ਨਵੀਂ ਦਿੱਲੀ : ਪਾਕਿਸਤਾਨ ਦੇ ਉੱਘੇ ਵਪਾਰੀਆਂ ਦੇ ਇਕ ਵਫਦ ਨੇ ਦਿੱਲੀ ਫੇਰੀ ਦੌਰਾਨ ਇਥੇ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਆਕਿਦਾ ਗੁਰੁੂ ਚਰਣਾ ‘ਚ ਭੇਂਟ ਕੀਤਾ। ਭਾਰਤ ਦੌਰੇ ਦੇ ਸਾਰਕ ਦੇਸ਼ਾਂ ਦੀ ਮੀਟਿੰਗ ‘ਚ ਹਿੱਸਾ ਲੈਣ ਆਏ ਫੈਸਲਾਬਾਦ ਚੈਂਬਰ ਆਫ ਕੋਮਰਸ ਦੇ ਪ੍ਰਧਾਨ ਰਿਜ਼ਵਾਨ ਅਸ਼ਰਫ ਦੀ ਅਗੁਵਾਈ ਹੇਠ ਆਏ ਇਸ ਵਫਦ ਨੇ ਗੁਰ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੌਰਾਨ ਭਾਰਤ ‘ਚ ਵਸਦੇ ਪੰਜਾਬੀਆਂ ਨਾਲ ਆਪਣੀ ਭਾਈਚਾਰਕ ਤੇ ਪੁਰਾਤਨ ਸਭਿਆਚਾਰਕ ਸਾਂਝ ਹੋਣ ਦਾ ਵੀ ਦਾਅਵਾ ਕੀਤਾ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਵਫਦ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਅਸ਼ਰਫ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਆਪਸੀ ਵਪਾਰ ਨੂੰ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਪਰ ਲੋੜ ਹੈ ਦੋਨੋ ਧਿਰਾਂ ਅਣਸੁਖਾਵੀ ਘਟਨਾਵਾਂ ਨੂੰ ਪਰ੍ਹੇ ਰੱਖਕੇ ਆਪਣੇ ਮੁਲਕਾਂ ਦੀ ਤਰੱਕੀ ਵੱਲ ਖਾਸ ਧਿਆਨ ਦੇਣ। ਲਹਿੰਦੇ ਪੰਜਾਬ ਤੋਂ ਆਏ ਇਸ ਵਫਦ ਨੇ ਭਾਰਤੀ ਪੰਜਾਬ ਦੇ ਨਾਲ ਆਪਣੀ ਤਿਓਹਾਰਾਂ ਅਤੇ ਪੰਜਾਬੀ ਭਾਸ਼ਾਂ ਦੀ ਭਾਈਚਾਰਕ ਸਾਂਝ ਨੂੰ ਹੋਰ ਗਹਿਰਾ ਕਰਨ ਵਾਸਤੇ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਇਸ ਵਫਦ ‘ਚ ਕੋਰਡੀਨੇਸ਼ਨ ਕਮੇਟੀ ਆਫ ਇੰਡੀਆ ਦੇ ਚੇਅਰਮੈਨ ਰਿਹਾਨ ਨਸੀਮ ਬਰਾਰਾ ਦੇ ਨਾਲ 20 ਹੋਰ ਪੱਤਵੰਤੇ ਮੈਂਬਰ ਵੀ ਮੌਜੂਦ ਸਨ।