ਲੁਧਿਆਣਾ – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ. ਹਰਵਿੰਦਰ ਸਿੰਘ ਫੂਲਕਾ ਜੀ ਨੇ ਅੱਜ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਆਪਣੀ ਵਿੱਦਿਆ ਪੂਰੀ ਕਰਕੇ ਸਮਾਜ ਸੇਵਾ ਲਈ ਜਾ ਰਹੀਆਂ ਜੋਸ਼ ਭਰੀ ਨਾਰੀ ਸ਼ਕਤੀ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਖੂਬਸੂਰਤ ਅਤੇ ਖੁਸ਼ੀ ਭਰੇ ਮਾਹੌਲ ਵਿੱਚ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਫੂਲਕਾ ਜੀ ਨੇ ਕਿਹਾ ਕਿ ਅੱਜ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਤੁਹਾਡੇ ਹੱਥ ਹੈ, ਉਹ ਹੈ ਕਲਮ ਦੀ ਤਾਕਤ। ਆਉਣ ਵਾਲਾ ਸਮਾਂ ਤੁਹਾਡਾ ਹੈ, ਅਸੀਂ ਕਾਮਨਾ ਕਰਦੇ ਹਾਂ ਕਿ ਇਹ ਤਾਕਤ ਦੇਸ਼ ਦੇ ਚੰਗੇ ਭਵਿੱਖ ਲਈ ਅਤੇ ਸਮਾਜ ਭਲਾਈ ਲਈ ਵਰਤੀ ਜਾਵੇਗੀ। ਫੂਲਕਾ ਜੀ ਨੇ ਇਸ ਗੱਲ ਵਿੱਚ ਖੁਸ਼ੀ ਜਾਹਿਰ ਕੀਤੀ ਕਿ ਅੱਜ ਵਿੱਦਿਆ ਦੇ ਖੇਤਰ ਵਿੱਚ ਨਾਰੀ ਆਪਣੀ ਵਿਸ਼ੇਸ਼ ਜਗ੍ਹਾ ਬਣਾ ਰਹੀ ਹੈ।
ਇਹ ਵਿੱਦਿਆ ਹੀ ਹੈ ਜੋ ਅੱਜ ਪੂਰੀ ਦੁਨੀਆਂ ਵਿੱਚ ਵੱਡੀਆਂ-ਵੱਡੀਆਂ ਤਬਦੀਲੀਆਂ ਲਿਆ ਰਹੀ ਹੈ। ਇਹ ਵਿੱਦਿਆ ਹੀ ਹੈ ਜਿਸ ਨੇ ਅਖਬਾਰਾਂ ਵੇਚਣ ਵਾਲੇ ਬੱਚੇ ਨੂੰ ਇੰਨਾ ਵੱਡਾ ਸਾਇੰਸਦਾਨ ਅਤੇ ਸਾਡੇ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ। ਅਬਦੁਲ ਕਲਾਮ ਜੀ ਅਤੇ ਦੁਨੀਆਂ ਦੇ ਮੰਨੇ ਪ੍ਰਮੰਨੇ ਅਰਥਸ਼ਾਸ਼ਤਰੀ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਉਦਾਹਰਣ ਹਨ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਮਨਜੀਤ ਕੌਰ ਜੀ ਨੇ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਗੱਲ ਕੀਤੀ। ਡਾਕਟਰ ਭਾਟੀਆ ਜੀ ਨੇ ਬੜੇ ਵਧੀਆ ਤਰੀਕੇ ਨਾਲ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਦਿਆਰਥਣਾਂ ਨੂੰ ਦੱਸਿਆ। ਗੁਰਵਿੰਦਰ ਸਿੰਘ ਸਰਨਾ ਜੀ ਨੇ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।