ਨਵੀਂ ਦਿੱਲੀ : ਉਤਰਾਖੰਡ ਦੇ ਕਾਸ਼ੀਪੁਰ ਵਿਖੇ ਹੋਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਾਈ ਦੇ ਇਲਾਕੇ ‘ਚ ਵਸਦੇ ਸਿੱਖਾਂ ਵੱਲੋਂ ਬੰਜਰ ਜ਼ਮੀਨਾਂ ਨੂੰ ਉਪਜਾਉ ਬਨਾਉਣ ਦੇ ਨਾਲ ਹੀ ਸਿੱਖੀ ਨੂੰ ਸੰਭਾਲਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਵਧਾਈ ਦਿੱਤੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਨ੍ਹਾਂ ਸਮਾਗਮਾਂ ‘ਚ ਭਾਗ ਲੈਣ ਗਏ ਭੇਜੇ ਗਏ ਕਮੇਟੀ ਮੈਂਬਰ ਦਰਸ਼ਨ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਾਸ਼ੀਪੁਰ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਸੰਭਾਲਣ ‘ਚ ਤਰਾਈ ਇਲਾਕੇ ਦੇ ਸਿੱਖਾਂ ਦਾ ਵੱਡਾ ਯੋਗਦਾਨ ਹੈ ਤੇ ਇਹੀ ਕਾਰਣ ਹੈ ਕਿ ਅੱਜ ਦੇਸ਼ ਵਿਦੇਸ਼ ‘ਚ ਪ੍ਰਚਾਰਕ ਦੇ ਤੌਰ ਤੇ ਇਸ ਇਲਾਕੇ ਦੇ ਸਿੱਖਾਂ ਨੇ ਆਪਣਾ ਅਹਿਮ ਸਥਾਨ ਬਨਾ ਲਿਆ ਹੈ।
ਆਪਣੀ ਮਿਹਨਤ ਦੇ ਨਾਲ ਬੰਜਰ ਧਰਤੀ ਤੇ ਕਿਰਸਾਨੀ ਕਰਦੇ ਹੋਏ ਬਹਾਦਰ ਸਿੱਖਾਂ ਵੱਲੋ ਤਰਾਈ ਦੇ ਹਲਕੇ ‘ਚ ਲਹਿਰਾ-ਬਹਿਰਾਂ ਲਿਆਉਣ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ। ਦਿੱਲੀ ਕਮੇਟੀ ਵੱਲੋਂ ਤਰਾਈ ਦੇ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਹਿਯੋਗ ਕਰਨ ਦੀ ਵੀ ਪੇਸ਼ਕਸ਼ ਕੀਤੀ ਗਈ। ਚਾਰ ਦਿਨੀ ਹੋਏ ਇਨ੍ਹਾਂ ਸਮਾਗਮਾਂ ‘ਚ ਗੁਰਦੁਆਰ ਸੀਸਗੰਜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹੋਲੇ ਮਹੱਲੇ ਦੇ ਇਤਿਹਾਸ ਅਤੇ ਉਸ ਦੀ ਮਹਤਤਾ ਬਾਰੇ ਸੰਗਤਾਂ ਨੂੰ ਵਿਸਤਾਰ ਨਾਲ ਜਾਣੂੰ ਕਰਵਾਇਆ।