ਲਖਨਊ – ਉਤਰਪ੍ਰਦੇਸ਼ ਦੇ ਰਾਏਬਰੇਲੀ ਵਿੱਚ ਹੋਈ ਰੇਲ ਦੁਰਘਟਨਾ ਵਿੱਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਹਨ ਅਤੇ 200 ਤੋਂ ਵੱਧ ਜਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਡਰਾਈਵਰ ਦੁਆਰਾ ਇੱਕਦਮ ਬਰੇਕ ਲਗਾਏ ਜਾਣ ਤੇ ਗੱਡੀ ਦੇ ਦੋ ਡੱਬੇ ਪੱਟੜੀ ਤੋਂ ਉਤਰ ਗਏ। ਅਜੇ ਵੀ ਕੁਝ ਲੋਕ ਡੱਬਿਆਂ ਵਿੱਚ ਫਸੇ ਹੋਏ ਹਨ। ਕੁਝ ਜਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਨਤਾ ਐਕਸਪਰੈਸ (ਟਰੇਨ ਨੰਬਰ 14266) ਸਵੇਰੇ 9:30 ਤੇ ਪਟਰੀ ਤੋਂ ਉਤਰ ਗਈ। ਰੇਲਗੱਡੀ ਦਾ ਇੰਜਣ ਅਤੇ ਦੋ ਡੱਬੇ ਪਟੜੀ ਤੋਂ ਉਤਰ ਜਾਣ ਕਰਕੇ ਬੁਰੀ ਤਰ੍ਹਾਂ ਨਾਲ ਡੈਮਜ਼ ਹੋ ਗਏ।ਇਹ ਟਰੇਨ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੀ ਸੀ। ਟਰੇਨ ਲੂਪ ਲਾਈਨ ਤੇ ਜਾ ਕੇ ਖੇਤਾਂ ਵਿੱਚ ਚਲੀ ਗਈ। ਹਾਦਸੇ ਤੋਂ ਤੁਰੰਤ ਬਾਅਦ ਮੈਡੀਕਲ ਟੀਮ ਅਤੇ ਬਚਾਅ ਦਲ ਦੇ ਦਸਤੇ ਪਹੁੰਚ ਚੁੱਕੇ ਹਨ। ਜਖਮੀਆਂ ਨੂੰ ਰਾਏਬਰੇਲੀ ਅਤੇ ਲਖਨਊ ਦੇ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ।ਉਤਰਪ੍ਰਦੇਸ਼ ਸਰਕਾਰ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ 2-2 ਲੱਖ ਰੁਪੈ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪੈ ਦੇਣ ਦਾ ਐਲਾਨ ਕੀਤਾ ਹੈ।