ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ‘ਅਜੋਕੀ ਨਾਰੀ-ਦਸ਼ਾ, ਦਿਸ਼ਾ ਤੇ ਸਮੱਸਿਆਵਾਂ’ ਵਿਸ਼ੇ ’ਤੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਸਮੇਂ ਪ੍ਰਧਾਨਗੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਹੋਰਾਂ ਆਖਿਆ ਕਿ ਔਰਤ ਅਜੇ ਵੀ ਕਾਇਨਾਤ ਦਾ ਸੁੰਦਰ ਸਰੂਪ ਹੈ। ਸਾਨੂੰ ਦਸ਼ਾ ਸੁਧਾਰਨ ਲਈ ਸੁਚੇਤ ਨਾਗਰਿਕ ਪੈਦਾ ਕਰਨ ਦੀ ਲੋੜ ਹੈ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸ੍ਰੀਮਤੀ ਸੁਰਿੰਦਰ ਨੀਰ ਅਤੇ ਸ੍ਰੀਮਤੀ ਮਨਦੀਪ ਸਨੇਹੀ ’ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਪ੍ਰਧਾਨਗੀ ਕੀਤੀ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਡੀ ਭਗਤੀ ਲਹਿਰ ਸਮੇਂ ਵੀ ਭਾਵੇਂ ਔਰਤ ਨੂੰ ਢੁੱਕਵੀ ਥਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਔਰਤ ਕਵਿੱਤਰੀਆਂ ਦੀ ਰਚਨਾ ਨੂੰ ਢੁੱਕਵੀਂ ਥਾਂ ਨਹੀਂ ਮਿਲੀ। ਉਨ੍ਹਾਂ ਨੇ ਐਲਾਨ ਕੀਤਾ ਕਿ 1872 ਵਿਚ ਬੀਬੀ ਹਰਦੇਈ ਦੇ ਛਪੇ ਸਾਹਿਤਕ ਰਚਨਾ ਦੇ ਗ੍ਰੰਥ ਨੂੰ ਅਕਾਡਮੀ ਵੱਲੋਂ ਪੰਜਾਬੀ ਵਿਚ ਅਨੁਵਾਦ ਕਰਕੇ ਛਾਪਿਆ ਜਾਵੇਗਾ। ਸਮਾਗਮ ਦੇ ਸ਼ੁਰੂ ਵਿਚ ਸੰਯੋਜਕ ਸ੍ਰੀਮਤੀ ਗੁਰਚਰਨ ਕੋਰ ਕੋਚਰ ਨੇ ਆਰੰਭਕ ਟਿਪਣੀ ਕਰਦਿਆਂ ਔਰਤ ਦੀ ਇਤਿਹਾਸਕ ਸੰਘਰਸ਼ਮਈ ਗਾਥਾ ਨੂੰ ਸੰਖੇਪ ਰੂਪ ਵਿਚ ਦਸਿਆ। ਦੂਸਰੇ ਸੰਯੋਜਕ ਡਾ. ਨੀਤੂ ਅਰੋੜਾ ਨੇ ਮੰਚ ਸੰਚਾਲਨ ਕਰਦਿਆਂ ਭਾਵਪੂਰਤ ਟਿਪਣੀਆਂ ਕੀਤੀਆਂ। ਪਰਚਾ ਪੇਸ਼ ਕਰਦਿਆਂ ਮਨਦੀਪ ਸਨੇਹੀ ਨੇ ਕਿਹਾ ਕਿ ਔਰਤ ਮਰਦ ਦੇ ਸਬੰਧ ਬੁਰਜ਼ੂਆਂ ਅਤੇ ਪ੍ਰੋਲੇਧਾਰੀ ਸਬੰਧਾਂ ਵਰਗੇ ਹੀ ਹੁੰਦੇ ਹਨ। ਇਸੇ ਸੰਦਰਭ ਵਿਚ ਸਾਨੂੰ ਅਜਿਹੇ ਰਿਸ਼ਤੇ ਅਪਣਾਉਣੇ ਚਾਹੀਦੇ ਹਨ। ਜੰਮੂ ਤੋਂ ਪਹੁੰਚੀ ਮੈਡਮ ਸੁਰਿੰਦਰ ਨੀਰ ਨੇ ਆਪਣੇ ਪੇਪਰ ਵਿਚ ਔਰਤ ਨੂੰ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਦਸਿਆ ਕਿ ਕਿਵੇਂ ਸਭਿਆਚਾਰਕ ਮਾਹੌਲ ਸਿਰਜ ਕੇ ਭਗਤੀ ਲਹਿਰ ਦੀ ਕਵਿਤਾ ਵਿਚ ਗੁਰਬਾਣੀ ਤੱਕ ਵੀ ਔਰਤ ਦੇ ਆਜ਼ਾਦ ਹੋਂਦ ਦੇ ਸੰਕਲਪ ਦੇ ਖ਼ਿਲਾਫ਼ ਭੁਗਤ ਜਾਂਦੀ ਹੈ। ਸਾਨੂੰ ਸਾਰਾ ਕੁਝ ਸਵੈ ਮੁਲਾਂਕਣ ਰਾਹੀਂ ਵਾਚਨਾ ਚਾਹੀਦਾ ਹੈ। ਪੇਪਰਾਂ ਤੇ ਬਹਿਸ ਕਰਦਿਆਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਬਹਿਸ ਵਿਚ ਭਾਗ ਲੈਂਦਿਆਂ ਟਿਪਣੀ ਕੀਤੀ ਕਿ ਬਹੁਤੀ ਵਾਰੀ ਜਦੋਂ ਮਰਦ ਗਲਬੇ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੁੰਦਾ ਹੈ ਤਾਂ ਔਰਤ ਹੋਣ ਦੀ ਹੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ। ਛੋਟੀ ਬੱਚੀ ਕੀਰਤ ਪੰਧੇਰ ਨੇ ਭਾਗ ਲੈਂਦਿਆਂ ਕਿਹਾ ਕਿ ਮੈਂ ਬੇਨਤੀ ਕਰਨ ਨਹੀਂ ਸਗੋਂ ਕਹਿਣ ਆਈ ਹਾਂ ਕਿ ਸਾਨੂੰ ਪਿਤਾ ਪੁਰਖੀ ਸਮਾਜ ਵਿਚ ਪਰਿਵਾਰਕ ਕੰਮਾਂ ਵਿਚ ਹੱਥ ਵਟਾ ਕੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਸ.ਨ.ਸੇਵਕ ਜੀ ਨੇ ਆਖਿਆ ਕਿ ਸਾਨੂੰ ਪੁਰਾਣੇ ਸਮਾਜ ਦੀ ਤਰ੍ਹਾਂ ਔਰਤ ਅਤੇ ਮਾਵਾਂ ਦਾ ਬਿਲਕੁਲ ਬਰਾਬਰਤਾ ਦੇ ਲਿਹਾਜ਼ ਨਾਲ ਆਜ਼ਾਦੀ ਦੇਣੀ ਚਾਹੀਦੀ ਹੈ। ਸ੍ਰੀਮਤੀ ਕਾਨਾ ਸਿੰਘ ਨੇ ਕਿਹਾ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਬਹੁਤੀ ਵਾਰੀ ਮਰਦ ਵੀ ਸੰਘਰਸ਼ ਕਰਦੇ ਹੋਏ ਔਰਤਾਂ ਦੀ ਹੀ ਭੂਮਿਕਾ ਨਿਭਾ ਰਹੇ ਹੁੰਦੇ ਹਨ। ਸਮੁੱਚੇ ਤੌਰ ਤੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਔਰਤ ਮਰਦ ਦੀ ਜਾਂ ਮਰਦ ਔਰਤ ਦਾ ਦੁਸ਼ਮਨ ਨਹੀਂ ਹੁੰਦੇ ਸਗੋਂ ਵਿਰੋਧੀ ਤਾਂ ਸਾਡਾ ਪ੍ਰਬੰਧ ਹੁੰਦਾ ਹੈ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਮੰਡਲ ਡਾ. ਸੁਰਜੀਤ ਸਿੰਘ, ਤਾਰਨ ਗੁਜਰਾਲ, ਕਾਨਾ ਸਿੰਘ, ਅੰਮੀਆ ਕੁੰਵਰ ਸ਼ਾਮਲ ਸਨ। ਕਵੀ ਦਰਬਾਰ ਵਿਚ ਵੀ ਦੇਸ਼ ਭਰ ਤੋਂ ਕਵਿੱਤਰੀਆਂ ਵਿਚ ਡਾ. ਗੁਰਮਿੰਦਰ ਕੌਰ ਸਿੱਧੂ, ਗੁਰਚਰਨ ਕੌਰ ਕੋਚਰ, ਡਾ. ਨੀਤੂ ਅਰੋੜ, ਅਨੂ ਬਾਲਾ, ਬੀਬਾ ਕੁਲਵੰਤ, ਇੰਦਰਜੀਤ ਨੰਦਨ, ਡਾ. ਭੁਪਿੰਦਰ ਕੌਰ, ਜਸਲੀਨ ਕੌਰ, ਰੇਨੂ ਨਈਅਰ, ਜਸਵਿੰਦਰ ਫਗਵਾੜਾ, ਡਾ. ਦਵਿੰਦਰ ਦਿਲਰੂਪ, ਸੁਰਿੰਦਰ ਕੌਰ ਖਰਲ, ਪ੍ਰਿੰ. ਨਿਰਮਲ ਸਤਪਾਲ, ਡਾ. ਪ੍ਰਿਤਪਾਲ ਕੌਰ ਚਾਹਲ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਕੁਲਵਿੰਦਰ ਕਿਰਨ, ਹਰਲੀਨ ਸੋਨਾ, ਰਾਜ ਕੌਰ, ਗੁਰਦੀਸ਼ ਕੌਰ ਗਰੇਵਾਲ, ਕੁਲਦੀਪ ਕੌਰ ਚੱਠਾ, ਮੀਨੂੰ ਭੱਠਲ ਸ਼ਾਮਲ ਹੋਈਆਂ।
ਕਵੀ ਦਰਬਾਰ ਵਿਚ ਕਵਿਤਾਵਾਂ ਦੇ ਨਾਲ ਨਾਲ ਕਵਿੱਤਰੀਆਂ ਨੇ ਔਰਤ ਦੀ ਦਸ਼ਾ ਅਤੇ ਦਿਸ਼ਾ ਸਬੰਧੀ ਭਾਵਪੂਰਤ ਟਿੱਪਣੀਆਂ ਵੀ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਬਲਵੰਤ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਹਕੀਕਤ ਸਿੰਘ ਮਾਂਗਟ, ਸੁਰਿੰਦਰ ਢਿੱਲੋਂ, ਪ੍ਰੀਤਮ ਪੰਧੇਰ, ਭਗਵਾਨ ਢਿੱਲੋਂ, ਜਸਵੰਤ ਜ਼ਫ਼ਰ, ਸਤੀਸ਼ ਗੁਲਾਟੀ, ਹਰਦਿਆਲ ਪਰਵਾਨਾ, ਦਲੀਪ ਅਵਦ, ਰਵੀ ਦੀਪ, ਪ੍ਰੋ. ਕ੍ਰਿਸ਼ਨ ਸਿੰਘ, ਡਾ. ਸਰਬਜੋਤ ਕੌਰ, ਦਰਸ਼ਨ ਸਿੰਘ ਓਬਰਾਏ, ਪਰਮਜੀਤ ਸੋਹਲ, ਡਾ. ਫਕੀਰ ਚੰਦ ਸ਼ੁਕਲਾ, ਅਤਰਜੀਤ, ਬਲਕੌਰ ਸਿਘ ਗਿੱਲ ਆਦਿ ਸਮੇਤ ਭਾਰੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।