ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ ਬੇਮੌਸਮੀ ਬਾਰਸ਼ ਦੁਆਰਾ ਫਸਲਾਂ ਦੀ ਹੋਈ ਤਬਾਹੀ ਕਾਰਨ ਮੁਆਵਜ਼ੇ ਦੀ ਮੰਗ ਕੀਤੀ ਹੈ।
ਅੱਜ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਜ਼ੋਰ-ਸ਼ੋਰ ਨਾਲ ਮੁੱਦਾ ਉਠਾਉਂਦਿਆਂ ਪ੍ਰੋ. ਚੰਦੂ ਮਾਜਰਾ ਨੇ ਹਾਲ ਹੀ ਵਿਚ ਬੇਮੌਸਮੀ ਬਾਰਸ਼ ਨਾਲ ਪੰਜਾਬ, ਹਰਿਆਣਾ ਸਮੇਤ ਉੱਤਰੀ ਰਾਜਾਂ ’ਚ ਫਸਲਾਂ ਦੇ ਹੋਏ ਭਾਰੀ ਨੁਕਸਾਨ ’ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਰਾਜ ਸਰਕਾਰਾਂ ਨੂੰ ਮਾਲੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਕੋਲ ਪੈਸੇ ਦੀ ਪਹਿਲਾਂ ਹੀ ਘਾਟ ਹੈ ਤੇ ਕਿਸਾਨ ਦੀ ਮਦਦ ਕਰਨੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਕਿਸਾਨ ਤਾਂ ਸਾਰਾ ਖਰਚ ਕਰ ਕੇ ਫਸਲ ਤਿਆਰ ਕਰ ਚੁੱਕਾ ਹੈ।ਖੇਤੀ ਦੀਆਂ ਲਾਗਤਾ ਬਹੁਤ ਜ਼ਿਆਦਾ ਆਉਣ ਤੋਂ ਬਾਅਦ ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਵਿਸ਼ਾਲ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ।
ਕਿਸਾਨਾਂ ਲਈ ਮੁਆਵਜ਼ੇ ਦੀ ਰਾਸ਼ੀ 15 ਸੌ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਕਰਦਿਆਂ ਪ੍ਰੋ. ਚੰਦੂ ਮਾਜਰਾ ਨੇ ਦਲੀਲ ਦਿੱਤੀ ਕਿ 15 ਸੌ ਰੁਪਏ ਦਾ ਤਾਂ ਡੀ.ਏ.ਪੀ. ਦਾ ਇਕ ਥੈਲਾ ਹੀ ਆਉਂਦਾ ਹੈ, ਘਟੋ-ਘਟ ਪ੍ਰਤੀ ਏਕੜ 10 ਹਜ਼ਾਰ ਰੁਪਏ ਦਾ ਹੋਣ ਵਾਲਾ ਖਰਚਾ ਤਾਂ ਮੋੜਿਆ ਜਾਵੇ।
ਪ੍ਰੋ. ਚੰਦੂ ਮਾਜਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਇਕਾਈ ਬਲਾਕ ਨਹੀਂ, ਇਹ ਪਿੰਡ ਸਗੋਂ ਕਿਸਾਨ ਨੂੰ ਮੰਨਿਆ ਜਾਣਾ ਚਾਹਿਦਾ ਹੈ ਕਿਉਂਕਿ ਕੁਦਰਤੀ ਕਹਿਰ ਦੀ ਬਦੌਲਤ ਗੜੇਮਾਰ ਕਈ ਵਾਰ ਇਕ ਖੇਤ ਤੋਂ ਦੁੂੱਜਾ ਖੇਤ ਛੱਡ ਦਿੰਦੀ ਹੈ।ਪੰਜਾਬ ਦੀ ਬਾਦਲ ਸਰਕਾਰ ਵੱਲੋਂ ਇਹ ਕੇਸ ਪਹਿਲਾਂ ਹੀ ਮੁਆਵਜ਼ੇ ਲਈ ਕੇਂਦਰ ਕੋਲ ਭੇਜਿਆ ਜਾ ਚੁੱਕਾ ਹੈ।