ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ 232ਵੇਂ ਦਿੱਲੀ ਫਤਹਿ ਦਿਵਸ ਸਬੰਧੀ ਲੜੀਵਾਰ ਪ੍ਰੋਗਰਾਮਾਂ ਦੀ ਕੜ੍ਹੀ ’ਚ ਪਹਿਲੇ ਦਿਨ ਗੁਰਮਤਿ ਸਮਾਗਮ ਤੋਂ ਬਾਅਦ ਦੂਜੇ ਦਿਨ ਖਾਲਸਾਈ ਫੌਜਾਂ ਵੱਲੋਂ ਜਰਨੈਲੀ ਫਤਹਿ ਮਾਰਚ ਅਤੇ ਵਿਰਾਸਤੀ ਮੇਲਾ ਲੱਖਾਂ ਸੰਗਤਾਂ ਦੀ ਮੌਜ਼ੂਦਗੀ ਵਿੱਚ ਆਯੋਜਿਤ ਕੀਤਾ ਗਿਆ। ਰਿੰਗ ਰੋਡ ਦੇ ਨੇੜੇ ਯਮੁਨਾ ਬਾਜ਼ਾਰ ਤੋਂ ਖਾਲਸਾਈ ਜਾਹੋ ਜਲਾਲ ਨਾਲ ਸ਼ੁਰੂ ਹੋਏ ਜਰਨੈਲੀ ਫਤਹਿ ਮਾਰਚ ਲਾਲ ਕਿਲ੍ਹਾ ਮੈਦਾਨ ਪੁੱਜਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਅਗਵਾਈ ਹੇਠ ਨਿਕਲੇ ਇਸ ਫਤਹਿ ਮਾਰਚ ਵਿੱਚ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ, ਬਿੱਧੀ ਚੰਦ ਦਲ ਦੇ ਬਾਬਾ ਅਵਤਾਰ ਸਿੰਘ, ਨਾਨਕਸਰ ਸੰਪਰਦਾ ਦੇ ਬਾਬਾ ਲੱਖਾ ਸਿੰਘ, ਨੀਲਧਾਰੀ ਸੰਪਰਦਾ ਦੇ ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ ਵੀ ਖਾਲਸਾਈ ਤਾਕਤ ਨੂੰ ਦਰਸਾਉਂਦੇ ਹੋਏ ਸ਼ਾਮਿਲ ਸਨ। ਸਿੱਖ ਰੈਜੀਮੈਂਟ, ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੇ ਬੈਂਡ ਮਾਰਸ਼ਲ ਧੁਨਾਂ ਵਜਾਕੇ ਮਾਹੌਲ ਨੂੰ ਚੜ੍ਹਦੀ ਕਲਾ ਵੱਲ ਲਿਜਾ ਰਹੇ ਸਨ। ਲਾਲ ਕਿਲ੍ਹਾ ਮੈਦਾਨ ਪੁੱਜਣ ’ਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ।, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਤੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਸਣੇ ਸਮੂਹ ਕਮੇਟੀ ਪ੍ਰਬੰਧਕਾਂ ਨੇ ਮਾਰਚ ਨੂੰ ਜੀ ਆਇਆਂ ਕਿਹਾ।
ਇਸ ਤੋਂ ਬਾਅਦ ਹੋਏ ਵਿਰਾਸਤੀ ਮੇਲੇ ਦੌਰਾਨ ਬੀਰ ਰਸ ਨਾਲ ਭਰਪੂਰ ਸੰਗੀਤ ਦੀ ਧੁਨਾਂ ’ਤੇ ਹਰਗੋਬਿੰਦ ਰਣਜੀਤ ਅਖਾੜਾ, ਤੇਗ ਸਿੰਘ ਮਾਰਸ਼ਲ ਆਰਟ ਅਕੈਡਮੀ ਅਤੇ ਖਾਲਸਾ ਅਨੰਦਪੁਰ ਵਾਲਾ ਗਤਕਾ ਨੇ ਸਟੇਜ ’ਤੇ ਗਤਕੇ ਦੇ ਜੌਹਰ ਦਿਖਾਏ। ਗੁਰ ਗਾਡੀ ਰਾਹ ਮਿਊਜੀਕਲ ਗਰੁੱਪ ਲੁਧਿਆਣਾ ਅਤੇ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਬੀਰ ਰਸ ਭਰਪੂਰ ਧਾਰਮਿਕ ਗੀਤਾਂ ਦਾ ਗਾਇਨ ਕੀਤਾ ਗਿਆ। ਬਾਬਾ ਬੁੱਢਾ ਦਲ ਵੱਲੋਂ ਇਸ ਮੌਕੇ ਗੁਰੂ ਸਾਹਿਬਾਨ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬੰਦਾ ਸਿੰਘ ਬਹਾਦਰ, ਅਕਾਲੀ ਬਾਬਾ ਫੂਲਾ ਸਿੰਘ ਅਤੇ ਹੋਰ ਸਿੱਖ ਜਰਨੈਲਾਂ ਦੇ ਪੁਰਾਤਨ ਸ਼ਸਤਰਾਂ ਦੇ ਵੀ ਸੰਗਤਾਂ ਨੂੰ ਸਟੇਜ ਤੋਂ ਦਰਸ਼ਨ ਕਰਵਾਏ। ਸਿੱਖ ਜਰਨੈਲਾਂ ਵੱਲੋਂ ਕੀਤੀ ਗਈ ਇਸ ਫਤਹਿ ਨੂੰ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕੀਤਾ। ਉੱਘੇ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਗਾਕੇ ਅਤੇ ਰੰਗ ਮੰਚ ਦੇ ਕਲਾਕਾਰਾਂ ਨੇ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਨਾਟਕ ਦਾ ਮੰਚਨ ਕਰਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।
ਜੀ.ਕੇ. ਨੇ ਇਸ ਮੌਕੇ ਚਾਰ ਸਾਹਿਬਜ਼ਾਦੇ ਫਿਲਮ ਬਣਾਉਣ ਵਾਲੇ ਹੈਰੀ ਬਵੇਜਾ ਨੂੰ ਸਨਮਾਨਿਤ ਕਰਨ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ 2016 ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ’ਤੇ ਐਨੀਮੇਸ਼ਨ ਫਿਲਮ ਹੈਰੀ ਬਵੇਜਾ ਵੱਲੋਂ ਬਣਾਉਣ ਦੀ ਵੀ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ’ਤੇ ਫਿਲਮ ਬਣਨ ਉਪਰੰਤ ਬੱਚਿਆਂ ਤੱਕ ਇਤਿਹਾਸ ਚੰਗੇ ਤਰੀਕੇ ਨਾਲ ਪੁੱਜਣ ਦਾ ਵੀ ਜੀ।ਕੇ। ਨੇ ਦਾਅਵਾ ਕੀਤਾ। ਜੀ।ਕੇ। ਨੇ ਕਿਹਾ ਕਿ ਦਿੱਲੀ ਕਮੇਟੀ ਇਤਿਹਾਸ ਨੂੰ ਮੁੜ ਤੋਂ ਸੁਰਜੀਤ ਕਰ ਰਹੀ ਹੈ। ਇਸ ਕਰਕੇ ਸਮੂਹ ਸੰਗਤਾਂ ਨੂੰ ਕਮੇਟੀ ਦੇ ਇਨ੍ਹਾਂ ਪੰਥਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਬਾਬਾ ਸਤਨਾਮ ਸਿੰਘ ਪਿਪਲੀ ਵਾਲੇ, ਦੀਦਾਰ ਸਿੰਘ ਬੈਂਸ, ਭਾਈ ਜਸਬੀਰ ਸਿੰਘ ਰੋਡੇ, ਰਜਿੰਦਰ ਸਿੰਘ ਚੱਢਾ ਤੇ ਹੋਰ ਪੱਤਵੰਤੇ ਸੱਜਣਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੀ।ਕੇ। ਅਤੇ ਸਿਰਸਾ ਦਾ ਸਿੱਖ ਇਤਿਹਾਸ ਨੂੰ ਸੰਭਾਲ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਲਈ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸਨਮਾਨ ਵੀ ਕੀਤਾ ਗਿਆ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸਿੱਖ ਕੌਮ ਨਾਲ ਜਨਮ ਤੋਂ ਲੈਕੇ ਅੱਜ ਤੱਕ ਹੋਏ ਦੁਖਾਂਤ ਨੂੰ ਬੜੇ ਭਾਵੁਕ ਤਰੀਕੇ ਨਾਲ ਪੇਸ਼ ਕੀਤਾ। ਸਿਰਸਾ ਨੇ ਪ੍ਰੋਗਰਾਮ ਦੇ ਪ੍ਰਬੰਧ ਕਰਵਾਉਣ ਵਾਲੀਆਂ ਸਬ ਕਮੇਟੀਆਂ ’ਚ ਸ਼ਾਮਿਲ ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਹੋਏ ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਵੀ ਮੰਗੀ।