ਲੁਧਿਆਣਾ – ਆਮ ਆਦਮੀ ਪਾਰਟੀ ਲੁਧਿਆਣਾ ਦੀਆਂ ਮਹਿਲਾ ਵਲੰਟੀਅਰਜ਼ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਡਿਪਟੀ ਕਮਿਸ਼ਨਰ ਦਫਤਰ ਤੋਂ ਲੈ ਕੇ ਭਾਈ ਬਾਲਾ ਚੌਂਕ ਤੱਕ ਇੱਕ ਮਨੁੱਖੀ ਲੜੀ ਬਣਾਈ। ਆਮ ਆਦਮੀ ਪਾਰਟੀ ਦੀਆਂ ਸਿਗਨੇਚਰ ਟੋਪੀਆਂ ਪਾ ਕੇ ਅਤੇ ਆਪਣੇ ਹੱਥਾਂ ਵਿੱਚ ਤੰਬਾਕੂ ਅਤੇ ਬੀੜੀ ਸਿਗਰਟ ਆਦਿ ਦੀ ਵਰਤੋਂ ਤੇ ਰੋਕ ਲਾਉਣ ਦੇ ਨਾਅਰਿਆਂ ਵਾਲੇ ਪਲੇਅ-ਕਾਰਡ ਫੜ੍ਹ ਕੇ ਪਾਰਟੀ ਵਲੰਟੀਅਰਜ਼ ਨੇ ਸਿਗਰਟ ਐਂਡ ਤੰਬਾਕੂ ਪ੍ਰੋਡਕਟ ਐਕਟ (ਛੌਫਠਅ) ਜੋ ਕਿ ਵਿੱਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਦਾਅਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਰੋਕ ਲਗਾਂਦਾ ਹੈ, ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਆਪ ਦੀਆਂ ਮਹਿਲਾ ਵਲੰਟੀਅਰਜ਼ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਕੈਂਸਰ ਅਤੇ ਫੇਫੜਿਆਂ ਦੀਆਂ ਕਈ ਹੋਰ ਬੀਮਾਰੀਆਂ ਦਾ ਕਾਰਨ ਬਣਦੀ ਹੈ ਅਤੇ ਜਿਸ ਕਾਰਨ ਕਈ ਵਾਰ ਅਸੀਂ ਆਪਣੇ ਬਹੁਤ ਹੀ ਕਰੀਬੀ ਅਤੇ ਚਹੇਤਿਆਂ ਨੂੰ ਗਵਾ ਬੈਠਦੇ ਹਾਂ। ਜਦੋਂ ਕਿ ਔਰਤਾਂ ਅਤੇ ਬੱਚੇ ਹਵਾ ਵਿੱਚ ਤੰਬਾਕੂ ਦੇ ਫੈਲ ਰਹੇ ਧੂੰਏ ਦਾ ਅਸਿੱਧੇ ਤੌਰ ਤੇ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਇਹ ਤੰਬਾਕੂ ਪਦਾਰਥ ਵਿਦਿਅਕ ਅਦਾਰਿਆਂ ਅਤੇ ਕਾਲਜਾਂ ਦੇ 100 ਮੀਟਰ ਦੇ ਦਾਅਰੇ ਅੰਦਰ ਧੜੱਲੇ ਨਾਲ ਵੇਚੇ ਜਾ ਰਹੇ ਹਨ ਅਤੇ ਉੱਥੋਂ ਦੇ ਬੱਚਿਆ ਨੂੰ ਬੜੀ ਹੀ ਆਸਾਨੀ ਨਾਲ ਇਹਨਾਂ ਪਦਾਰਥਾਂ ਦੀ ਲਤ ਲੱਗ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸੰਬੰਧੀ ਇੱਕ ਕਾਨੂੰਨ ਵੀ ਮੌਜੂਦ ਹੈ ਪਰ ਪ੍ਰਸ਼ਾਸਨ ਦੁਆਰਾ ਇਸ ਨੂੰ ਲਾਗੂ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਸ਼ਹਿਰ ਵਿੱਚ ਰਹਿਣ ਵਾਲੇ ਅਣਗਿਣਤ ਪਰਿਵਾਰਾਂ ਨੂੰ ਅਥਾਹ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਆਪ ਦੀਆਂ ਮਹਿਲਾਵਾਂ ਵਾਲੰਟੀਅਰਜ਼ ਵਲੋਂ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨੁੱਖੀ ਲੜੀ ਬਣਾਈ ਗਈ ਹੈ।
ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸ. ਹਰਵਿੰਦਰ ਸਿੰਘ ਫੂਲਕਾ ਨੇ ਅੱਜ ਦੇ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੇ ਕਿਹਾ ਕੋਪਟਾ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਦੇ ਨਜ਼ਦੀਕ ਤੰਬਾਕੂ ਪਦਾਰਥਾਂ ਦੀ ਧੜੱਲੇ ਨਾਲ ਵਿਕਰੀ ਹੋ ਰਹੀ ਹੈ ਅਤੇ ਸਰਕਾਰ ਨੇ ਵੀ ਇਸ ਮਸਲੇ ਤੋਂ ਆਪਣਾ ਮੂੰਹ ਫੇਰਿਆ ਹੋਇਆ ਹੈ। ਇਸ ਲਈ ਸਾਡੀਆਂ ਮਹਿਲਾ ਵਾਲੰਟੀਅਰਜ਼ ਨੇ ਇਸ ਲਾਹਨਤ ਨੂੰ ਖਤਮ ਕਰਨ ਲਈ ਬੀੜਾ ਚੁੱਕਿਆ ਹੈ, ਕਿਉਂਕਿ ਉਹ ਮਹਿਸੂਸ ਕਰਦੀਆਂ ਹਨ ਕਿ ਹਰ ਸਾਲ ਇਹ ਲਤ ਅਨੇਕਾਂ ਹੀ ਪਰਿਵਾਰਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਖਤਮ ਕਰ ਰਹੀ ਹੈ ਅਤੇ ਜਦੋਂ ਤਕ ਕੋਪਟਾ ਕਾਨੂੰਨ ਪ੍ਰਭਾਵੀ ਤੋਰ ਤੇ ਲਾਗੂ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।