ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ 1984 ਸਿੱਖ ਕਤਲੇਆਮ ਦੇ ਇਕ ਮੁਕਦਮੇ ‘ਚ ਕਲੀਨਚਿੱਟ ਦੇਣ ਤੇ ਤਿਖਾ ਵਿਰੋਧ ਜਤਾਉਂਦੇ ਹੋਏ ਇਸ ਕਤਲੇਆਮ ਦੌਰਾਨ ਹਜ਼ਾਰਾਂ ਸਿੱਖਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਦਿੱਲੀ ਦੀ ਗਲੀਆਂ ‘ਚ ਮਾਰਣ ਦਾ ਦੋਸ਼ ਵੀ ਲਗਾਇਆ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਟਾਈਟਲਰ ਨੂੰ ਕਲੀਨਚਿਟ ਦੇਣ ਨੂੰ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਨ ਦੇ ਬਰਾਬਰ ਵੀ ਦੱਸਿਆ ਹੈ। ਕਾਂਗਰਸ ਸਰਕਾਰ ਦੀ ਸ਼ਹਿ ਤੇ ਟਾਈਟਲਰ ਨੂੰ ਪਾਰਟੀ ਹਾਈ ਕਮਾਨ ਦੇ ਆਦੇਸ਼ਾਂ ਤੇ ਬਚਾਉਣ ਦਾ ਵੀ ਦੋਸ਼ ਜੀ.ਕੇ. ਨੇ ਲਗਾਇਆ। ਜੀ.ਕੇ. ਨੇ 30 ਸਾਲਾਂ ਤੋਂ ਵੱਧ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੀ ਸਿੱਖ ਕੌਮ ਦੀਆਂ ਉਮੀਦਾਂ ਦੀ ਸੀ.ਬੀ.ਆਈ. ਦੇ ਇਸ ਫੈਸਲੇ ਨਾਲ ਭਰੂਣ ਹੁਤਿਆ ਹੋਣ ਦੀ ਵੀ ਗੱਲ ਆਖੀ।
ਸੀ.ਬੀ.ਆਈ. ਵੱਲੋਂ ਪੁੱਲ ਬੰਗਸ਼ ਦੇ ਇਸ ਮੁਕਦਮੇ ‘ਚ 24 ਦਸੰਬਰ 2014 ਨੂੰ ਗੁਪ ਚੁਪ ਤਰੀਕੇ ਨਾਲ ਕਲੀਨ ਚਿਟ ਕੋਰਟ ਵਿਚ ਦਾਖਿਲ਼ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਕੋਰਟ ਵੱਲੋਂ ਇਸ ਕਲੀਨਚਿਟ ਨੂੰ ਰਿਕਾਰਡ ਤੇ ਲੈ ਲਿਆ ਗਿਆ ਹੈ ਅਤੇ ਕੋਰਟ ਦਾ ਫੈਸਲਾ ਇਸ ਕਲੀਨਚਿਟ ਬਾਰੇ ਆਉਣਾ ਬਾਕੀ ਹੈ ਇਸ ਲਈ ਇਨਸਾਫ ਪ੍ਰਾਪਤੀ ਵਾਸਤੇ ਅਸੀ ਕੋਰਟ ‘ਚ ਸੀ.ਬੀ.ਆਈ. ਦੀ ਇਸ ਕਲੀਨ ਚਿਟ ਨੂੰ ਖਾਰਿਜ ਕਰਨ ਦੀ ਕਮੇਟੀ ਬੇਨਤੀ ਕਰੇਗੀ।
ਜੀ.ਕੇ. ਵੱਲੋਂ 26 ਮਾਰਚ ਨੂੰ ਇਸ ਮਸਲੇ ਤੇ ਸੀ.ਬੀ.ਆਈ. ਹੈਡ ਕੁਆਟਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ। ਜੀ.ਕੇ. ਨੇ ਨਾਨਾਵਤੀ ਕਮੀਸ਼ਨ ਅਤੇ ਨਰੁਲਾ ਕਮੇਟੀ ਦੀ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਟਾਈਟਲਰ ਦਾ ਹੱਥ ਸਿੱਖ ਕਤਲੇਆਮ ‘ਚ ਹੋਣ ਦਾ ਦਾਅਵਾ ਵੀ ਕੀਤਾ। ਸੀ.ਬੀ.ਆਈ ਵੱਲੋਂ ਉਕਤ ਕਮੀਸ਼ਨਾ ਦੀਆਂ ਸਿਫਾਰਿਸ਼ਾਂ ਨੂੰ ਅਣਗੌਲਿਆਂ ਕਰਨ ਤੇ ਵੀ ਜੀ.ਕੇ. ਨੇ ਸਵਾਲ ਖੜੇ ਕੀਤੇ। ਕਾਂਗਰਸ ਵੱਲੋਂ ਸੀ.ਬੀ.ਆਈ. ਨੂੰ ਕਠਪੁਤਲੀ ਬਨਾਕੇ ਸਿੱਖਾਂ ਦੇ ਕਾਤਿਲਾਂ ਨੂੰ ਬੀਤੇ 10 ਸਾਲ ਦੇ ਰਾਜ ਦੌਰਾਨ ਬਚਾਉਣ ਦੀ ਵੀ ਜੀ.ਕੇ. ਨੇ ਗੱਲ ਕਹੀ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਾਨੂੰਨੀ ਮਾਹਿਰਾਂ ਤੋਂ ਰਾਏ ਲੈਣ ਤੋਂ ਬਾਅਦ ਇਸ ਮਸਲੇ ਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਮਸਲੇ ‘ਚ ਗਵਾਹਵਾਂ ਦੀ ਗਵਾਈ ਹੋਣ ਤੋਂ ਪਹਿਲਾਂ ਜਲਦਬਾਜ਼ੀ ‘ਚ ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨਚਿਟ ਦੇਣਾ ਕਈ ਸਵਾਲ ਖੜੇ ਕਰਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਬਨਾਈ ਗਈ ਐਸ.ਆਈ.ਟੀ. ਨੂੰ ਸੀ.ਬੀ.ਆਈ. ਵੱਲੋਂ ਠੀਕ ਤਰੀਕੇ ਨਾਲ ਜਾਂਚ ਨਹੀਂ ਕਰਨ ਕਰਕੇ ਬੰਦ ਹੋਏ ਕੇਸਾ ਨੂੰ ਵੀ ਮੁੜ ਖੋਲਣ ਦੀ ਮੰਗ ਕੀਤੀ।