ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿਚ ਜਾਂਦੇ ਹਾਂ ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੁੰਦੀ ਹੈ ਕਿ ਕਿਸੇ ਇਕ ਨੇ ਹੀ ਮੁਕਾਬਲਾ ਜਿੱਤਣਾ ਹੈ। ਭਾਵੇਂ ਉਹ ਕੋਈ ਪੜ੍ਹਾਈ ਸਬੰਧੀ ਮੁਕਾਬਲਾ ਹੋਵੇ, ਸੁੰਦਰਤਾ ਮੁਕਾਬਲਾ, ਸਿਆਸੀ ਮੁਕਾਬਲਾ, ਖੇਡ ਮੁਕਾਬਲਾ ਜਾਂ ਕਿਸੇ ਹੋਰ ਪ੍ਰਕਾਰ ਦਾ ਮੁਕਾਬਲਾ। ਫਿਰ ਆਸਟ੍ਰੇਲੀਆ ਵਰਗੀ ਟੀਮ ਹੱਥੋਂ ਮਿਲੀ ਹਾਰ ‘ਤੇ ਇੰਨਾ ਹੋ ਹੱਲਾ ਕਿਉਂ? ਕੋਈ ਖਿਡਾਰੀਆਂ ਨੂੰ ਕਸੂਰਵਾਰ ਠਹਿਰਾ ਰਿਹਾ ਹੈ, ਕੋਈ ਸਲੈਕਸ਼ਨ ਕਮੇਟੀ ਨੂੰ ਅਤੇ ਕਈ ਅਜਿਹੇ ਵੀ ਸੌੜੀ ਸੋਚ ਦੇ ਮਾਲਕ ਹਨ ਜਿਹੜੇ ਵਿਰਾਟ ਕੋਹਲੀ ਦੀ ਸਹੇਲੀ ਅਨੁਸ਼ਕਾ ਸ਼ਰਮਾ ਨੂੰ ਹੀ ਕਸੂਰਵਾਰ ਠਹਿਰਾ ਰਹੇ ਹਨ। ਕਸੂਰਵਾਰ ਠਹਿਰਾਉਣ ਵਾਲੇ ਅਜਿਹੇ ਲੋਕਾਂ ‘ਚੋਂ ਕਈ ਅਜਿਹੇ ਭਲੇ ਮਾਨਸ ਵੀ ਹੋਣੇ ਹਨ ਜਿਨ੍ਹਾਂ ਨੂੰ ਕਦੀ ਆਪਣੇ ਸਕੂਲ ਦੀ ਟੀਮ ਵਲੋਂ ਵੀ ਕ੍ਰਿਕਟ ਖੇਡਣ ਦਾ ਮੌਕਾ ਨਹੀਂ ਮਿਲਿਆ ਹੋਣਾ।
ਅਜਿਹਾ ਹੀ ਹਾਲ ਪ੍ਰੈਸ ਦਾ ਹੋਇਆ ਪਿਆ ਹੈ ਉਨ੍ਹਾਂ ਨੂੰ ਭਾਵੇਂ ਇਹ ਪਤਾ ਨਾ ਹੋਵੇ ਵਿਕਟਾਂ ਦੇ ਵਿਚਕਾਰ ਬਣੀ ਪਿੱਚ ਕਿੰਨੇ ਗੱਜ਼ ਜਾਂ ਮੀਟਰ ਦੀ ਹੁੰਦੀ ਹੈ? ਪਰ ਉਹ ਸੁਣੀਆਂ ਸੁਣਾਈਆਂ ਗੱਲਾਂ ਜਾਂ ਟਰਾਂਸਲੇਸ਼ਨ ਕੀਤੀਆਂ ਖ਼ਬਰਾਂ ਰਾਹੀਂ ਲਿਖ ਦਿੰਦੇ ਹਨ ਕਿ ਇਨ੍ਹਾਂ ਪੰਜ ਕਾਰਨਾਂ ਕਰਕੇ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਕਿਸੇ ਵੀ ਟੀਮ ਦੀ ਨਾਕਾਮਯਾਬੀ ਪਿੱਛੇ ਇਕ ਜਾਂ ਦੋ ਕਾਰਨ ਨਹੀਂ ਹੁੰਦੇ ਜਿੰਨੇ ਖਿਡਾਰੀ ਹੁੰਦੇ ਹਨ ਉਨ੍ਹਾਂ ਵਲੋਂ ਵਿਖਾਈ ਗਈ ਖੇਡ ਦੇ ਨਤੀਜੇ ਹੀ ਸਭ ਤੋਂ ਵੱਡਾ ਕਾਰਨ ਹੁੰਦੇ ਹਨ। ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਭਾਰਤੀ ਟੀਮ ਦੇ ਸੁਪਰਸਟਾਰ ਖਿਡਾਰੀ ਭਾਵੇਂ ਉਹ ਸਚਿਨ, ਗਵਾਸਕਰ ਜਾਂ ਫਿਰ ਯੁਵਰਾਜ ਹੋਵੇ ਇਹ ਵੀ ਅਨੇਕਾਂ ਵਾਰ ਘੱਟ ਸਕੋਰ ਬਣਾਕੇ ਆਊਟ ਹੋਏ ਹਨ। ਇਹ ਸਾਰੇ ਹੀ ਲੋਕ ਜਿਹੜੇ ਭਾਰਤੀ ਟੀਮ ਦੀ ਹਾਰ ਨੂੰ ਕਿਸੇ ਨਾ ਕਿਸੇ ਕਾਰਨ ਨਾਲ ਜੋੜ ਰਹੇ ਹਨ ਇਹ ਸਾਰੇ ਹੀ ਖੇਡ ਭਾਵਨਾ ਤੋਂ ਨਾਵਾਕਿਫ਼ ਹਨ। ਭਾਰਤ ਵਿਚ ਖੇਡਾਂ ਦੇ ਸ਼ੌਕੀਨ ਹੋਰ ਖੇਡਾਂ ਵਿਚ ਭਾਵੇਂ ਪਹਿਲੇ ਹੀ ਰਾਊਂਡ ਵਿਚ ਹੀ ਆਊਟ ਹੋ ਜਾਣ ਪਰ ਜਿਥੇ ਕ੍ਰਿਕਟ ਦੀ ਗੱਲ ਆ ਜਾਂਦੀ ਹੈ ਇਹ ਖੇਡ ਨੂੰ ਇਕ ਜੰਗ ਵਾਂਗ ਵੇਖਦੇ ਹਨ।
ਕੁਝ ਮਨਚਲੇ ਤਾਂ ਅਜਿਹੇ ਵੀ ਹਨ ਜਿਹੜੇ ਅਖ਼ਬਾਰਾਂ ਦੀਆਂ ਸੁਰਖੀਆਂ, ਟੈਲੀਵਿਜ਼ਨ ਜਾਂ ਫਿਰ ਯੂ-ਟਿਊਬ ‘ਤੇ ਆਪਣੀਆਂ ਸ਼ਕਲਾਂ ਵਿਖਾਉਣ ਖਾਤਰ ਟੀ ਵੀ ਤੋੜਣ ਜਾਂ ਵਿਖਾਵਾ ਕਰਨ ਜਿਹੀਆਂ ਹੋਛੀਆਂ ਹਰਕਤਾਂ ਕਰਨ ‘ਤੇ ਉਤਾਰੂ ਹੋ ਜਾਂਦੇ ਹਨ। ਕੁਝ ਮਨਚਲੇ ਤਾਂ ਅਨੁਸ਼ਕਾ ਸ਼ਰਮਾ ਦੇ ਘਰ ਸਾਹਮਣੇ ਭੰਨ ਤੋੜ ਜਾਂ ਵਿਖਾਵਾ ਕਰਨ ਦੀਆਂ ਹੀਣਤਾ ਭਰਪੂਰ ਗੱਲਾਂ ‘ਤੇ ਵੀ ਉਤਾਰੂ ਹੋ ਗਏ। ਉਨ੍ਹਾਂ ਛੋਟੀ ਸੋਚ ਦੇ ਲੋਕਾਂ ਨੂੰ ਮੈਂ ਪੁੱਛਦਾ ਹਾਂ ਕਿ ਜੇਕਰ ਉਹ ਕ੍ਰਿਕਟ ਬਾਰੇ ਆਪਣੀ ਦਿਲਚਸਪੀ ਰੱਖਦੇ ਹਨ ਤਾਂ ਅਨੁਸ਼ਕਾ ਕਿਉਂ ਮੈਚ ਵੇਖਣ ਨਹੀਂ ਜਾ ਸਕਦੀ? ਅਨੁਸ਼ਕਾ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ ਫਿਰ ਉਸਨੂੰ ਕਸੂਰਵਾਰ ਠਹਿਰਾਉਣਾ ਕਿੰਨਾ ਕੁ ਜਾਇਜ਼ ਹੈ? ਬਾਕੀ ਦੇਸ਼ਾਂ ਦੇ ਖਿਡਾਰੀ ਵੀ ਆਪਣੀਆਂ ਪਤਨੀਆਂ, ਮਾਪਿਆਂ, ਬੱਚਿਆਂ ਅਤੇ ਪ੍ਰੇਮਿਕਾਵਾਂ, ਦੋਸਤਾਂ ਜਾਂ ਹੋਰ ਰਿਸ਼ਤੇਦਾਰਾਂ ਨੂੰ ਖੇਡ ਵੇਖਣ ਲਈ ਲਿਜਾਂਦੇ ਹਨ, ਜੇ ਅਨੁਸ਼ਕਾ ਵਿਰਾਟ ਦੀ ਖੇਡ ਵੇਖਣ ਲਈ ਚਲੀ ਗਈ ਤਾਂ ਇਸ ਵਿਚ ਕੀ ਅਪਰਾਧ ਹੋ ਗਿਆ? ਜਿਹੜੇ ਲੋਕ ਭਾਰਤੀ ਟੀਮ ਵਲੋਂ ਆਪਣੇ ਗਰੁੱਪ ਦੀਆਂ ਸਾਰੀਆਂ ਟੀਮਾਂ ਨੂੰ ਹਰਾਕੇ ਸੈਮੀਫਾਈਨਲ ਵਿਚ ਦਾਖ਼ਲ ਹੋਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਭਾਰਤੀ ਟੀਮ ਦੇ ਗਰੁੱਪ ਵਿਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਨਹੀਂ ਸਨ। ਜੇ ਉਨ੍ਹਾਂ ‘ਚੋਂ ਇਕ ਟੀਮ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ ਹਰਾ ਦਿੱਤਾ ਤਾਂ ਕੀ ਹਨ੍ਹੇਰ ਆ ਗਿਆ? ਭਾਰਤੀ ਦਰਸ਼ਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੀ ਵਾਰ ਆਸਟ੍ਰੇਲੀਆ ਦੇ ਦੌਰੇ ‘ਤੇ ਜਾਣ ਵਾਲੀ ਟੀਮ ਦੇ ਵਧੇਰੇ ਮੈਂਬਰ ਹੀ ਇਹ ਵਰਲਡ ਕੱਪ ਟੀਮ ਦਾ ਹਿੱਸਾ ਸਨ। ਜੇਕਰ ਉਹ ਆਸਟ੍ਰੇਲੀਆ ਵਿਚ ਕੋਈ ਕਾਰਨਾਮਾ ਨਹੀਂ ਕਰ ਸਕੇ ਤਾਂ ਹੁਣ ਆਸਟ੍ਰੇਲੀਆ ਦੀ ਫਾਸਟ ਬਾਲਿੰਗ ਲਈ ਮਸ਼ਹੂਰ ਪਿੱਚ ‘ਤੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਉਨ੍ਹਾਂ ਪਾਸੋਂ ਕਿਸੇ ਪ੍ਰਕਾਰ ਦੀ ਆਸ ਰੱਖਣਾ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ।
ਖੇਡ ਵਿੱਚ ਕੀਤੀ ਗਈ ਇਕ ਗ਼ਲਤੀ ਹੀ ਕਈ ਵਾਰ ਪੂਰੀ ਟੀਮ ਦੇ ਹਾਰਨ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਖਿਡਾਰੀਆਂ ਵਲੋਂ ਲਿਆ ਗਿਆ ਇਕ ਸੋਹਣਾ ਕਦਮ ਹੀ ਪੂਰੀ ਟੀਮ ਨੂੰ ਜਿੱਤ ਦੀਆਂ ਪੌੜੀਆਂ ਤੱਕ ਲਿਜਾ ਖੜਾ ਕਰਦਾ ਹੈ। ਚੰਗੀਆਂ ਟੀਮਾਂ ਦਾ ਕੋਚਿੰਗ ਸਟਾਫ਼ ਖੇਡ ਦੌਰਾਨ ਹੋਈਆਂ ਗ਼ਲਤੀਆਂ ਵਿਚ ਸੁਧਾਰ ਕਰਕੇ ਆਉਂਦੇ ਮੁਕਾਬਲਿਆਂ ਵਿਚ ਆਪਣੀ ਟੀਮ ਨੂੰ ਚੰਗੀ ਟ੍ਰੇਨਿੰਗ ਵੱਲ ਧਿਆਨ ਦੇਣਾ ਜਿ਼ਆਦਾ ਚੰਗਾ ਸਮਝਦਾ ਹੈ। ਇਹੀ ਹਾਲ ਦਰਸ਼ਕਾਂ ਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਘਰੇਲੂ ਗਰਾਊਂਡ ‘ਤੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਣਾ ਹੋਰ ਗੱਲ ਹੁੰਦੀ ਹੈ। ਪਰ ਬਿਗਾਨੀ ਧਰਤੀ ‘ਤੇ ਉਸ ਦੇਸ਼ ਦੇ ਦਰਸ਼ਕਾਂ ਸਾਹਮਣੇ ਖੇਡਣਾ ਹੋਰ ਗੱਲ। ਅਸੀਂ ਭਾਰਤੀ ਪਿੱਚਾਂ ਨੂੰ ਭਾਰਤੀ ਖਿਡਾਰੀਆਂ ਦੀ ਮਰਜ਼ੀ ਮੁਤਾਬਕ ਬਣਾ ਸਕਦੇ ਹਾਂ, ਫਿਰ ਆਸਟ੍ਰੇਲੀਆਈ ਪਿੱਚਾਂ ਆਸਟ੍ਰੇਲੀਆਈ ਖਿਡਾਰੀਆਂ ਮੁਤਾਬਕ ਕਿਉਂ ਨਹੀਂ ਬਣ ਸਕਦੀਆਂ? ਜੇ ਮੈਂ ਗ਼ਲਤ ਨਹੀਂ ਹਾਂ ਤਾਂ ਸਿਡਨੀ ਭਾਰਤ ਦੇ ਕਿਸੇ ਸ਼ਹਿਰ ਦਾ ਨਾਮ ਨਹੀਂ ਜਿਥੇ ਉਹ ਪਿੱਚ ਆਪਣੇ ਖਿਡਾਰੀਆਂ ਦੀ ਖੇਡ ਮੁਤਾਬਕ ਬਣਵਾ ਸਕਦੇ ਸਨ, ਇਹ ਆਸਟ੍ਰੇਲੀਆ ਦਾ ਹੀ ਕੋਈ ਸ਼ਹਿਰ ਲੱਗਦਾ ਹੈ। ਫਿਰ ਭਾਰਤੀ ਟੀਮ ਨੂੰ ਆਸਟ੍ਰੇਲੀਆਈ ਟੀਮ ਪਾਸੋਂ ਮਿਲੀ ਹਾਰ ‘ਤੇ ਇੰਨੀ ਖ਼ਫ਼ਗ਼ੀ ਕਿਉਂ? ਨਾਲੇ ਭਾਰਤੀ ਦਰਸ਼ਕਾਂ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਗਿਆਨ ਹੋਣਾ ਚਾਹੀਦਾ ਹੈ ਕਿ ਭਾਰਤੀ ਟੀਮ ਨੇ ਹਰ ਵਾਰ ਵਰਲਡ ਕੱਪ ਜਿੱਤਣ ਦਾ ਠੇਕਾ ਨਹੀਂ ਲਿਆ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਵੀ ਵਰਲਡ ਕੱਪ ਜਿੱਤਣ ਦਾ ਪੂਰਾ ਪੂਰਾ ਹੱਕ ਹੈ। ਇਨ੍ਹਾਂ ਦਰਸ਼ਕਾਂ ਨੂੰ ਇਹ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਇਸਤੋਂ ਪਹਿਲਾਂ ਭਾਰਤੀ ਟੀਮ ਵਲੋਂ ਕੁੱਲ ਕਿੰਨੇ ਵਰਲਡ ਕੱਪ ਜਿੱਤੇ ਗਏ ਹਨ?
ਅੰਕੜੇ ਸਾਫ਼ ਦੱਸਦੇ ਹਨ ਕਿ ਭਾਰਤੀ ਟੀਮ ਵਲੋਂ ਅਜੇ ਤੱਕ ਸਿਰਫ਼ 2 ਵਾਰ ਵਰਲਡ ਕੱਪ ਮੁਕਾਬਲੇ ਜਿੱਤੇ ਗਏ ਹਨ ਅਤੇ ਆਸਟ੍ਰੇਲੀਆ ਦੀ ਟੀਮ ਵਲੋਂ ਇਸ ਵਰਲਡ ਕੱਪ ‘ਤੇ 4 ਵਾਰ ਕਬਜ਼ਾ ਕੀਤਾ ਗਿਆ। ਭਾਰਤੀ ਦਰਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਸੈਮੀਫਾਈਨਲ ਵਿਚ ਮਿਲੀ ਹਾਰ ਨੂੰ ਭੁੱਲਕੇ ਇਹ ਵੇਖਣ ਕਿ ਕਿਹੜੀ ਟੀਮ ਵਰਲਡ ਕੱਪ ਜਿੱਤਦੀ ਹੈ? ਆਪਣੀ ਵਧੀਆ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਦਾ ਆਨੰਦ ਮਾਣਨ। ਜੇਕਰ ਉਨ੍ਹਾਂ ਦਾ ਹਾਜ਼ਮਾ ਵਧੇਰੇ ਖ਼ਰਾਬ ਹੈ ਤਾਂ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦੇਣ । ਵੈਸੇ ਭਾਰਤੀ ਦਰਸ਼ਕਾਂ ਦੀ ਇਕ ਭੈੜੀ ਆਦਤ ਇਹ ਵੀ ਰਹੀ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਜੇਤੂ ਹੋਕੇ ਪਰਤਦੀ ਹੈ ਤਾਂ ਉਹ ਫੁੱਲਾਂ ਦੇ ਹਾਰ ਲੈ ਕੇ ਏਅਰ ਪੋਰਟ ‘ਤੇ ਪਹੁੰਚ ਜਾਂਦੇ ਹਨ। ਜਦੋਂ ਟੀਮ ਹਾਰ ਜਾਂਦੀ ਹੈ ਤਾਂ ਖਿਡਾਰੀਆਂ ਨੂੰ ਕਿਸੇ ਅਨਜਾਣ ਦੇਸ਼ ਦੀ ਧਰਤੀ ‘ਤੇ ਉਤਰਨ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੂੰ ਇਹ ਲੱਗਦਾ ਹੈ ਜਿਵੇਂ ਉਨ੍ਹਾਂ ਦਾ ਜਹਾਜ਼ ਕਿਸੇ ਭਾਰਤੀ ਏਅਰਪੋਰਟ ‘ਤੇ ਲੈਂਡ ਨਹੀਂ ਕੀਤਾ ਸਗੋਂ ਕਿਸੇ ਪਰਾਏ ਦੇਸ਼ ਦੀ ਧਰਤੀ ‘ਤੇ ਲੈਂਡ ਕੀਤਾ ਹੈ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਲੋਂ ਸਾਂਝੇ ਤੌਰ ‘ਤੇ ਇਸ ਵਾਰ ਕ੍ਰਿਕਟ ਵਰਲਡ ਕੱਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੁਝ ਮੈਚ ਨਿਊਜ਼ੀਲੈਂਡ ਵਿਖੇ ਖੇਡੇ ਗਏ ਅਤੇ ਕੁਝ ਆਸਟ੍ਰੇਲੀਆ ਵਿਖੇ। ਸੱਬਬ ਨਾਲ ਦੋਵੇਂ ਹੀ ਦੇਸ਼ਾਂ ਦੀਆਂ ਟੀਮਾਂ ਦੌਰਾਨ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਹੁਣ ਵੇਖਣਾ ਇਹ ਹੈ ਕਿ ਇਸ ਵਾਰ ਵਰਲਡ ਕੱਪ ਕਿਸੇ ਦੇਸ਼ ਦੀ ਝੋਲੀ ਪੈਂਦਾ ਹੈ?