ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਕੌਮਾਂਤਰੀ ਸੋਸਾਇਟੀ ਇੰਡੀਅਨ ਸੋਸਾਇਟੀ ਆਫ਼ ਪਲਾਂਟ ਜੈਨੇਟਿਕਸ ਰਿਸੋਰਸਿਸ, ਨੈਸ਼ਨਲ ਬਿਓਰੋ ਆਫ ਪਲਾਂਟ ਜੈਨੇਟਿਕ ਰਿਸੋਰਸ ਵੱਲੋਂ ਨਵੀਂ ਦਿੱਲੀ ਵਿਖੇ 5 ਮਾਰਚ, 2015 ਨੂੰ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਡਾ. ਢਿੱਲੋਂ ਨੂੰ ਨਾਮੀ ਅਕੈਡਮੀ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਜ਼ (ਨਾਸ) ਵੱਲੋਂ ਡਾ. ਬੀ ਪੀ ਪਾਲ ਯਾਦਗਾਰੀ ਅਵਾਰਡ ਹਾਸਲ ਕਰਨ ਤੇ ਦਿੱਤਾ ਗਿਆ। ਇਹ ਐਵਾਰਡ ਕਰਨਾਲ ਵਿਖੇ ਆਯੋਜਿਤ 12ਵੀਂ ਕੌਮਾਂਤਰੀ ਸਾਇੰਸ ਕਾਂਗਰਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਵੱਲੋਂ ਪ੍ਰਦਾਨ ਕੀਤਾ ਗਿਆ ਸੀ । ਇਸ ਸਨਮਾਨ ਤਹਿਤ ਡਾ. ਢਿੱਲੋਂ ਨੂੰ ਇੱਕ ਸੋਨ ਤਗਮਾ, ਪ੍ਰਸ਼ੰਸ਼ਾ ਪੱਤਰ ਅਤੇ 2 ਲੱਖ ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਗਈ । ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਢਿੱਲੋਂ ਉਘੇ ਖੇਤੀਬਾੜੀ ਵਿਗਿਆਨੀ ਡਾ. ਐਮ ਐਸ ਸਵਾਮੀਨਾਥਨ, ਡਾ. ਵਰਗੀਅਸ ਕੂਰੀਅਨ, ਡਾ. ਗੁਰਦੇਵ ਸਿੰਘ ਖੁਸ਼, ਡਾ. ਆਰ ਐਸ ਪੜੌਦਾ, ਡਾ. ਐਸ ਆਯੱਪਨ, ਡਾ. ਈ ਏ ਸਦੀਕ ਆਦਿ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ।
ਡਾ. ਢਿੱਲੋਂ ਉੱਘੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਗਿਆਨੀ ਵਜੋਂ ਜਾਣੇ ਜਾਂਦੇ ਹਨ । ਉਹਨਾਂ ਨੂੰ ਮੱਕੀ ਦੇ ਖੇਤਰ ਵਿੱਚ ਅਨੇਕਾਂ ਖੋਜ ਪ੍ਰਾਪਤੀਆਂ ਕਰਨ ਦਾ ਮਾਣ ਹਾਸਲ ਹੈ । ਡਾ. ਢਿੱਲੋਂ ਦੇਸ਼ਾਂ ਵਿਦੇਸ਼ਾਂ ਦੇ ਨਾਮੀ ਅਦਾਰਿਆਂ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ । ਉਹ ਨੈਸ਼ਨਲ ਬਿਓਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸ ਨਵੀਂ ਦਿੱਲੀ ਦੇ ਨਿਰਦੇਸ਼ਕ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਕੌਮਾਂਤਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ਸਿਮਟ ਮੈਕਸੀਕੋ ਆਦਿ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ । ਡਾ. ਢਿੱਲੋਂ ਨੂੰ ਵਕਾਰੀ ਜਰਮਨ ਅਕੈਡਮੀ ਐਕਸਚੇਜ਼ ਫੈਲੋਸ਼ਿਪ (ਦਾਦ), ਹਮਬੋਲਡ ਫੈਲੋਸ਼ਿਪ ਅਤੇ ਨਾਮੀ ਯੂਰਪੀਅਨ ਫੈਲੋਸ਼ਿਪ ਹਾਸਿਲ ਕਰਨ ਦਾ ਵੀ ਮਾਣ ਹਾਸਿਲ ਹੈ । ਡਾ. ਢਿੱਲੋਂ ਨੂੰ ਇਸ ਤੋਂ ਪਹਿਲਾਂ ਰਫ਼ੀ ਅਹਿਮਦ ਕਿਦਵਈ ਯਾਦਗਾਰੀ ਪੁਰਸਕਾਰ, ਸਾਇੰਸ ਅਤੇ ਤਕਨਾਲੌਜੀ ਦੇ ਲਈ ਓਮ ਪ੍ਰਕਾਸ਼ ਭਸੀਨ ਪੁਰਸਕਾਰ, ਜੇ ਸੀ ਬੋਸ ਨੈਸ਼ਨਲ ਫੈਲੋਸ਼ਿਪ, ਡਾ. ਜੋਗਿੰਦਰ ਸਿੰਘ ਯਾਦਗਾਰੀ ਐਵਾਰਡ, ਡਾ. ਹਰਭਜਨ ਸਿੰਘ ਯਾਦਗਾਰੀ ਐਵਾਰਡ, ਆਈ ਸੀ ਏ ਆਰ ਗੋਲਡ ਮੈਡਲ ਪ੍ਰਾਪਤ ਕਰਨ ਦਾ ਵੀ ਮਾਣ ਹਾਸਿਲ ਹੈ ।