ਲੁਧਿਆਣਾ – ਸਮੇਂ ਦੀਆਂ ਸਰਕਾਰਾਂ ਨੇ ਸਿਰਫ਼ ਸ਼ਹੀਦਾਂ ਦੇ ਨਾਮ ’ਤੇ ਰੋਟੀਆਂ ਹੀ ਸੇਕੀਆਂ ਹਨ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਦੀ ਧਰਤੀ ਖਟਖੜ ਕਲਾ ਵਿਚ ਆ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀਆਂ ਦਿੰਦੇ ਹਨ। ਜੋ ਸਿਰਫ਼ ਤੇ ਸਿਰਫ਼ ਇਕ ਡਰਾਮਾ ਹੈ। ਜੇ ਉਨ੍ਹਾਂ ਨੇ ਸ਼ਹੀਦਾਂ ਨੂੰ ਸੱਚੀ ਸ਼ਰਧਾਜ਼ਲੀ ਦੇਣੀ ਹੈ ਤਾਂ ਉਹ ਉਨ੍ਹਾਂ ਨੂੰ ਦੇਸ਼ ਕੌਮ ਦਾ ਸ਼ਹੀਦ ਕਿਉਂ ਨਹੀਂ ਐਲਾਨ ਕਰਦੇ। ਅੱਜ ਕਿਉਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਉਧਮ ਸਿੰਘ ਨੂੰ ਸਰਕਾਰ ਵੱਲੋਂ ਸ਼ਹੀਦ ਦੀ ਮਾਨਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਜਾਤੀ ਨਾਲ ਸਬੰਧਤ ਨਹੀਂ ਹੁੰਦੇ, ਉਹ ਤਾਂ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਗੱਲ ਫ਼ਿਲਮ ਸੈਂਸਰ ਬੋਰਡ ਦੇ ਮੈਂਬਰ ਜੋਗਿੰਦਰ ਸਿੰਘ ਜੰਗੀ ਨੇ ਖਟਖੜ ਕਲਾ ਵਿਖੇ ਸਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜ਼ਲੀ ਦੇਣ ਗਏ ਵਫ਼ਦ ਨੂੰ ਲੁਧਿਆਣਾ ਤੋਂ ਰਵਾਨਾ ਕਰਨ ਸਮੇਂ ਕਹੀ।
ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਦੇਣ ਦੇ ਲਈ ਅੱਜ ਲੁਧਿਆਣਾ ਤੋਂ ਕਾਂਗਰਸੀ ਆਗੂਆਂ ਦਾ ਵਫਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਰੇ ਦੇ ਪਿੰਡ ਖਟਖੜ ਕਲਾ ਵਿਖੇ ਗਏ। ਜਿਥੇ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਇਸ ਮੌਕੇ ਫ਼ਿਲਮ ਸੈਂਸਰ ਬੋਰਡ ਦੇ ਮੈਂਬਰ ਜੋਗਿੰਦਰ ਸਿੰਘ ਜੰਗੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦ ਦੇਸ਼ ਦੇ ਨਾਗਰਿਕ ਹੈ। ਉਨ੍ਹਾਂ ਕਿਹਾ ਕਿ ਉਹੀ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਕਿਸੇ ਮਹਾਨ ਸ਼ਹੀਦ ਜਾਂ ਸ਼ਹੀਦ ਦੇ ਦਿਖਾਏ ਰਾਸਤੇ ’ਤੇ ਚੱਲ ਕੇ ਉਨ੍ਹਾਂ ਵਲੋਂ ਆਪਣੀਆਂ ਕੁਰਬਾਨੀਆਂ ਦੇ ਕੇ ਲਈ ਆਜਾਦੀ ਨੂੰ ਕਾਇਮ ਰੱਖਦੇ ਹੋਏ ਉਸ ਦੀ ਰੱਖਿਆ ਕਰਦੇ ਹਨ। ਇਸ ਮੌਕੇ ਵਫ਼ਦ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਹੀਦ ਦਾ ਦਰਜ਼ ਦਿੱਤਾ ਜਾਵੇ। ਇਸ ਮੌਕੇ ਜੋਗਿੰਦਰ ਸਿੰਘ ਜੰਗੀ ਤੋਂ ਇਲਾਵਾ ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਢਿੱਲੋਂ, ਬਿੱਲੂ ਦੁੱਗਰੀ, ਜਗਜੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਪਨੇਸਰ, ਟਿੰਕੂ ਬੱਤਾ, ਗੁਰਪ੍ਰੀਤ ਸਿੰਘ ਸੋਨੂੰ ਗੱਗੂ ਦੁੱਗਰੀ, ਜਤਿਨ ਗੁਪਤਾ ਆਦਿ ਹਾਜ਼ਰ ਸਨ।