ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਸ੍ਰ. ਮਨਮੋਹਨ ਸਿੰਘ ਦੇ ਖਿਲਾਫ਼ ਮੋਦੀ ਸਰਕਾਰ ਘਟੀਆ ਅਤੇ ਗੰਦੀ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਦਾ ਨਾਮ ਕੋਇਲਾ ਬਲਾਕ ਘੋਟਾਲੇ ਵਿੱਚ ਇੱਕ ਸਾਜਿਸ਼ ਦੇ ਤਹਿਤ ਵਰਤਿਆ ਜਾ ਰਿਹਾ ਹੈ। ਕਾਂਗਰਸੀ ਨੇਤਾਵਾਂ ਨੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਦੇ ਦਫ਼ਤਰ ਤੋਂ ਲੈ ਕੇ ਪ੍ਰਧਾਨਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਤੱਕ ਮਾਰਚ ਕੀਤਾ। ਪਾਰਟੀ ਨੇਤਾਵਾਂ ਨੇ ਮਾਰਚ ਕਰਕੇ ਇਹ ਸੰਦੇਸ਼ ਦਿੱਤਾ ਕਿ ਉਹ ਹਰ ਹਾਲ ਵਿੱਚ ਡਾ: ਮਨਮੋਹਨ ਸਿੰਘ ਦੇ ਨਾਲ ਹਨ। ਇਸ ਮਾਰਚ ਵਿੱਚ ਕਾਂਗਰਸ ਦੇ ਸਾਰੇ ਉਚ ਨੇਤਾ ਸ਼ਾਮਿਲ ਹੋਏ।
ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨਮੰਤਰੀ ਦੇ ਨਿਵਾਸ ਸਥਾਨ ਤੇ ਪਹੁੰਚਣ ਤੋਂ ਬਾਅਦ ਕਿਹਾ ਕਿ ਸ੍ਰ. ਮਨਮੋਹਨ ਸਿੰਘ ਦੁਨੀਆਂ ਵਿੱਚ ਇੱਕ ਸਨਮਾਨਿਤ ਵਿਅਕਤੀ ਹਨ। ਕਾਂਗਰਸ ਮਜਬੂਤੀ ਨਾਲ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਸਮਨ ਭੇਜੇ ਜਾਣ ਕਰਕੇ ਅਸੀ ਦੁੱਖੀ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਦੋਸ਼ ਮੁਕਤ ਹੋਣਗੇ। ਸੋਨੀਆ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਨਿਰਦੋਸ਼ ਹਨ ਅਤੇ ਉਨ੍ਹਾਂ ਦੀ ਇਮਾਨਦਾਰੀ ਤੇ ਸ਼ਕ ਨਹੀਂ ਕੀਤਾ ਜਾ ਸਕਦਾ। ਮਾਰਚ ਤੋਂ ਬਾਅਦ ਸੋਨੀਆ ਨੇ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ।
ਸ੍ਰ. ਮਨਮੋਹਨ ਸਿੰਘ ਨੇ ਆਪਣੇ ਘਰ ਪਹੁੰਚੇ ਨੇਤਾਵਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਹੋ ਨੇਤਾ ਮੇਰੇ ਘਰ ਆਏ, ਇਸ ਨਾਲ ਮੈਂ ਬਹੁਤ ਖੁਸ਼ ਹਾਂ। ਅਸੀਂ ਇਸ ਮਾਮਲੇ ਵਿੱਚ ਪੂਰੀ ਤਾਕਤ ਅਤੇ ਸਚਾਈ ਨਾਲ ਕਾਨੂੰਨੀ ਲੜਾਈ ਲੜਾਂਗੇ।