ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ 49ਵੀਂ ਐਥਲੈਟਿਕ ਮੀਟ ਅੱਜ ਪੂਰੇ ਸਾਨੋ ਸ਼ੌਕਤ ਨਾਲ ਰਸਮੀ ਤੌਰ ਤੇ ਆਰੰਭ ਹੋਈ । ਯੂਨੀਵਰਸਿਟੀ ਦੇ ਐਥਲੈਟਿਕ ਟਰੈਕ ਵਿੱਚ ਆਯੋਜਿਤ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਇੰਸਦਾਨ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਸਨ । ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਤੋਂ ਇਲਾਵਾ ਗੁਰਦਾਸਪੁਰ ਵਿਖੇ ਸਥਿਤ ਕੇਂਦਰ ਤੋਂ ਵੀ ਵਿਦਿਆਰਥੀ ਭਾਗ ਲੈ ਰਹੇ ਹਨ ।
ਇਸ ਮੌਕੇ ਡਾ. ਢਿੱਲੋ ਨੇ ਬੋਲਦਿਆਂ ਕਿਹਾ ਕਿ ਸ਼ਖਸ਼ੀਅਤ ਉਸਾਰੀ ਦੇ ਲਈ ਖੇਡਾਂ ਅਤੇ ਯੁਵਕ ਗਤੀਵਿਧੀਆਂ ਅਹਿਮ ਸਥਾਨ ਰਖਦੀਆਂ ਹਨ । ਇਸ ਲਈ ਵਿੱਦਿਅਕ ਪ੍ਰੋਗਰਾਮਾਂ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ । ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਬੜੀ ਥੋੜੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ ਪਰ ਕੌਮਾਂਤਰੀ ਪੱਧਰ ਤੇ ਇਹਨਾਂ ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਪ੍ਰਾਪਤੀ ਸਲਾਹੁਣਯੋਗ ਹਨ । ਉਹਨਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਇਕ ਚੰਗੇ ਖਿਡਾਰੀ ਹੋਣ ਨਾਲੋਂ ਚੰਗਾ ਸਪੋਰਟਸ ਮੈਨ ਹੋਣਾ ਜ਼ਿਆਦਾ ਮਹੱਤਤਾ ਰੱਖਦਾ ਹੈ। ਉਹਨਾਂ ਕਿਹਾ ਕਿ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੈ ਦੇ ਨਾਲ ਅਸੀਂ ਕੋਈ ਵੀ ਮੁਸ਼ਕਲ ਨੂੰ ਹੱਲ ਕਰ ਸਕਦੇ ਹਾਂ । ਯੂਨੀਵਰਸਿਟੀ ਦੇ ਵੱਖ ਵੱਖ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਵੀ ਕੱਢਿਆ ਗਿਆ ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਖੇਡਾਂ ਸਾਨੂੰ ਅਨੁਸਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਨਾਲ ਅਨੁਸ਼ਾਸ਼ਨ ਵਿੱਚ ਰਹਿਣਾ ਅਤੇ ਦੂਜਿਆਂ ਦੀਆਂ ਚੰਗੇਰੀਆਂ ਗੱਲਾਂ ਨੂੰ ਆਪਣੀ ਸ਼ਖਸ਼ੀਅਤ ਦਾ ਹਿੱਸਾ ਬਨਾਉਣਾ ਸਿਖਾਉਂਦੀਆਂ ਹਨ । ਉਹਨਾਂ ਬੀਤੇ ਵਰ੍ਹੇ ਵਿਦਿਆਰਥੀਆਂ ਵੱਲੋਂ ਖੇਡ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ । ਕੱਲ ਸ਼ਾਮ ਅਤੇ ਅੱਜ ਹੋਏ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ।