ਨਵੀਂ ਦਿੱਲੀ : ਗੁਰਦੁਆਰਾ ਬਾਲਾ ਸਾਹਿਬ ਵਿਖੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਯਾਤਰੂਆਂ ਅਤੇ ਪਾਠੀਆਂ ਵਾਸਤੇ ਤਿਆਰ ਕਰਵਾਏ ਗਏ 2 ਵੱਡੇ ਹਾਲ ਅਤੇ ਨਵੇਂ ਬਣੇ ਟਾਇਲੱਟ ਬਲਾਕ ਸੰਗਤਾਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸਮਰਪਿਤ ਕੀਤੇ ਗਏ। ਰਿੰਗ ਰੋਡ ਤੇ ਕਿਨਾਰੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿਤਰ ਸਥਾਨ ਵਿਖੇ ਧਾਰਮਿਕ ਯਾਤਰਾਵਾਂ ਤੇ ਜਾਉਣ ਵਾਲੀਆਂ ਸੰਗਤਾਂ ਦੀਆਂ ਬੱਸਾਂ ਅਤੇ ਟ੍ਰਕਾਂ ਦੇ ਰੁਕਣ ਦੌਰਾਨ ਯਾਤਰੂਆਂ ਦੇ ਵਿਸ਼ਰਾਮ ਵਾਸਤੇ ਬਨਾਏ ਗਏ ਵੱਡੇ ਹਾਲ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਪੰਜਾਬ, ਹਰਿਯਾਣਾ ਅਤੇ ਉਤਰ ਪ੍ਰਦੇਸ਼ ਵਿਖੇ ਆਉਣ ਜਾਉਣ ਵਾਲੀਆਂ ਸੰਗਤਾਂ ਨੂੰ ਇਸ ਸਥਾਨ ਤੇ ਰੁਕਣ ਦੌਰਾਨ ਅਰਾਮ ਕਰਨ ਵਾਸਤੇ ਹਾਲ ਦੀ ਬੜੇ ਲੰਬੇ ਸਮੇਂ ਤੋਂ ਲੋੜ ਸੀ ਜਿਸ ਕਰਕੇ ਬਾਬਾ ਬਚਨ ਸਿੰਘ ਜੀ ਨੂੰ ਬੇਨਤੀ ਕਰਕੇ ਯਾਤਰੂ ਹਾਲ ਤਿਆਰ ਕਰਵਾਇਆ ਗਿਆ ਹੈ।
ਸ੍ਰੀ ਅਖੰਡ ਪਾਠ ਸਾਹਿਬ ਦੀਆਂ ਚਲ ਰਹੀਆਂ ਲੜੀਆਂ ਦੌਰਾਨ ਸੇਵਾ ਕਰਨ ਵਾਲੇ ਪਾਠੀ ਸਿੰਘਾ ਨੂੰ ਦੇਰ ਰਾਤ ਵੇਲ੍ਹੇ ਸੇਵਾ ਨਿਭਾਉਣ ਉਪਰੰਤ ਅਰਾਮ ਕਰਨ ਲਈ ਬਨਾਏ ਗਏ ਪਾਠੀ ਹਾਲ ਦੀਆਂ ਚਾਬੀਆਂ ਬਾਬਾ ਬਚਨ ਸਿੰਘ ਤੋਂ ਪ੍ਰਾਪਤ ਕਰਨ ਉਪਰੰਤ ਜੀ.ਕੇ. ਨੇ ਨਵੇਂ ਬਨੇ ਟਾਇਲੱਟ ਬਲਾਕ ਦਾ ਵੀ ਉਧੱਘਾਟਨ ਕੀਤਾ। ਸੰਗਤਾਂ ਨੂੰ ਗੁਰੂਧਾਮਾਂ ‘ਚ ਹਰ ਪ੍ਰਕਾਰ ਦੀ ਸਹੁਲੀਅਤ ਦੇਣ ਦੀ ਵਚਨਬਧੱਤਾ ਦੁਹਰਾਉਂਦੇ ਹੋਏ ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਵੱਲੋਂ ਉਕਤ ਕਾਰਸੇਵਾ ਦੀ ਸੰਪੁਰਨਤਾ ਵਾਸਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ। ਜੀ.ਕੇ. ਨੇ ਗੁਰੂ ਨਾਨਕ ਸਾਹਿਬ ਵੱਲੋਂ ਸਰਬਤ ਦੇ ਭਲੇ ਦੇ ਸਿਧਾਂਤ ਨੂੰ ਧਿਆਨ ‘ਚ ਰੱਖ ਕੇ ਗੁਰੂਧਾਮਾ ਦੀ ਸਥਾਪਨਾ ਨੂੰ ਲੋਕ ਭਲਾਈ ਅਤੇ ਯਾਤਰੂਆਂ ਦੀ ਸੇਵਾ ਸੰਭਾਲ ਲਈ ਦਿੱਤੇ ਗਏ ਸੁਨੇਹੇ ਤੇ ਦਿੱਲੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਪਹਿਰੇ ਦੀ ਕੜੀ ‘ਚ ਉਕਤ ਕਾਰਸੇਵਾਵਾਂ ਨੂੰ ਵੀ ਜੋੜਿਆ।