ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਨੇ ਲਾਲ ਕਿਲੇ ਤੇ ਸਿੰਘਾ ਵੱਲੋਂ 1783 ‘ਚ ਕੀਤੀ ਗਈ ਫਤਹਿ ਨੂੰ ਕੌਮੀ ਦਿਹਾੜੇ ਵਜੋਂ ਐਲਾਨਣ ਦੀ ਮੰਗ ਕਰਦੇ ਹੋਏ ਇਸ ਦਿਹਾੜੇ ਨੂੰ ਹਰ ਸਾਲ ਮਨਾਉਣ ਦਾ ਵੀ ਦਾਅਵਾ ਕੀਤਾ ਹੈ। ਭਾਰਤ ਦੀ ਅਜ਼ਾਦੀ 1947 ‘ਚ ਮਿਲਣ ਦੀ ਰਾਹ ‘ਚ ਦਿੱਲੀ ਫਤਹਿ ਦੌਰਾਨ ਸਿੰਘਾ ਵੱਲੋਂ ਮੁਗਲ ਰਾਜ ਦੀਆਂ ਜੜਾਂ ਪੁਟੱਣ ਕਰਕੇ ਦਿੱਲੀ ਫਤਿਹ ਦਿਹਾੜੇ ਦੀ ਦੇਸ਼ ਲਈ ਵੱਡੀ ਅਹਮਿਅਤ ਹੋਣ ਦੀ ਵੀ ਗੱਲ ਕਹੀ ਗਈ ਹੈ। ਦਿੱਲੀ ਕਮੇਟੀ ਵੱਲੋਂ 21 ਅਤੇ 22 ਮਾਰਚ ਨੂੰ ਲਾਲ ਕਿਲਾ ਮੈਦਾਨ ਵਿਖੇ ਲਗਾਤਾਰ ਦੁਜੇ ਸਾਲ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕਮੇਟੀ ਪ੍ਰਬੰਧਕਾਂ ਵੱਲੋਂ ਇਨ੍ਹਾਂ ਗੱਲਾਂ ਦਾ ਐਲਾਨ ਕੀਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਸੀ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਕੌਮੀ ਦਿਹਾੜੇ ਵਜੋਂ ਮਨਾਉਣ ਲਈ ਸਰਕਾਰ ਲੋੜਿੰਦੇ ਕਦਮ ਚੁੱਕੇ। ਜੀ.ਕੇ. ਨੇ ਕਿਹਾ ਕਿ 21 ਮਾਰਚ ਨੂੰ ਕੀਰਤਨ ਦਰਬਾਰ ਦੌਰਾਨ ਹੋਣ ਵਾਲੇ ਗੁਰਮਤਿ ਸਮਾਗਮ ‘ਚ ਲਗਭਗ 1 ਲੱਖ ਤੋਂ ਵੱਧ ਸੰਗਤ ਆਉਣ ਦੀ ਸੰਭਾਵਨਾ ਹੈ ਅਤੇ ਦੂਜੇ ਦਿੰਨ ਸਿੱਖਾਂ ਦੀ ਆਨ-ਬਾਨ ਅਤੇ ਸ਼ਾਨ ਦੇ ਪ੍ਰਤੀਕਾਂ ਨੂੰ ਸੰਗਤਾਂ ਸਾਹਮਣੇ 22 ਮਾਰਚ ਨੂੰ ਲਿਆਉਂਦਾ ਜਾਵੇਗਾ। ਜਿਸ ਵਿਚ ਜਰਨੈਲੀ ਮਾਰਚ ਯਮੂਨਾ ਵਿਹਾਰ ਤੋਂ ਚਲ ਕੇ ਖਾਲਸਾਹੀ ਜਾਹੋ ਜਲਾਲ ਨਾਲ ਲਾਲ ਕਿਲਾ ਮੈਦਾਨ ਚ ਪੁੱਜੇਗਾ। ਜਿਸ ਦੀ ਅਗੁਵਾਈ ਸਿੰਘ ਸਾਹਿਬਾਨਾ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਦੇ ਮੁੱਖੀਆਂ ਵੱਲੋਂ ਕੀਤੀ ਜਾਵੇਗੀ। ਇਸ ਮਾਰਚ ‘ਚ ਪੁਲਿਸ ਅਤੇ ਮਿਲਟ੍ਰੀ ਦੇ ਬੈਂਡਾ ਦੇ ਨਾਲ ਹੀ ਗਤਕਾ ਅਖਾੜੇ ਵੀ ਸ਼ਸਤ੍ਰ ਕਲਾ ਦੀ ਤਾਕਤ ਦਿਖਾਉਣਗੇ।
ਜੀ.ਕੇ. ਨੇ ਕਿਹਾ ਕਿ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ, ਸੇਵਕ ਜੱਥਿਆਂ ਅਤੇ ਸੰਗਤ ‘ਚ ਇਨ੍ਹਾਂ ਪ੍ਰੋਗਰਾਮਾਂ ਕਰਕੇ ਬੜਾ ਉਤਸਾਹ ਹੈ ਅਤੇ ਦਿੱਲੀ ਦੀ ਸੰਗਤ ਇਸ ਸਬੰਧ ਵਿਚ ਹੋ ਰਹੀਆਂ ਮੀਟਿੰਗਾਂ ਦੌਰਾਨ ਜੋ ਵੀ ਸੁਝਾਵ ਦੇ ਰਹੀ ਹੈ ਉਨ੍ਹਾਂ ਨੂੰ ਅਸੀ ਲਾਗੂ ਕਰਨ ਵਾਸਤੇ ਕਮੇਟੀ ਵੱਲੋਂ ਪੂਰੀ ਪਹਿਲ ਕਦਮੀ ਕੀਤੀ ਜਾ ਰਹੀ ਹੈ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਪਿਛਲੇ ਸਾਲ ਦਿੱਲੀ ਫਤਹਿ ਦਿਹਾੜਾ ਇਕ ਲੰਬੇ ਅੰਤਰਾਲ ਤੋਂ ਬਾਅਦ ਮਨਾਕੇ ਸਿੱਖਾਂ ਦੇ ਸਾਹਮਣੇ ਮੁਗਲ ਰਾਜ ਦੇ ਖਿਲਾਫ ਖਾਲਸੇ ਦੀ ਜਿੱਤ ਦੇ ਤੱਥਾਂ ਨੂੰ ਸਾਹਮਣੇ ਰੱਖਿਆ ਸੀ ਇਸ ਕਰਕੇ ਕੌਮੀ ਦਿਹਾੜੇ ਵੱਜੋਂ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹਿਦਾ ਹੈ। ਸਿਰਸਾ ਨੇ ਲਾਲ ਕਿਲੇ ‘ਚ ਸ਼ਾਮ ਨੂੰ ਰੋਜ਼ਾਨਾ ਹੁੰਦੇ ਲਾਈਟ ਐਂਡ ਸਾਉਂਡ ਸ਼ੌਅ ਦੇ ਦੌਰਾਨ ਸਿੱਖ ਇਤਿਹਾਸ ਨੂੰ ਵੀ ਨਾਲ ਜੋੜਨ ਦੀ ਸਲਾਹ ਦਿੱਤੀ ਹੈ। ਸਿਰਸਾ ਨੇ ਦਿੱਲੀ ਦੇ ਮੌਰੀ ਗੇਟ, ਮਿਠਾਈ ਪੁੱਲ ਅਤੇ ਤੀਜ਼ ਹਜ਼ਾਰੀ ਵਰਗੀਆਂ ਇਤਿਹਾਸਕ ਥਾਵਾਂ ਨੂੰ ਸਿੱਖ ਕੌਮ ਦੀ ਬਹਾਦਰੀ ਅਤੇ ਜਿੱਤ ਦੇ ਨਾਲ ਵੀ ਜੋੜਿਆ। ਇਨ੍ਹਾਂ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕਰਨ ਦੀ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਸਿੱਖ ਇਤਿਹਾਸ ਦੇ ਇਨ੍ਹਾਂ ਮਾਣਮਤੇ ਪ੍ਰੋਗਰਾਮਾਂ ਕਰਕੇ ਕੌਮ ਵੱਲੋਂ ਮਾਣ ਮਹਿਸੂਸ ਕਰਨ ਦਾ ਵੀ ਦਾਅਵਾ ਕੀਤਾ।