ਤਲਵੰਡੀ ਸਾਬੋ : ਮਾਲਵੇ ਦੇ ਲੋਕਾਂ ਦੀ ਜਿੰਦ ਜਾਨ ਬਣ ਚੁੱਕੇ ਬਠਿੰਡੇ ਦੇ ਸਰਸ ਮੇਲੇ ਦੇ ਅਖੀਰੀ ਦਿਨਾਂ ਤੱਕ ਲੱਖਾਂ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਪਹਿਰਾਵਿਆਂ, ਖਾਣ-ਪੀਣ ਅਤੇ ਕਲਾ ਕ੍ਰਿਤੀ ਦੀਆਂ ਸਟਾਲਾਂ ਨੇ ਜਿੱਥੇ ਦਰਸ਼ਕਾਂ ਦਾ ਮਨ ਮੋਹਿਆ, ਉਥੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਤਾਲੀਮ ਹਾਸਲ ਕਰ ਰਹੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਸਰਸ ਮੇਲੇ ਵਿਚ ਹਾਜ਼ਰੀ ਲਵਾਉਂਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਮਸ਼ਹੂਰ ਲੋਕ-ਨਾਚ ਗਿੱਧਾ, ਭੰਗੜਾ ਅਤੇ ਰਾਜਸਥਾਨ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਰਾਜਸਥਾਨੀ ਨ੍ਰਿਤ (ਆਯੋ ਰੇ ਮਾਰ੍ਹੋ ਢੋਲਨਾ) ਪੇਸ਼ ਕੀਤਾ। ਇਸ ਦੌਰਾਨ ਮੰਚ ਸੰਚਾਲਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਕੀਤਾ।
ਗੌਰ-ਏ-ਤਲਬ ਹੈ ਕਿ ਜਦੋਂ ਵਿਦਿਆਰਥੀਆਂ ਨੇ ਸਿੱਪੀਆਂ-ਸਿਤਾਰਿਆਂ ਵਾਲੀਆਂ ਕਾਲੇ ਰੰਗ ਦੀਆਂ ਪੋਸ਼ਾਕਾਂ ਵਿਚ ਰਾਜਸਥਾਨੀ ਨ੍ਰਿਤ ਸ਼ੁਰੂ ਕੀਤਾ ਤਾਂ ਮੇਲੇ ਵਿਚ ਘੁੰਮਦੇ ਦਰਸ਼ਕਾਂ ਦਾ ਹਜ਼ੂਮ ਇਕਦਮ ਇਸ ਕਲਾਕ੍ਰਿਤੀ ਨੂੰ ਦੇਖਣ ਲਈ ਉੱਮਡ ਪਿਆ। ਬੈਠਣ ਵਾਲੀਆਂ ਕੁਰਸੀਆਂ ਤੋਂ ਬਿਨਾਂ ਦੂਰ-ਦੂਰ ਤੱਕ ਮੇਲੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਵਿਦਿਆਰਥੀਆਂ ਦੀਆਂ ਪੰਜਾਬੀ ਅਤੇ ਰਾਜਸਥਾਨੀ ਸੱਭਿਆਚਾਰ ਦੇ ਰੰਗ ਵਿਚ ਪਰੁੰਨੀਆਂ ਇਨ੍ਹਾਂ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ। ਮੇਲਾ ਆਯੋਜਕ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਇਸ ਪੇਸ਼ਕਾਰੀ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਦੀ ਅਗਵਾਈ ਹੇਠ ਮੇਲੇ ਵਿਚ ਲੱਗੀਆਂ ਵੱਖ-ਵੱਖ ਸਟਾਲਾਂ ਦਾ ਖੂਬ ਆਨੰਦ ਮਾਣਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਨ੍ਹਾਂ ਸੱਭਿਆਚਾਰਕ ਪੇਸ਼ਕਾਰੀਆਂ ਸੰਬੰਧੀ ਸੰਚਾਲਕਾਂ ਅਤੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਪ੍ਰਸ਼ਾਸ਼ਨਿਕ ਉਪਰਾਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਨਾ ਕੀਤੀ।
ਇਸ ਗਤੀਵਿਧੀ ਦੌਰਾਨ ਪ੍ਰੋ. ਰੇਸ਼ਮ ਕੌਰ, ਪ੍ਰੋ. ਕੰਵਲਜੀਤ ਸਿੰਘ. ਪ੍ਰੋ. ਸ਼ਿੰਗਾਰਾ ਸਿੰਘ, ਪ੍ਰੋ. ਹਰਜਿੰਦਰ ਸਿੰਘ ਅਤੇ ਪ੍ਰੋ. ਹਰਦੀਪ ਸਿੰਘ ਵਿਦਿਆਰਥੀਆਂ ਦੇ ਨਾਲ-ਨਾਲ ਰਹੇ ਅਤੇ ਪੇਸ਼ਕਾਰੀ ਅਤੇ ਤਿਆਰੀ ਸੰਬੰਧੀ ਹਰ ਸੰਭਵ ਮਦਦ ਕੀਤੀ।