ਲਾਹੌਰ, (ਗੁਰੂ ਜੋਗਾ ਸਿੰਘ)- ਉੱਪ-ਮਹਾਂਦੀਂਪ ਦੀ ਅਜ਼ਾਦੀ ਦੇ ਮਹਾਨ ਪਾਤਰ ਸ੍ਰ. ਭਗਤ ਸਿੰਘ ਸ਼ਹੀਦ ਨੂੰ ਬਰਤਾਨਵੀ ਸਾਮਰਾਜ ਨੇ ੨੩ ਮਾਰਚ ੧੯੩੧ਈ ਨੂੰ ਫਾਸੀ ਚੜ੍ਹਾ ਕੇ ਅਮਰ ਕਰ ਦਿੱਤਾ।ਹਰ ਸਾਲ ਵਾਂਗੂੰ ਇਸ ਸਾਲ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਦੇ ਲਈ ਯਤਨਸ਼ੀਲ ਸੰਸਥਾ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਵੱਲੋਂ ਭਗਤ ਸਿੰਘ ਸ਼ਹੀਦ ਦੇ ਹਵਾਲੇ ਨਾਲ ਦਿਆਲ ਸਿੰਘ ਆਡਿਟੋਰੀਅਲ ਵਿਚ ਇਕ ਸੈਮੀਨਾਰ “ਉੱਪ-ਮਹਾਂਦੀਪ ਦੀ ਅਜ਼ਾਦੀ ਲਹਿਰ ਅਤੇ ਸ੍ਰ. ਭਗਤ ਸਿੰਘ ਸ਼ਹੀਦ” ਦਾ ਪ੍ਰਬੰਧ ਕੀਤਾ ਗਿਆ।ਇਸ ਸੈਮੀਨਾਰ ਵਿਚ ਪਾਕਿਸਤਾਨ ਵਿਚ ਵੱਸਣ ਵਾਲੇ ਸਿੱਖ ਭਾਈਚਾਰੇ ਦੀ ਇਕ ਵੱਡੀ ਗਿਣਤੀ ਨੇ ਹਾਜ਼ਰੀ ਭਰੀ।ਸੈਮੀਨਾਰ ਦੇ ਮੁੱਖ ਪ੍ਰੋਹਣੇ ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ।
ਸੈਮੀਨਾਰ ਵਿਚ ਉਦਘਾਟਨੀ ਭਾਸ਼ਨ ਪੇਸ਼ ਕਰਦਿਆਂ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਸੰਚਾਲਕ ਸ੍ਰੀ ਇਹਸਾਨ ਐੱਚ ਨਦੀਮ ਦਾ ਕਹਿਣਾ ਸੀ ਕਿ ਇਸ ਦਿਨ ਭਗਤ ਸਿੰਘ ਦੀ ਕੁਰਬਾਨੀ ਨੇ ਅਜ਼ਾਦੀ ਦਾ ਅੈਸਾ ਦੀਵਾ ਬਾਲਿਆ ਜਿਸ ਨੇ ਇਸ ਖੇਤਰ ‘ਚੋਂ ਅੰਗਰੇਜ਼ ਸਾਮਰਾਜ ਦੇ ਹਨੇਰੇ ਦੂਰ ਕਰ ਦਿੱਤੇ।ਇਕ ਪਾਸੇ ਤਾਂ ਗਾਂਧੀ ਨੇ ਭਗਤ ਸਿੰਘ ਨੂੰ ਫਾਂਸੀ ਚੜ੍ਹਾਉਣ ਵਿਚ ਵਿਸ਼ੇਸ਼ ਭੁਮਿਕਾ ਨਿਭਾਈ ਜਦਕਿ ਦੂਜੇ ਪਾਸੇ ਕਾਇਦੇ-ਆਅਜ਼ਮ ਮੁਹੰਮਦ ਅਲੀ ਜਿਨਾਹ ਹੀ ਸਨ ਜਿਹਨਾਂ ਨੇ ਭਗਤ ਸਿੰਘ ਦੇ ਫਾਸੀ ਤੋਂ ਪਹਿਲਾਂ ਅਤੇ ਮਗਰੋਂ ਵਿਧਾਨ ਸਭਾ ਵਿਚ ਉਸ ਦੇ ਪੱਖ ਵਿਚ ਅਵਾਜ਼ ਚੁੱਕੀ ਅਤੇ ਉਸ ਦੇ ਸੰਘਰਸ਼ ਨੂੰ ਹੱਕੀ ਮਿੱਥਿਆ।
ਸ੍ਰ. ਗੋਪਾਲ ਸਿੰਘ ਚਾਵਲਾ ਸਕੱਤਰ ਜਨਰਲ (ਪੀ.ਐਸ.ਜੀ.ਪੀ.ਸੀ) ਅਤੇ ਚੇਅਰਮੈਨ ਪੰਜਾਬੀ ਸਿੱਖ ਸੰਗਤ ਦਾ ਕਹਿਣਾ ਸੀ ਕਿ ਭਗਤ ਸਿੰਘ ਨੇ ਉੱਪ-ਮਹਾਂਦੀਪ ਦੀ ਮਜ਼ਲੂਮ ਜਨਤਾ ਨੂੰ ਅਜ਼ਾਦੀ ਦਵਾਉਣ ਦਾ ਜਿਹੜਾ ਸੁਫਨਾ ਵੇਖਿਆ ਸੀ ਉਸ ਦੀ ਤਾਅਬੀਰ ਲੱਭਣ ਲਈ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ।ਅੰਗਰੇਜ਼ ਸਾਮਰਾਜ ਨੂੰ ਲਲਕਾਰਣ ਵਾਲਾ ਭਗਤ ਸਿੰਘ ਅਜ਼ਾਦੀ ਦਾ ਸੱਚਾ ਅਤੇ ਸੁੱਚਾ ਹੀਰੋ ਸੀ।ਪਾਕਿਸਤਾਨ ਵਿਚ ਸਿੱਖ ਅਜ਼ਾਦ ਹਨ ਜਦਕਿ ਭਾਰਤ ਵਿੱਚ ਵਿਚਰ ਰਹੇ ਸਿੱਖ ਜ਼ੁਲਮ ਅਤੇ ਵਧੀਕੀ ਦੇ ਬੜੇ ਘਿਨੌਣੇ ਪ੍ਰਬੰਧ ਹੇਠ ਦੱਬੇ ਹੋਏ ਹਨ।ਭਾਰਤ ਵਿਚ ਤਾਂ ਸੰਤ ਜਰਨੈਲ ਸਿੰਘ ਦਾ ਨਾਂ ਖੁਲ ਕੇ ਨਹੀਂ ਲਿਆ ਜਾ ਸਕਦਾ।
ਭਾਰਤ ਦੇ ਹੈਦਰਾਬਾਦ ਦਕਨ ਤੋਂ ਆਏ ਸਿੱਖ ਬੁੱਧੀਜੀਵ ਸ੍ਰ. ਨਾਨਕ ਸਿੰਘ ਨਿਸ਼ਤਰ ਦਾ ਕਹਿਣਾ ਸੀ ਕਿ ਸ੍ਰ. ਭਗਤ ਸਿੰਘ ਇਕ ਪੱਕਾ ਸਿੱਖ ਸੀ ਪਰ ਭਾਰਤ ਵਿਚ ਉਸ ਨੂੰ ਹਿੰਦੂ ਵੇਸ ਦੇਣ ਦੇ ਜਤਨ ਹੋ ਰਹੇ ਹਨ।ਜਿਨਾਹ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ ਪਰ ਕੁਝ ਸਿੱਖ ਆਗੂਆਂ ਦੀ ਪੰਥ ਨਾਲ ਗੱਦਾਰੀ ਕਾਰਨ ਪੰਜਾਬ ਪੰਜਾਬ ਦੀ ਵੰਡ ਵਾਪਰੀ।ਸਿੱਖ ੳਤੇ ਮੁਸਲਮਾਨ ਦੀ ਤੋਹੀਦ ਦੀ ਸਾਂਝ ਇਹਨਾਂ ਨੂੰ ਸਦਾ ਲਈ ਇਕ ਦੂਜੇ ਨਾਲ ਬੰਨ੍ਹ ਕੇ ਰੱਖੇਗੀ।ਭਾਰਤ ਵਿਚ ਸਿੱਖ ਗ਼ੁਲਾਮ ਹਨ ਅਤੇ ਗ਼ੁਲਾਮ ਹੀ ਰਹਿਣਗੇ।ਉੱਥੇ ਸਿੱਖ ਅਤੇ ਸਿੱਖੀ ਦਾ ਕੋਈ ਭਵਿਖ ਨਹੀਂ।
ਬੁੱਧੀਜੀਵ ਅਬਦੁੱਲਾ ਮਲਿਕ ਹੁਰਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਸਾਰੀਆਂ ਪਛੜੀਆਂ ਅਤੇ ਮਜ਼ਲੂਮ ਕੌਮਾਂ ਲਈ ਅਜ਼ਾਦੀ ਅਤੇ ਇਨਕਲਾਬੀ ਵਿਚਾਰਧਾਰਾ ਦਾ ਇਕ ਰੋਸ਼ਨ ਮੀਨਾਰ ਹੈ।ਉਸ ਨੇ ਮਨੁੱਖਤਾ ਨੂੰ ਸਿਰ ਉਤਾਂਹ ਚੁੱਕ ਕੇ ਜੀਉਣ ਦਾ ਸੁਨੇਹਾ ਦਿੱਤਾ।ਉਹ ਸਾਰੀਆਂ ਕੌਮਾਂ ਦਾ ਸਾਂਝਾ ਹੀਰੋ ਹੈ।
ਸ੍ਰ, ਸਾਮ ਸਿੰਘ ਪ੍ਰਧਾਨ ਪੀ.ਐਸ.ਜੀ.ਪੀ.ਸੀ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ।ਉਸ ਨੇ ਸਿੱਖ ਪੰਥ ਦੀ ਸ਼ਹੀਦੀ ਰੀਤ ਅਨੁਸਾਰ ਇਕ ਔਖਾ ਰਾਹ ਚੁਣਿਆ ਅਤੇ ਇਸ ਰਾਹ ਵਿਚ ਆਪਣੀ ਜਾਨ ਦੀ ਭੇਂਟ ਦਿੱਤੀ।ਭਾਰਤ ਦੇ ਮਜਬੂਤ ਅਤੇ ਮਜ਼ਲੂਮ ਸਿੱਖਾਂ ਨੂੰ ਭਗਤ ਸਿੰਘ ਦੀ ਰਾਹ ਉੱਤੇ ਟੁਰਦਿਆਂ ਆਪਣੇ ਵੱਖਰੇ ਦੇਸ਼ ਦੀ ਪ੍ਰਾਪਤੀ ਲਈ ਕਿਸੇ ਵੀ ਕੁਰਬਾਨੀ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।ਨਹੀਂ ਤਾਂ ਜਾਤ-ਪਾਤ ਦੇ ਪ੍ਰਬੰਧ ਅਤੇ ਬਾਹਮਣਵਾਦ ਦੇ ਪੁਜਾਰੀ ਭਾਰਤੀ ਹੁਕਮਰਾਨ ਸਿੰਘਾਂ ਦੀ ਭਾਸ਼ਾ, ਸਭਿਆਚਾਰ ਅਤੇ ਨਿਆਰੇਪਨ ਨੂੰ ਮਿਟਾ ਦੇਣਗੇ।