ਚੰਡੀਗੜ : ਧੂਰੀ ਜਿਮਨੀ ਚੋਣ ਵਿਚ ਜਿੱਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਮੰਤਰੀ ਨੂੰ ਉਮੀਦਵਾਰ ਐਲਾਨੀਆ ਗਿਆ ਹੈ ਅਤੇ ਦੂਸਰੇ ਪਾਸੇ ਸਾਬਕਾ ਗਵਰਨਰ ਅਤੇ ਸਾਬਕਾ ਮੁੱਖ-ਮੰਤਰੀ ਸ.ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸ.ਸਿਮਰ ਪ੍ਰਤਾਪ ਸਿੰਘ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਨਾ ਲੜਣ ਦਾ ਫੈਸਲਾ ਲੈ ਕੇ ਮੈਦਾਨ ਖਾਲੀ ਛੱਡ ਦਿੱਤਾ ਗਿਆ ਹੈ ਜਿਸ ਨਾਲ ਇਸ ਸੀਟ ਦੀ ਲੜਾਈ ਤਕਰੀਬਨ ਆਹਮੋ ਸਾਹਮਣੇ ਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਆਹੁਦੇਦਾਰਾਂ ਨੇ ਅੱਜ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਨੂੰ ਦਸਿਆ ਕੇ ਉਹਨਾਂ ਦੀ ਕੌਮੀ ਕਾਰਜਕਾਰਨੀ ਕੌਂਸਲ ਨੇ ਫੈਸਲਾ ਕੀਤਾ ਹੈ ਕੇ ਧੂਰੀ ਜਿਮਨੀ ਚੋਣ ਵਿੱਚ ਹੁਕਮਰਾਨ ਗੱਠ-ਜੋੜ ਦੇ ਵਿਰੁੱਧ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੀ ਬਿਨਾਂ ਸ਼ਰਤ ਹਿਮਾਇਤ ਕੀਤੀ ਜਾਵੇਗੀ।
ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਸਹਿਜਧਾਰੀ ਸਿੱਖਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਖੁਲ ਕੇ ਹਿਮਾਇਤ ਕੀਤੀ ਸੀ ਤੇ ਹੁਣ ਵੀ ਜੇਕਰ ਆਮ ਆਦਮੀ ਪਾਰਟੀ ਕੋਈ ਉਮੀਦਵਾਰ ਲਗਾਉਂਦੀ ਤਾਂ ਉਹਦਾ ਸਮਰਥਣ ਕਰਨਾ ਸੀ ਪਰ ਹੁਕਮਰਾਨ ਗੱਠ ਜੋੜ ਨੂੰ ਭਾਂਝ ਦੇਣ ਦੀ ਖਾਤਰ ਸਾਰੀਆਂ ਹੀ ਹਮਖਿਆਲ ਪਾਰਟੀਆਂ ਨੂੰ ਰਾਜਨਿਤਕ ਮੁਫਾਦ ਨੂੰ ਛੱਡ ਕੇ ਪੰਜਾਬ ਦੇ ਹਿੱਤ ਲਈ ਇਕ ਜੁੱਟ ਹੋ ਕੇ ਇਸ ਜਿਮਣੀ ਚੋਣ ਵਿੱਚ ਹਿੱਸਾ ਲੈਣਾ ਚਾਹੀਦਾ। ਉਹਨਾਂ ਕਿਹਾ ਕੇ ਉਹਨਾਂ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕੇ ਇਸ ਚੋਣ ਵਿੱਚ ਸ. ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਅਤੇ ਸ.ਗਗਨਜੀਤ ਸਿੰਘ ਦੇ ਸਪੁੱਤਰ ਨੌਜਵਾਨ ਆਗੂ ਸਿਮਰ ਪ੍ਰਤਾਪ ਸਿੰਘ ਜੋ ਕੇ ਇਕ ਹੋਣਹਾਰ ਪੜੇ ਲਿਖੇ ਨੋਜਵਾਨ ਵਕੀਲ ਹਨ, ਨੂੰ ਸਮਰਥਣ ਦਿੱਤਾ ਜਾਵੇਗਾ।ਉਹਨਾਂ ਖੱਬੇ ਪੱਖੀ ਪਾਰਟੀਆਂ ਅਤੇ ਸਮੂਹ ਇਨਕਲਾਬੀ ਤਾਕਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣਾ ਫੈਸਲਾ ਹੁਕਮਰਾਨ ਗੱਠ-ਜੋੜ ਨੂੰ ਸਬਕ ਸਿਖਾਉਣ ਲਈ ਲੈਣ ਅਤੇ ਇਸੇ ਲਹਿਰ ਦਾ ਹਿੱਸਾ ਬਨਣ ਜੋ ਕੇ ੨੦੧੭ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਿਟ.ਪੀ.ਪੀ.ਐਸ. ਸ਼੍ਰੀ ਕਸ਼ਮੀਰ ਸਿੰਘ ਭਿੰਡਰ ਨੇ ਇਕ ਨਾਹਰਾ ਦਿੱਤਾ ਜੇ ਸ਼੍ਰੋਮਣੀ ਕਮੇਟੀ ਵਿੱਚ ਵੋਟ ਨਹੀਂ ਤਾਂ ਅਕਾਲੀ ਦਲ ਨੂੰ ਕੋਈ ਸਪੋਰਟ ਨਹੀ। ਵਰਨਣਯੋਗ ਹੈ ਕੇ ਸਹਿਜਧਾਰੀ ਸਿੱਖਾਂ ਨੂੰ ਗੈਰ-ਸਿੱਖ ਕਹਿ ਕੇ ਸ਼ਰੋਮਣੀ ਕਮੇਟੀ ਵਿੱਚ ਵੋਟ ਦਾ ਅਧਿਕਾਰ ਖੋਹ ਲਿਆ ਗਿਆ ਸੀ ਜਿਸ ਦੀ ਇਸ ਪਾਰਟੀ ਨੇ ਕਾਨੂੰਨੀ ਲੜਾਈ ਲੜੀ ਤੇ ਹੁਣ ਵੀ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਜਿਥੇ ਅਕਾਲੀਦਲ ਵਲੋਂ ਵਿਰੋਧ ਕੀਤਾ ਜਾ ਰਿਹਾ।
ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਸ.ਸੁਰਿੰਦਰਪਾਲ ਸਿੰਘ ਸੇਖੋਂ ਨੇ ਕਿਹਾ ਕੇ ਜੋ ਵੀ ਲੀਡਰ ਜਾ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਅਤੇ ਭਿਰਸ਼ਟਾਚਾਰ ਮੁਕਤ ਬਣਾ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿਲੋਂ ਸੁਹਿਰਦ ਹੈ ਉਸ ਨੂੰ ਬਿਨਾਂ ਕਿਸੇ ਸ਼ਰਤ ਤੋਂ ਇਕ ਸਾਂਝੇ ਫਰੰਟ ਦੇ ਰੂਪ ਵਿੱਚ ਅਪਣੇ ਗੁੱਸੇ ਗਿੱਲੇ ਭੁਲਾ ਕੇ ਸ.ਸਿਮਰ ਪ੍ਰਤਾਪ ਬਰਨਾਲਾ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਸਕੱਤਰ ਜਨਰਲ ਡਾ.ਬਲਵੰਤ ਧਾਲੀਵਾਲ, ਕੌਮੀ ਕਾਰਜਕਾਰਨੀ ਕੌਂਸਲ ਮੈਂਬਰ ਕਰਨਲ ਹੁੰਦਲ, ਕੌਮੀ ਜਨਰਲ ਸਕੱਤਰ ਪ੍ਰੀਤਪਾਲ ਸਿੰਘ ਖੇਮਕਰਨ,ਕੌਮੀ ਮੀਤ ਪ੍ਰਧਾਨ ਕੁਲਵਿੰਦਰ ਕਾਲਾ ਕੱਦੋਂ, ਪੰਜਾਬ ਯੂਥ ਆਗੂ ਦਵਿੰਦਰ ਸਿੰਘ ਅਤੇ ਹੋਰ ਸਾਥੀ ਹਾਜ਼ਿਰ ਸਨ।