ ਦੀ ਮੰਗ ਕਰਨ ਲੱਗ ਪਏ । ਹਥਿਆਰਾਂ ਦੀ ਮੰਗ ਪੂਰਤੀ ਲਈ ਕਈ ਸਾਰੀਆਂ ਝੜਪਾਂ ਹੋਈਆਂ । ਝੜਪਾਂ-ਝੜਪਾਂ ਨੇ ਇਕ ਦੂਜੀ ਦਾ ਨੁਕਸਾਨ ਡੱਕ ਕੇ ਕੀਤਾ । ਇਕ ਦੇ ਬੰਨੇ ਵੱਡੇ ਗਏ ਦੂਜੀ ਦੀਆਂ ਆੜਾਂ । ਇਕ ਦੀਆਂ ਵੱਟਾਂ ਉਖਾੜ ਦਿੱਤੀਆਂ ਗਈਆਂ ਦੂਜੇ ਦੇ ਮੋਘੇ ।ਪਰ , ਇਹਨਾਂ ਨਿੱਕੇ-ਮੋਟੇ ਘੱਲੂਘਾਰਿਆਂ ਅੰਦਰ ,ਨਾ ਕਾਲੀ ਦੇ ਪ੍ਰਬੰਧਕਾਂ ਦਾ ਕੁਝ ਵਿਚਲ੍ਹਿਆਂ ਨਾ ਚਿੱਟੀ ਦੇ ਪਰਬਤਾਂ ਨੂੰ ਤੱਤੀ ਵਾ ਲੱਗੀ । ਉਂਝ ਦੋਨਾਂ ਦੀ ਲੀਡਰਾਸ਼ਪ ਦਾ ਤੇਜ-ਤੱਪ ਫਿਕਰ-ਮੰਦ ਜ਼ਰੂਰ ਹੋ ਉੱਠਿਆ – ‘ਚੀਚੀ ਉਂਗਲੀ ਨੂੰ ਡੁਲ੍ਹੇ ਲਹੂ ਨਾਲ ਲਿਬੇੜ ਕੇ ਉਹ ਸ਼ਹੀਦੀ-ਫੌਜ਼ਾਂ ਦੀਆਂ ਮੂਹਰਲੀਆਂ ਕਤਾਰਾਂ ਅੰਦਰ ਜ਼ਰੂਰ ਆ ਪਧਾਰੇ । ਕਤਾਰਾਂ ਵਿੱਚ ਖੜੋ ਕੇ ਉਹਨਾਂ ਜੰਗਬੰਦੀ ਕਰਵਾਉਣ ਲਈ ਸਿਰਤੋੜ ਯਤਨ ਕੀਤੇ । ਯਤਨ ਸਫਲ ਕਰਨ ਕੇ ਪ੍ਰਬੰਧ ਵੀ ਕੀਤੇ ਅਤੇ ਸਿੱਧੀ ਕੱਟ-ਵੱਢ ਕੁਝ ਚਿਰ ਲਈ ਥੰਮ ਵੀ ਗਈ । ਪਰ , ਵਿਚ-ਵਿਚਾਲੇ ਕੋਈ ਨਾ ਕੋਈ ਐਕਸ਼ਨ ਹੁੰਦੇ ਰਹਿਣ ਦੀ ਸੰਭਾਵਨਾ ਰੱਦ ਨਾ ਕੀਤੀ ਗਈ ।
ਸੀਜ਼-ਫਾਇਰ ਪਿਛੋਂ ਬੇਈਆਂ ਦੀ ਪ੍ਰਧਾਨਗੀ ਤਾਂ ਕੁਝ ਨਾ ਕੁਝ ਪ੍ਰਸੰਨ-ਚਿੱਤ ਹੋ ਹੀ ਗਈ , ਪਰ ਦੋਨਾਂ ਬੇਈਆਂ ਦੀਆਂ ਸਰੱਖਿਆਂ ਫੌਜਾਂ ਕਟੱੜ ਦੁਸ਼ਮਣਾਂ ਵਾਂਗ ਕੋੜੀ ਅੱਖੇ ਇਕ ਦੂਜੀ ਵਲ੍ਹ ਦੇਖਣ ਲੱਗੀਆਂ ਅਤੇ ਓਨਾਂ ਚਿਰ ਤੱਕ ਲਗਾਤਾਰ ਦੇਖਦਿਆਂ ਰਹੀਆਂ, ਜਦ ਤੱਕ ਉਹਨਾਂ ਅੰਦਰ ਉੱਗੇ ਨਾਸੂਰ ਦੀਆਂ ਜੜ੍ਹਾਂ ਉਹਨਾਂ ਦੋਨਾਂ ਦੀ ਨਸ ਨਸ ਤੱਕ ਨਾ ਖਿੱਲਰ ਗਈਆਂ ।
ਆਪਣੀ ਆਪਣੀ ਬੇਈਂ ਦੀ ਰੱਖਿਆ ਸ਼ਕਤੀ ਦਾ ਯਥਾਯੋਗ ਪ੍ਰਦਰਸ਼ਨ ਕਰਕੇ , ਪ੍ਰਬੰਧਕੀ ਕਾਰਜਕਰਨੀਆਂ ਦੇ ਚਿੱਟੇ-ਚੌੜੇ ਚਿਹਰੇ ਹੋਰ ਵੀ ਚਮਕਾਂ ਮਾਰਨ ਲੱਗੇ । ਚਮਕਦੇ ਚਿਹਰਿਆਂ ਤੋਂ ਉੱਠਦੀਆਂ ਆਪ-ਮੁਹਾਰੀਆਂ ਸੈਨਤਾਂ ਇਕ ਦੂਜੀ ਦੀ ਹੱਦ-ਹਦੂਦ ਅੰਦਰ ਯਾਤਰਾਵਾਂ ਕਰਨ ਲੱਗੀਆਂ। ਇਕ ਅੰਦਰਲੀ ਖਿੱਚ ਦੂਜੀ ਨੂੰ ਹੋਰ ਲਾਗੇ ਖਿੱਚਣ ਲੱਗੀ । ਲਾਗੇ ਲਾਗੇ ਹੁੰਦਿਆਂ , ਅਵੇਰ-ਸਵੇਰ ,ਮੇਲ-ਮਿਲਾਪ ਹੋਣ ਦੇ ‘ ਅਚਨਚੇਤ ’ ਮੌਕੇ ਵੀ ਹੱਥ ਆਏ ਤੇ ਨਿੱਕੀ-ਨਿੱਕੀ ਬਾਤ-ਚੀਤ ਕਰਨ ਦੀ ਗੁਜ਼ਾਇਸ਼ ਵੀ ਬਣਦੀ ਰਹੀ । ਤਰਦੀ ਤਰਦੀ ਬਾਤ-ਚੀਤ ਸਾਂਝੀ ਮੀਟਿੰਗ ਕਰਨ ਦੇ ਸੁਝਾ ਤੱਕ ਅਪੜ ਗਈ । ਹਲਕੀ-ਫੁਲਕੀ ਨਾਂਹ ਨੁੱਕਰ ਪਿਛੋਂ ਉੱਚ-ਪੱਧਰੀ ਮਿਲਣੀ ਕਰਨ ਦਾ ਪ੍ਰਸਤਾਵ ਦੋਪਾਸੀ-ਸਹਿਮਤੀ ਨਾਲ ਪਾਸ ਹੋ ਗਿਆ ।
ਪਹਿਲੀ ਮਿਲਨੀ ਬੰਦ-ਕਮਰਾ ਮਿਲਣੀ ਹੋਈ ਤੇ ਫਿਰ ਕਈ ਸਾਰੀਆਂ ਵਿਹੜਾ ਮੀਟਿੰਗਾਂ । ਕਈ ਪੱਖ ਵਿਚਾਰੇ ਗਏ । ਕੁਝ ਕੁਝ ਲਿਖਤੀ ਹੋਇਆ , ਕਈ ਕੁਝ ਮੂੰਹ ਜ਼ਬਾਨੀ ,ਕਈ ਸੰਧੀਆਂ ਨਸ਼ਟ ਕੀਤੀਆਂ , ਕਈ ਸੰਧੀਆਂ ਪਾਸ , ਕੁਝ ਸੰਧੀਆਂ ਗੁਪਤ ਰੱਖੀਆਂ ਗਈਆਂ , ਕੁਝ ਸੰਧੀਆਂ ਗਜਟ ਹੋਈਆਂ । ਜਿਹੜੀਆਂ ਸੰਧੀਆਂ ਗਜ਼ਟ ਹੋਈਆ ਉਹਨਾਂ ਦੀ ਪ੍ਰੈਸ ਰੀਪੋਰਟ ਸਾਂਝੇ ਹਸਤਾਖ਼ਰਾਂ ਹੇਠ ਰੀਲੀਜ਼ ਕੀਤੀ ਗਈ । ਤੇ ਜਿਹਨਾਂ ਸੰਧੀਆਂ ਦੀ ਪ੍ਰੈਸ ਰੀਪੋਰਟ ਚਾਹ-ਪਾਰਟੀਆਂ ਦੀ ਮਿੱਠੀ –ਮਿੱਠੀ ਮਹਿਕ ਅੰਦਰ ਸਾਂਝੈ ਹਸਤਾਖਰਾਂ ਹੇਠ , ਇੱਕ ਵਿਸ਼ਾਲ ਪੱਤਰਕਾਰ ਸੰਮੇਲਨ ਕਰਕੇ ਰੀਲੀਜ਼ ਕੀਤੀ ਗਈ , ਉਹਨਾਂ ਵਿਚੋਂ ਸੱਭ ਤੋਂ ਮਹੱਤਵਪੂਰਨ ਡਿਸਪੈਚ ਸ਼ਹਿਹੋਂਦਵਾਦ ਦੇ ਸੁਨਿਹਰੀ ਅਸੂਲਾਂ ਹੇਠ , ਦੋਨਾਂ ਬੇਈਆਂ ਦੇ ਨਾਮਕਰਨ ਹੇਠ ਤੁਰਦੇ ਜਲ-ਪ੍ਰਵਾਹ ਨੂੰ ਹਰ ਹੀਲੇ ਨਿਰੰਤਰ ਚਾਲੂ ਰੱਖਣ ਦਾ ਸੀ , ਭਾਵੇਂ ਸਹਿਹੋਂਦਵਾਦ ਦੀ ਨਵੀਂ-ਨਕੋਰ ਸੰਗਿਆ ਨਾਲ ਜੁੜਨ ਵਾਲਾ ਅਰਥ ਭਰਪੂਰ ਅਗੇਤਰ ‘ਸ਼ਾਂਤੀ ਪੂਰਵਕ ’ ਦੋਨਾਂ ਧੜਿਆਂ ਵਲੋਂ ਅਣ-ਗੌਲ੍ਹਿਆਂ ਹੀ ਰਹਿਣ ਦਿੱਤਾ ਗਿਆ ।
ਤੇ ਅਗਲੇ ਦਿਨ ਜਦ ,ਸਪਤ ਸਿੰਧੂ ਵਾਦੀ ਦੇ ਸਾਰੇ ਖੇਤਰ ਦੀਆਂ ਸਾਰੀਆਂ ਵੱਡੀਆਂ-ਛੋਟੀਆਂ ਅਖ਼ਬਾਰਾਂ ਨੇ ਦੋਨਾਂ ਬੇਈਆਂ ਵਿਚਕਾਰ ਹੋਏ ਸਦਭਾਵਨਾ ਸਮਝੌਤੇ ਦੀ ਖ਼ਬਰ ਮੋਟੀ ਸੁਰਖੀ ਬਣਾ ਕੇ ਪਹਿਲਿਆਂ ਪੰਨਿਆਂ ਤੇ ਛਾਪੀ , ਤਾਂ ਬਾਸਮਤੀਆਂ ਦੇ ਖਤਿਆਂ ਸਮੇਤ ਬੀਜਾਂ-ਪਨੀਰੀਆਂ ਦੇ ਕਿਆਰੇ-ਕਿਆਰੀਆਂ ਹੈਰਾਨ-ਪ੍ਰੇਸ਼ਾਨ ਰਹਿ ਗਏ । ਕਦੀ , ਉਹ ਅਪਣੀਆਂ ਕਮਰਾਂ ਦੁਆਲੇ ਘੁੱਟ ਕੇ ਬੰਨ੍ਹੇ ਗਾਤਰਿਆਂ-ਤ੍ਰਿਸ਼ੂਲਾਂ ਵਲ ਨਿਹਾਰਦੇ ਸਨ ਤੇ ਕਦੀ ਅਖ਼ਬਾਰਾਂ ਦੀ ਸੁਰਖੀ ਬਣੇ ਸਦਭਾਵਨਾ ਸ਼ਮਝੌਤੇ ਵਲ । ਕਦੀ ਉਹ ਆਪਣੇ ਬੰਜਰ ਹੋਏ ਸਰੀਰਾਂ ਨੂੰ ਦੇਖਦੇ ਸਨ ਕਦੀ ਅਖ਼ਬਾਰਾਂ ਦੀ ਸੁਰਖੀ ਹੇਠ ਹੱਸਦੀ ਖਲੋਤੀ ਹੱਥ ਮਿਲਾਉਂਦੀ ਪ੍ਰਧਾਨਾਂ ਦੀ ਜੋੜੀ ਨੂੰ । ਪਾਟੀਆਂ ਨਜ਼ਰਾਂ ਨਾਲ ਕਦੀ ਉਹ ਸੁਰੱਖਿਆ ਪ੍ਰਬੰਧਾਂ ਹੇਠ ਦਰੜ ਹੋਈ ਆਪਣੀ ਆਪਣੀ ਹੋਣੀ ਨੂੰ ਪਛਾਣਦੇ ਸਨ ਤੇ ਕਦੀ ਦੋਨਾਂ ਬੇਈਆਂ ਦੇ ਪ੍ਰਤੀਨਿਧ ਮੰਡਲਾਂ ਦੇ ਚਿਹਰਿਆਂ ਤੇ ਟਪਕਦੇ ਜਲਾਲ ਨੂੰ ।
……ਚਿੰਤਾ-ਚਿਖਾ ਅੰਦਰ ਤੜਫਦੇ , ਇਕ ਸਿਆਣੇ ਬਾਸਮਤੀ ਦੇ ਖੱਤੇ ਨੇ ਆਖਿਰ ਸਿੱਮਦੀਆਂ ਅੱਖਾਂ ਨਾਲ ਬੜੇ ਸਤਿਕਾਰ ਨਾਲ ਆਪਣਾ ਗਾਤਰਾ ਕਮਰ ਦੁਆਲਿਓਂ ਉਤਾਰਿਆ । ਬੜੇ ਪਿਆਰ ਨਾਲ ਇਹਨੂੰ ਚੁੰਮਿਆ ਤੇ ਝਟਕਾ ਮਾਰ ਕੇ , ਮਿਆਨ ਅੰਦਰੋਂ ਬਾਹਰ ਖਿੱਚ ਲਿਆ । ਮਿਆਨ ਨੂੰ ਸਹਿਜ ਨਾਲ ਬੰਨੇ ਤੇ ਟਿਕਾ ਕੇ ਬਾਸਮਤੀ ਦੇ ਖੱਤੇ ਨੇ , ਨੰਗੀ ਤੇਗ , ਅੱਖਾਂ ਮੁੰਦ ਕੇ ਪਹਿਲੋਂ ਆਪਣੇ ਮੱਥੇ ਨਾਲ ਛੁਹਾਈ ਤੇ ਫਿਰ ਪੂਰੇ ਜ਼ੋਰ ਨਾਲ ,ਨੌਕ ਭਾਰ ਛੰਭ ਦੀ ਹਿੱਕ ਅੰਦਰ ਖੋਭ ਕੇ ਪੱਥੀ-ਫਾਲੇ ਵਾਂਗ ਸਿਆੜ ਕਢਣੇ ਸ਼ੁਰੂ ਕਰ ਦਿੱਤੇ । ਉਸ ਦੇ ਆਸ-ਪਾਸ ਖੜੇ ਖੱਤਿਆਂ ਵਿਚੋਂ ਕੁਝ ਨੇ ਉਸ ਨੂੰ ਸਿਰ-ਫਿਰਿਆ ਆਖਿਆ ਕੁਝ ਇਕ ਨੇ ਗੱਦਾਰ । ਪਰ , ਛੇਤੀ ਹੀ ਉਸਦੀ ਬਦਲੀ ਹੋਈ ਆਭਾ ਦੇਖ ਕੇ , ਕਿੰਨੇ ਸਾਰੇ ਹੋਰ ਖੱਤੇ , ਥੋੜੀ-ਬਹੁਤੀ ਸੋਚ-ਵਿਚਾਰ ਪਿਛੋਂ ਉਸਦੇ ਮਗਰ ਆ ਜੁੜੇ ।ਦੇਖਦਿਆਂ ਹੀ ਦੇਖਦਿਆਂ ਸਾਰੀਆਂ ਤਲਵਾਰਾਂ , ਸਾਰੇ ਤ੍ਰਿਸ਼ੂਲ, ਆਪਣੇ ਖੱਤਿਆਂ ਆਪਣੀਆਂ ਕਿਆਰੀਆਂ ਅੰਦਰ ਇਕ-ਫਾਲੇ , ਤਿੰਨ-ਫਾਲੀਆਂ ਵਾਂਗ , ਵਿਰਾਨ ਹੋਈਆਂ ਹਿਕੜੀਆਂ ਨੂੰ ਖੁਰਚ ਖੁਰਚ ਕੇ ਹਰੀਆਂ-ਭਰੀਆਂ ਕਰਨ ਲੱਗ ਪਏ ।
…..ਸਾਹੋ-ਸਾਹ ਹੋਇਆ , ਘੜੀ-ਦੋ ਘੜੀਆਂ ਦੰਮ ਮਾਰਨ ਲਈ ਜਦ ਕਦੀ ਹੁਣ ਉਹਨਾਂ ਖੱਤਿਆਂ ਦਾ ਵਰਤਮਾਨ ਦੋਨਾਂ-ਦੋਨਾਂ ਬਾਹਾਂ ਦੀਆਂ ਹਲਨਾੜੀਆਂ ਰੋਕ ਕੇ ਦੂਰ ਦਿਸਹੱਦੇ ਦੀ ਕੁੱਖ ਉੱਪਰ ਛਾਏ ਕਾਲੇ-ਕਾਲੇ ਬਦਲਾਂ ਦੀ ਕੁਛੜ ਬੈਠੇ ਠੰਢੇ-ਠਾਰ ਸੁਨੇਹੇ ਦੀ ਉਡੀਕ ਕਰਦਾ ਤਰਲੋ-ਮੱਛੀ ਹੁੰਦਾ ਹੈ ਤਾਂ ਅਕਾਰਨ ਹੀ ਉਹਨਾਂ ਸਭਨਾਂ ਦਾ ਧਿਆਨ ਕਾਲੀਆਂ-ਚਿੱਟਿਆਂ ਬੇਈਆਂ ਖਾਤਰ ,ਰਜਵਾਂ ਖੂਨ-ਖਰਾਬਾ ਕਰਨ ਵਾਲੇ , ਆਪਣੇ ਮਿੱਟੀ ਲਿਬੜੇ ਇਹਨਾਂ ਹੱਥਾਂ ਦੇ ਅਤੀਤ ਵਲ ਚਲਾ ਜਾਂਦਾ ਹੈ । ਜਿਹਨਾਂ ਅੰਦਰੋਂ ਕਿਰਤ ਦੀ ਪਵਿੱਤਰ ਖੁਸ਼ਬੂ ਉਸ ਸਮੇਂ ਪਤਾ ਨਈਂ ਏਨਾਂ ਚਿਰ ਕਿੱਧਰ ਗਾਇਬ ਹੋਈ ਰਹੀ ਸੀ । ਸ਼ਰਮ ਨਾਲ ਪਾਣੀਉਂ ਪਾਣੀ ਹੁੰਦੇ, ਉਹ ਨੀਵੀਆਂ ਪਾਈ ਨਿੱਕੇ-ਵੱਡੇ ਵੱਟਾਂ-ਬੰਨ੍ਹਿਆਂ ਵਲ ਦੇਖਦੇ , ਹੁਣ ਇਉਂ ਮਹਿਸੂਸ ਕਰਦੇ ਜਾਪਦੇ ਹਨ , ਜਿਵੇਂ ਧਰਤੀ ਦੀ ਸਾਂਝੀ ਮਹਿਕ ਨੂੰ ਲੀਰਾਂ-ਲੀਰਾਂ ਕਰਨ ਵਿੱਚ ਉਹ ਵੀ ਫਾਰਮਾਂ-ਪਰਬਤਾਂ ਜਿੰਨੇ ਹੀ ਕਸੂਰਵਾਰ ਹੋਣ ।
ਚਿੱਟੀ ਬੇਂਈ–ਕਾਲੀ ਬੇਈਂ
March 8, 2015
by: ਲਾਲ ਸਿੰਘ
by: ਲਾਲ ਸਿੰਘ
This entry was posted in ਕਹਾਣੀਆਂ.