ਨਵੀਂ ਦਿੱਲੀ : ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਸੁਫ਼ਨੇ ਦਾ ਗੁਰੂ ਹਰਿਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ਚਾਲੂ ਹੋਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਸੰਪੁਰਣ ਹੋਣ ਦੇ ਪ੍ਰੋਗਰਾਮਾਂ ‘ਚ ਹਾਜਰੀ ਭਰਣ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਨੂੰ ਸ਼ੁਰੂ ਕਰਵਾਉਣ ਵਾਸਤੇ ਕਾਨੂੰਨੀ ਅਤੇ ਸਿਆਸੀ ਲੜਾਈ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਲਦੀਪ ਸਿੰਘ ਭੋਗਲ ਵੱਲੋਂ ਬਾਲਾ ਸਾਹਿਬ ਹਸਪਤਾਲ ਦੀ ਖੰਡਰ ਹੋ ਰਹੀ ਬਿਲਡਿੰਗ ਦੀ ਕਾਰਸੇਵਾ ਬਾਬਾ ਬਚਨ ਸਿੰਘ ਜੀ ਨੂੰ ਕਰਨ ਦੀ ਬੇਨਤੀ ਨੂੰ ਬਾਬਾ ਜੀ ਵੱਲੋਂ ਮੰਜੂਰ ਕਰਨ ਉਪਰੰਤ ਦਿੱਲੀ ਦੀਆਂ ਸੰਗਤਾਂ ਨੂੰ ਉਕਤ ਹਸਪਤਾਲ ਦੇ ਸ਼ੁਰੂ ਹੋਣ ਦੀ ਆਸ ਬਣ ਗਈ ਹੈ।
ਬਾਬਾ ਬਚਨ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਸਪਤਾਲ ਦੀ ਬਿਲਡਿੰਗ ਦੀ ਕਾਰਸੇਵਾ ਅਦਾਲਤੀ ਕਾਰਵਾਈ ਖਤਮ ਹੋਣ ਤੋਂ ਬਾਅਦ ਸ਼ੁਰੂ ਕਰਨ ਦੇ ਦਿੱਤੇ ਗਏ ਸੰਕੇਤਾਂ ਦਾ ਖੁਲਾਸਾ ਭੋਗਲ ਨੇ ਖੁਦ ਕੀਤਾ ਹੈ। ਭੋਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਸਪਤਾਲ ਨੂੰ ਚਾਲੂ ਕਰਨ ਦਾ ਦਾਅਵਾ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤਾ ਗਿਆ ਸੀ, ਪਰ ਪਿਛਲੇ 2 ਸਾਲਾਂ ‘ਚ ਅਦਾਲਤੀ ਲੜਾਈ ਦੌਰਾਨ ਹਸਪਤਾਲ ਨੂੰ ਸ਼ੁਰੂ ਕਰਨ ਦਾ ਰਸਤਾ ਸਾਫ ਨਹੀਂ ਹੋ ਰਿਹਾ ਹੈ, ਕਿਉਂਕਿ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਅਧੀਨ ਹਸਪਤਾਲ ਨੂੰ ਚਲਾਉਣ ਵਾਸਤੇ ਇਕ ਪਰਿਵਾਰਿਕ ਟ੍ਰਸਟ ਬਣਾਇਆ ਹੋਇਆ ਸੀ ਜਿਸਨੂੰ ਮਾਨਯੋਗ ਅਦਾਲਤ ਵੱਲੋਂ ਗੈਰ ਕਾਨੂੰਨੀ ਕਰਾਰ ਦਿੱਤਾ ਜਾ ਚੁੱਕਿਆ ਹੈ।
ਸਰਨਾ ਤੇ ਜਾਣਬੁੱਝ ਕੇ ਹਸਪਤਾਲ ਦੇ ਕੰਮ ਨੂੰ ਲਟਕਾਉਣ ਵਾਸਤੇ ਦਿੱਲੀ ਹਾਈ ਕੋਰਟ ‘ਚ 24 ਜੁਲਾਈ 2014 ਨੂੰ ਟ੍ਰਸਟ ਨੂੰ ਗੈਰ ਕਾਨੂੰਨੀ ਕਹਿਣ ਵਾਲੇ ਫੈਸਲੇ ਨੂੰ ਚੁਨੌਤੀ ਦੇਣ ਦਾ ਮੁਕਦਮਾ ਦਾਇਰ ਕਰਨ ਦਾ ਭੋਗਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਕਰਕੇ ਅਦਾਲਤੀ ਅੜਿਕਿਆਂ ਕਾਰਣ ਹਸਪਤਾਲ ਦੀ ਸੇਵਾ ਸੰਭਾਲ ਦਿੱਲੀ ਕਮੇਟੀ ਵੱਲੋਂ ਕਰਨ ‘ਚ ਮੁਸ਼ਕਲ ਆ ਰਹੀ ਹੈ। ਇਸ ਬਾਰੇ ਆਪਣਾ ਪ੍ਰਤਿਕ੍ਰਮ ਦਿੰਦੇ ਹੋਏ ਜੀ.ਕੇ. ਨੇ ਹਸਪਤਾਲ ਨੂੰ ਦਿੱਲੀ ਕਮੇਟੀ ਵੱਲੋਂ ਸ਼ੁਰੂ ਕਰਨ ਦੀ ਵਚਨਬੱਧਤਾ ਵੀ ਦੋਹਰਾਈ। ਜੀ.ਕੇ. ਨੇ ਸਰਨਾ ਭਰਾਵਾਂ ਨੂੰ ਅਦਾਲਤਾ ‘ਚ ਚਲ ਰਹੇ ਮੁਕਦਮਿਆਂ ਨੂੰ ਵਾਪਿਸ ਲੈ ਕੇ ਕੌਮ ਦਾ ਸਰਮਾਇਆ ਕੌਮ ਦੇ ਵਾਸਤੇ ਇਸਤੇਮਾਲ ਹੋਣ ਦੇਣ ਦੀ ਵੀ ਅਪੀਲ ਕੀਤੀ। ਦਿੱਲੀ ਦੀ ਸੰਗਤ ਵਾਸਤੇ ਬਾਲਾ ਸਾਹਿਬ ਹਸਪਤਾਲ ਦੀ ਵੱਡੀ ਅਹਿਮੀਅਤ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਬਾਬਾ ਬਚਨ ਸਿੰਘ ਵੱਲੋਂ ਅਦਾਲਤੀ ਨਿਪਟਾਰੇ ਉਪਰੰਤ ਕਾਰਸੇਵਾ ਸ਼ੁਰੂ ਕਰਨ ਦੇ ਦਿੱਤੇ ਗਏ ਭਰੋਸੇ ਦਾ ਵੀ ਧੰਨਵਾਦ ਕੀਤਾ।