ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ 350ਵੇਂ ਸਾਲ ਦੇ ਜਸ਼ਨਾਂ ਮੌਕੇ ਧਾਰਮਿਕ ਟੂਰਿਸਟ ਹਬ ਵਜੋਂ ਵਿਕਸਿਤ ਕਰਨ ਦੀ ਮੰਗ ਕੀਤੀ ਹੈ।
ਅੱਜ ਇਥੇ ਪਾਰਲੀਮੈਂਟ ਅੰਦਰ ਨਿਯਮ 377 ਅੰਦਰ ਇਹ ਮੁੱਦਾ ਉਠਾਉਦਿਆਂ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਵੱਖ-ਵੱਖ ਧਰਮਾਂ, ਭਾਸ਼ਾਵਾਂ, ਕਲਚਰ ਤੇ ਪਰੰਪਰਾਵਾਂ ਦਾ ਫ਼ਖ਼ਰ ਰੱਖਣ ਵਾਲੇ ਹਿੰਦੁਸਤਾਨ ਵਿਚ ‘‘ਏਕਤਾ ਵਿਚ ਅਨੇਕਤਾ’’ ਦਾ ਗੌਰਵ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਅਨੰਦਪੁਰ ਸਾਹਿਬ ਤੋਂ ਆ ਕੇ ਦਿੱਲੀ ਪਹੁੰਚ ਕੁਰਬਾਨੀ ਦੇਣ ਕਾਰਨ ਹੀ ਮਿਲ ਸਕਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਅਨੰਦਪੁਰ ਸਾਹਿਬ ਨੂੰ ਪਹਿਲ ਦੇ ਆਧਾਰ ’ਤੇ ਇਕ ਰਿਲੀਜਸ ਟੂਰਿਸਟ ਹਬ (ਧਾਰਮਿਕ ਸੈਰ-ਸਪਾਟਾ ਕੇਂਦਰ) ਵਜੋਂ ਵਿਕਸਿਤ ਕੀਤਾ ਜਾਵੇ ਜੋ ਨਾ ਕੇਵਲ ਰੁਜ਼ਗਾਰ ਤੇ ਆਮਦਨ ਦੇ ਸਰੋਤਾਂ ’ਚ ਇਜਾਫ਼ਾ ਕਰੇਗਾ ਸਗੋਂ ਸਾਡੇ ਮੁਲਕ ਵਿਚ ਜ਼ਾਤ-ਪਾਤ ਦਾ ਖ਼ਾਤਮਾ ਕਰਨ ’ਚ ਸਹਾਈ ਹੁੰਦਿਆਂ ਧਾਰਮਿਕ ਪੂਜਾ ਦੀ ਆਜ਼ਾਦੀ ਨੂੰ ਪੋ੍ਰਤਸਾਹਤ ਕਰਨ ਦਾ ਵੀ ਪੈਗਾਮ ਦੇਵੇਗਾ।
ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਸਿੱਖਾਂ ਦਾ ਦੂਜਾ ਵੱਡਾ ਤਖ਼ਤ ਹੈ ਜੋ ਪ੍ਰਸਿੱਧ ਹਿੰਦੂ ਮੰਦਰ ਨੈਣਾ ਦੇਵੀ, ਚਿੰਦਪੁਰਨੀ, ਬਾਬਾ ਬਾਲਕ ਨਾਥ, ਗੁਰੂ ਰਵੀਦਾਸ, ਤਪ-ਸਥਾਨ ਖੁਰਲਗੜ੍ਹ ਜਿਹੇ ਧਾਰਮਿਕ ਮੰਦਰਾਂ ਨੂੰ ਜਾਂਦੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਸੈਲਾਨੀ ਸ੍ਰੀ ਨਗਰ, ਕੁੱਲੂ ਮਨਾਲੀ ਜਿਹੇ ਰਮਣੀਕ ਸਥਾਨਾਂ ਨੂੰ ਜਾਂਦਿਆਂ-ਆਉਂਦਿਆਂ ਅਨੰਦਪੁਰ ਸਾਹਿਬ ਰਾਤਰੀ ਠਹਿਰਾਅ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸਥਾਨ ਦਰਿਆ ਸਤਲੁਜ ’ਤੇ ਭਾਖੜਾ ਨੰਗਲ ਡੈਮ, ਗੋਬਿੰਦ ਸਾਗਰ ਝੀਲ ਲਾਗੇ ਹੋਣ ਕਾਰਨ ਵਾਟਰ-ਗੇਮਜ਼ ਦੇ ਤੌਰ ’ਤੇ ਵੀ ਵਿਕਸਿਤ ਹੋਣਾ ਲੋਚਦਾ ਹੈ।