ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ ਐਜ਼ੂਕੇਸ਼ਨ ਵਿਖੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਡਾ. ਏ. ਕੇ. ਕਾਂਸਲ ਦੀ ਯੋਗ ਅਗਵਾਈ ਵਿੱਚ ਕਾਲਜ ਦੀ ਐਨ. ਐਸ. ਐਸ. ਯੂਨਿਟ ਵੱਲੋਂ ਏਡਜ਼ ਜਾਗਰੂਕਤਾ ਸੰਬੰਧੀ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਜਿਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਅਤੇ ਡਾ. ਧਰੁਵ ਰਾਜ ਗੋਦਾਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸ਼੍ਰੀ ਨਰਿੰਦਰ ਬੱਸੀ ਜਿਲ੍ਹਾ ਐਜੂਕੇਟਰ ਅਤੇ ਟੀਮ ਨੇ ਭਾਗ ਲਿਆ। ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਅਰੁਣ ਕੁਮਾਰ ਕਾਂਸਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸ੍ਰੀ ਨਰਿੰਦਰ ਬੱਸੀ ਵੱਲੋਂ ਵਿਦਿਆਰਥੀਆਂ ਨੂੰ ਏਡਜ਼ ਦੀ ਲਾਇਲਾਜ ਬਿਮਾਰੀ ਦੇ ਇਤਿਹਾਸ, ਇਸ ਦੇ ਲੱਛਣ ਕਾਰਨ ਅਤੇ ਬਚਾਉ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਸਾਦਗੀ ਅਤੇ ਨੈਤਿਕਤਾ ਲਿਆਉਣ ਦੀ ਲੋੜ ਹੈ ਅਤੇ ਦੱਸਿਆ ਕਿ ਇਸ ਲਾ-ਇਲਾਜ ਬਿਮਾਰੀ ਦਾ ਕੇਵਲ ਤੇ ਕੇਵਲ ਇੱਕ ਹੱਲ ਜਾਗਰੂਕਤਾ ਹੈ। ਇਸ ਲਈ ਸਾਨੂੰ ਇਸ ਸੰਬੰਧੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਅਤੇ ਹੋਰ ਸਾਰੇ ਸਮਾਜ ਨੂੰ ਜਾਗਰੂਕ ਕਰਨ ਦੀ ਸਾਡੀ ਜਿੰਮੇਵਾਰੀ ਬਣਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਏਡਜ਼ ਪੀੜਤ ਵਿਅਕਤੀਆਂ ਦਾ ਸਮਾਜ ਵਿੱਚ ਸਥਾਨ ਅਤੇ ਉਹਨਾਂ ਪ੍ਰਤੀ ਹਮਦਰਦੀ ਭਰਪੂਰ ਰਵੱਈਆ ਅਪਣਾਉਣ ਬਾਰੇ ਦੱਸਿਆ ਤਾਂ ਜੋ ਉਹਨਾਂ ਰਾਹੀਂ ਅਣਜਾਣੇ ਵਿੱਚ ਫੈਲਾਈ ਜਾਣ ਵਾਲੀ ਬਿਮਾਰੀ ਨੂੰ ਠੱਲ ਪਾਈ ਜਾ ਸਕੇ। ਭਾਸ਼ਣ ਉਪਰੰਤ ਸ੍ਰੀ ਨਰਿੰਦਰ ਬਸੀ ਜੀ ਵੱਲੋਂ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਆਪਣੇ ਵਿਸਤ੍ਰਿਤ ਭਾਸ਼ਣ ਰਾਹੀਂ ਗੁਰਬਾਣੀ ਵਿਚ “ਏਕਾ ਨਾਰੀ ਜਤੀ ਹੋਇ” ਦੇ ਸੰਕਲਪ ਨੂੰ ਅੱਜ ਦੇ ਸਮੇਂ ਵਿਚ ਮਨੁੱਖੀ ਆਚਰਣ ਵਿਚ ਧਾਰਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਜਾਗਰੂਕਤਾ ਫੈਲਾਉਣਾ ਅਜੋਕੇ ਸਮੇਂ ਦੀ ਲੋੜ ਹੈ ਕਿ ਇਸ ਬਿਮਾਰੀ ਦੇ ਫੈਲਾਅ ਦਾ ਕਰਨ ਲਿੰਗਕ ਸੰਬੰਧ ਹੀ ਨਹੀਂ ਬਲਕਿ ਸੰਸਾਰ ਵਿਚ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਸਿਹਤ ਸੇਵਾਵਾਂ ਦੀ ਅਣਗਹਿਲੀ ਕਾਰਨ ਏਡਜ਼ ਦੇ ਸ਼ਿਕਾਰ ਹੋ ਜਾਂਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅਸਿਸਟੈਂਟ ਪ੍ਰੋਫੈਸਰ ਖੁਸ਼ਪ੍ਰੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।