ਫ਼ਤਹਿਗੜ੍ਹ ਸਾਹਿਬ – ਲਾਹੌਰ ਦੇ ਗਿਰਜਾ ਘਰਾਂ ਉਤੇ ਹੋਏ ਆਤਮਘਾਤੀ ਹਮਲਿਆ ਦੌਰਾਨ ਮਾਰੇ ਗਏ ਨਿਰਦੋਸ਼ ਇਸਾਈ ਸਰਧਾਲੂਆਂ ਦੀ ਮੌਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ ਕਿ ਅਜਿਹੀਆ ਕਾਰਵਾਈਆਂ ਨਾਲ ਘੱਟ ਗਿਣਤੀ ਕੌਮਾਂ ਵਿਚ ਬੇਗਾਨੀ ਅਤੇ ਬੇਭਰੋਸੇਯੋਗਤਾ ਪੈਦਾ ਹੁੰਦੀ ਹੈ । ਜਿਸ ਨਾਲ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਤਾਣਾ-ਬਾਣਾ ਟੁੱਟ ਜਾਂਦਾ ਹੈ । ਇਸ ਆਤਮਘਾਤੀ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀ ਹੀ ਥੋੜ੍ਹੀ ਹੈ । ਸ. ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹਿੰਦੂਸਤਾਨ ਵਿਚ ਵੀ ਇਸਾਈਆਂ ਦੇ ਧਾਰਮਿਕ ਸਥਾਨਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ । ਇਹਨਾਂ ਹਮਲਿਆ ਵਿਚ ਸਿੱਧੇ ਤੌਰ ਤੇ ਆਰ.ਐਸ.ਐਸ, ਸਿਵ ਸੈਨਾ, ਬਜ਼ਰੰਗ ਦਲ, ਵਿਸਵ ਹਿੰਦੂ ਪ੍ਰੀਸ਼ਦ ਵਰਗੀਆਂ ਕੱਟੜ ਮੁਤੱਸਵੀ ਜਥੇਬੰਦੀਆਂ ਸ਼ਾਮਿਲ ਹੁੰਦੀਆਂ ਹਨ । ਪਰ ਹਿੰਦੂਸਤਾਨ ਇਕ ਹਿੰਦੂਤਵ ਮੁਲਕ ਹੋਣ ਕਾਰਨ ਇਸਾਈਆਂ ਨੂੰ ਇਨਸਾਫ਼ ਨਹੀਂ ਮਿਲਦਾ । ਇਸੇ ਤਰ੍ਹਾਂ ਸਿੱਖ ਕੌਮ ਉਤੇ ਵੀ ਲਗਾਤਾਰ ਹਿੰਦੂਤਵ ਪੱਖੀ ਲੋਕ ਹਮਲੇ ਕਰ ਰਹੇ ਹਨ । ਜਿਸ ਨਾਲ ਸਿੱਖ ਕੌਮ ਹਿੰਦੂਸਤਾਨ ਅੰਦਰ ਦਹਿਸਤ ਵਿਚ ਜਿੰਦਗੀ ਬਤੀਤ ਕਰ ਰਹੀ ਹੈ । ਜਿਸ ਤੋ ਸਪੱਸਟ ਹੈ ਕਿ ਪਾਕਿਸਤਾਨ ਅਤੇ ਹਿੰਦੂਸਤਾਨ ਵਿਚ ਘੱਟ ਗਿਣਤੀ ਕੌਮਾਂ ਦੇ ਹਿੱਤ ਮਹਿਫੂਜ ਨਹੀਂ ਰਹੇ ।
ਸ. ਮਾਨ ਨੇ ਕਿਹਾ ਕਿ ਇਹਨਾਂ ਹੋ ਰਹੇ ਹਮਲਿਆ ਨੂੰ ਰੋਕਣ ਲਈ ਆਰਚੀ ਬਿਸਪ ਕੈਨੇਵਰੀ ਅਤੇ ਵੈਟੀਕਨ ਵਰਗੀਆਂ ਅਮਨ ਪਸੰਦ ਅਤੇ ਜ਼ਮਹੂਰੀਅਤ ਪੱਖੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਘੱਟ ਗਿਣਤੀਆਂ ਤੇ ਹੋ ਰਹੇ ਬੰਬ ਧਮਾਕੇ ਬੰਦ ਹੋ ਸਕਣ ਅਤੇ ਸਦੀਆਂ ਪੁਰਾਣੇ ਇਤਿਹਾਸਿਕ, ਧਾਰਮਿਕ, ਸੱਭਿਆਚਾਰਕ ਅਸਥਾਨਾਂ ਨੂੰ ਇੰਟਰਨੈਸ਼ਨਲ ਕਾਨੂੰਨਾਂ ਤਹਿਤ ਨੁਕਸਾਨ ਨਾ ਪਹੁੰਚਾਉਣ ਲਈ ਬਣੇ ਕਾਨੂੰਨਾਂ ਨੂੰ ਤੁਰੰਤ ਅਮਲ ਵਿਚ ਲਿਆਕੇ ਇਹਨਾਂ ਅਸਥਾਨਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ । ਸ. ਮਾਨ ਨੇ ਕਿਹਾ ਕਿ ਬੇਦੋਸ਼ੇ ਲੋਕਾਂ ਦਾ ਖੂਨ ਵਹਾਉਣਾ ਮਨੁੱਖਤਾ ਦੇ ਲਈ ਬਹੁਤ ਖ਼ਤਰਨਾਕ ਰੁਝਾਨ ਹੈ । ਅਜਿਹੇ ਅਪਰਾਧ ਕਰਨ ਦੀ ਪ੍ਰਮਾਤਮਾ ਵੀ ਇਜ਼ਾਜਤ ਨਹੀਂ ਦਿੰਦਾ । ਜੋ ਲੋਕ ਅਜਿਹੇ ਕਾਰਨਾਮੇ ਕਰਦੇ ਹਨ, ਉਹ ਧਰਮ, ਸਮਾਜ, ਸੱਭਿਆਚਾਰ ਅਤੇ ਮਨੁੱਖਤਾ ਦੇ ਵਿਰੋਧੀ ਹੀ ਕਹੇ ਜਾ ਸਕਦੇ ਹਨ । ਇਸ ਲਈ ਆਰ.ਐਸ.ਐਸ, ਬਜਰੰਗ ਦਲ, ਸਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਮਨੁੱਖਤਾ ਵਿਰੋਧੀ ਮੁਤੱਸਵੀ ਜਥੇਬੰਦੀਆਂ ਤੇ ਤੁਰੰਤ ਪਾਬੰਦੀ ਲਗਾਕੇ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕਦਾ ਹੈ ।