ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਵਿੱਚ ਇਸ ਮਹੀਨੇ ਹੋਈ ਵਰਖਾ ਨੇ ਪਿੱਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਲੱਖਾਂ ਹੈਕਟੇਅਰ ਵਿੱਚ ਖੜੀ ਫਸਲ ਤਬਾਹ ਹੋ ਗਈ ਹੈ। ਕਣਕ, ਸਰੋਂ, ਛੋਲੇ ਅਤੇ ਸਬਜੀਆਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਕੁਝ ਕਿਸਾਨਾਂ ਨੇ ਤਾਂ ਆਪਣੀਆਂ ਖੂਨ-ਪਸੀਨੇ ਨਾਲ ਪਾਲੀਆਂ ਫਸਲਾਂ ਤੇ ਟਰੈਕਟਰ ਚਲਾ ਦਿੱਤਾ, ਤਾਂ ਜੋ ਨਵੀਂ ਫਸਲ ਦੀ ਬਿਜਾਈ ਕੀਤੀ ਜਾ ਸਕੇ।
ਗੜਿਆਂ ਪੈਣ ਕਰਕੇ 90% ਤੱਕ ਫਸਲ ਤਬਾਹ ਹੋ ਚੁੱਕੀ ਹੈ। ਪੰਜਾਬ ਦੇ ਤਰਨਤਾਰਨ, ਸੰਗਰੂਰ,ਪਠਾਨਕੋਟ,ਕਪੂਰਥੱਲਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਮਾਨਸਾ, ਫਾਜਲਿਕਾ ਅਤੇ ਨਵਾਂ ਸ਼ਹਿਰ ਬਹੁਤ ਪ੍ਰਭਾਵਿਤ ਹੋਏ ਹਨ। ਫਾਜਲਿਕਾ ਵਿੱਚ 700 ਹੈਕਟੇਆਰ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ। ਪੰਜਾਬ ਵਿੱਚ 35 ਲੱਖ ਹੈਕਟੇਅਰ ਦੇ ਰਕਬੇ ਵਿੱਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਵਿੱਚੋਂ ਢਾਈ ਲੱਖ ਦੇ ਕਰੀਬ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਅੰਮ੍ਰਿਤਸਰ ਵਿੱਚ 10 ਤੋਂ 15% ਤੱਕ ਫਸਲ ਢਹਿਢੇਰੀ ਹੋ ਚੁੱਕੀ ਹੈ। ਸਬਜੀਆਂ ਅਤੇ ਸਰੋਂ ਦੀ ਫਸਲ ਦਾ ਵੀ 2% ਤੱਕ ਨੁਕਸਾਨ ਹੋਇਆ ਹੈ। ਜਲੰਧਰ ਵਿੱਚ ਆਲੂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਰਖਾ ਹੋਣ ਦੇ ਆਸਾਰ ਹਨ।