ਮਸਲਾ ਅਹਿਮ ਹੈ, ਬਿਨਾਂ ਤਹਿ ਤੇ ਜਾਇਆ ਗੱਲ ਨਹੀਂ ਬਣਨੀ। ਤਹਿ ਤੇ ਜਾਣ ਲਈ ਜਗ੍ਹਾ-ਏ-ਵਾਰਦਾਤ ਤੇ ਤਫ਼ਤੀਸ਼ ਲਈ ਜਾਣਾ ਲਾਜ਼ਮੀ ਹੈ। ਹਜ਼ਾਰਾਂ ਮੀਲ ਦੂਰ ਬਹਿ ਕੇ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਜੋ ਗ਼ਲਤ ਵੀ ਹੋ ਸਕਦੇ ਹਨ। ਇਹੋ ਸੋਚ ਸੀ ਇਸ ਮਸਲੇ ਬਾਰੇ। ਸੋ ਪੰਜਾਬ ਰਹਿੰਦੇ ਮੀਡੀਆ ਮਿੱਤਰਾਂ ਨਾਲ ਮਸਲਾ ਸਾਂਝਾ ਕੀਤਾ ਕਿ ਮੇਰੀ ਨਜ਼ਰੇ ਇਹ ਕਾਫ਼ੀ ਵੱਡਾ ਮਸਲਾ ਤੇ ਤੁਸੀਂ ਕੰਨਾਂ ’ਚ ਤੇਲ ਕਿਉਂ ਪਾਈ ਬੈਠੇ ਹੋ! ਕੁਝ ਕੁ ਜਾਗਰੂਕ ਮਿੱਤਰਾਂ ਨੇ ਕੰਨ ਚੁੱਕੇ ਤੇ ਕੁਝ ਕੁ ਕਹਿੰਦੇ ਉਹ ਛੱਡ ਯਾਰ ਇਹੋ ਜਿਹੇ ਮਸਲੇ ਤਾਂ ਇਥੇ ਪੈਰ-ਪੈਰ ਤੇ ਵਾਪਰਦੇ ਨੇ ਕੀਹਨੂੰ-ਕੀਹਨੂੰ ਫੋਲੀਏ। ਆਖ਼ਰ ਇਸ ਨਤੀਜੇ ਤੇ ਪਹੁੰਚਿਆਂ ਕਿ ਜਿਨ੍ਹਾਂ ਕੁ ਮਸਲਾ ਮੈਨੂੰ ਪਤਾ ਜਾਂ ਨੇੜੇ ਤੋਂ ਦੇਖਿਆ ਉਹ ਆਪ ਜੀ ਦੀ ਕਚਹਿਰੀ ’ਚ ਰੱਖ ਲੈਂਦੇ ਹਾਂ ਜੇ ਠੀਕ ਲੱਗੇ ਤਾਂ ਨਾਲ ਹੋ ਤੁਰਨਾ ਜੇ ਕੁਝ ਗ਼ਲਤ ਹੋਵੇ ਤਾਂ ਮੈਨੂੰ ਦਰੁਸਤ ਕਰ ਦੇਣਾ। ਆਪ ਜੀ ਦਾ ਧੰਨਵਾਦੀ ਹੋਵਾਂਗਾ।
ਗੱਲ 24/25 ਫ਼ਰਵਰੀ 2015 ਦੀ ਹੈ। ਮੈਂ ਚੰਡੀਗੜ੍ਹ ਸਾਂ। ਚੰਡੀਗੜ੍ਹ ’ਚ ਇਕ ਐਨ.ਆਰ.ਆਈ. ਕੰਪਨੀ ਦੇ ਤਾਜ ਹੋਟਲ ’ਚ ਸਮਾਗਮ ’ਚ ਜਾਣ ਦਾ ਮੌਕਾ ਮਿਲਿਆ। ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਰੂਹਾਂ ਦੇ ਦਰਸ਼ਨ ਹੋਏ। ਖਾਣ-ਪੀਣ ਦੌਰਾਨ ਜੁੰਡਲੀਆਂ ’ਚ ਚੱਲ ਰਹੀ ਗੱਲ ਦੌਰਾਨ ਇਕ ਭੱਦਰ-ਪੁਰਸ਼ ਨੇ ਗੱਲਾਂ ਦੀ ਸਾਂਝ ਬਣਾਈ। ਕੁਝ ਬੜੇ ਹੀ ਚਿੰਤਾਜਨਕ ਤੇ ਜਿਗਿਆਸੂ ਸਵਾਲ ਜਵਾਬ ਸਾਡੇ ਦਰਮਿਆਨ ਹੋਏ ਵਿਦਾ ਲੈਣ ਤੋਂ ਪਹਿਲਾਂ ਆਪੋ ਆਪਣੇ ਕਾਰਡ ਇਕ ਦੂਜੇ ਨਾਲ ਵਟਾਏ। ਕਾਰਡ ਤੋਂ ਪਤਾ ਚੱਲਿਆ ਕਿ ਇਹ ਇਕ ਸਧਾਰਨ ਜਿਹੀ ਦਿੱਖ ਵਾਲਾ ਇਨਸਾਨ ਕਾਫ਼ੀ ਉੱਚੇ ਰੁਤਬੇ ਤੇ ਬਿਰਾਜਮਾਨ ਸੀ। ਉਨ੍ਹਾਂ ਦਾ ਰੁਤਬਾ ਦੇਖਣ ਸਾਰ ਮੇਰੇ ਜ਼ਿਹਨ ’ਚ ਸਾਡੇ ਰੇਡੀਓ ਦੇ ਕੁਲੀਗ ਦੀ ਇਕ ਮਜਬੂਰੀ ਸਾਹਮਣੇ ਆ ਗਈ। ਮਾਮਲਾ ਕੁਝ ਇਹ ਸੀ ਕਿ ਸਾਡੇ ਮਿੱਤਰ ਤੇ ‘ਹਰਮਨ ਰੇਡੀਓ ਆਸਟ੍ਰੇਲੀਆ’ ਦੇ ਪੇਸ਼ਕਾਰ ਦਲਜੀਤ ਸਿੰਘ ਢਿੱਲੋਂ ਨੇ ਕੁਝ ਦਿਨ ਪਹਿਲਾਂ ਹੀ ਮੈਨੂੰ ਪੁੱਛਿਆ ਸੀ ਕਿ ਜੇ ਕੋਈ ਹੈਲਥ ਵਿਭਾਗ ’ਚ ਜਾਣਦਾ ਹੋਵੇ ਤਾਂ ਮੇਰੀ ਬਦਲੀ ਨੇੜੇ ਦੀ ਕਰਵਾ ਦਿਓ। ਮੇਰਾ ਉਸ ਵਕਤ ਉਨ੍ਹਾਂ ਨੂੰ ਜਵਾਬ ਸੀ ਕਿ ਦੇਖੋ ਢਿੱਲੋਂ ਸਾਹਿਬ ਤੁਸੀਂ ਸੰਬੰਧਿਤ ਬੰਦਿਆਂ ਦਾ ਨਾਮ ਪਤਾ ਦੱਸੋ ਆਪਾਂ ਜਾਣੀਏ ਨਾ ਜਾਣੀਏ ਪਰ ਸਿੱਧੇ ਉਨ੍ਹਾਂ ਕੋਲ ਜਾ ਪੇਸ਼ ਹੋਵਾਂਗੇ ਤੇ ਆਪਣੀ ਮਜਬੂਰੀ ਦੱਸਾਂਗੇ ਤੇ ਮੈਨੂੰ ਨਹੀਂ ਲਗਦਾ ਕਿ ਆਪਣਾ ਕੰਮ ਨਾ ਹੋਵੇ। ਅੱਗੋਂ ਢਿੱਲੋਂ ਸਾਹਿਬ ਕਹਿੰਦੇ ਛੱਡੋ ਬਰਾੜ ਸਾਹਿਬ ਕਿਹੜੇ ਮੁਲਕ ਦੀਆਂ ਗੱਲਾਂ ਕਰਦੇ ਹੋ ਇਥੇ ਤਾਂ ਸਿਫ਼ਾਰਿਸ਼ਾਂ ਨਾਲ ਜਾ ਚੜ੍ਹਾਵਾ ਚੜ੍ਹਾ ਕੇ ਵੀ ਕੰਮ ਹੋ ਜਾਏ ਤਾਂ ਭਲੀ ਜਾਨਿਓ।
ਪਰ ਹੁਣ ਜਦੋਂ ਸੰਬੰਧਿਤ ਮਹਿਕਮੇ (ਪੰਜਾਬ ਸਟੇਟ ਫਾਰਮੇਸੀ ਕੌਂਸਲ) ਦੇ ਰਜਿਸਟਰਾਰ ਜਨਾਬ ‘‘ਪੀ. ਕੇ. ਭਾਰਦਵਾਜ’’ ਹੀ ਮੇਰੇ ਸਾਹਮਣੇ ਖੜ੍ਹੇ ਸਨ ਤਾਂ ਮੈਨੂੰ ਕੁਝ ਆਸ ਜਾਗੀ। ਰਜਿਸਟਰਾਰ ਸਾਹਿਬ ਨਾਲ ਗੱਲਾਂ ਕਰਦੇ-ਕਰਦੇ ਤਾਜ ਦੀ ਪਾਰਕਿੰਗ ’ਚ ਆਣ ਖਲੋਤੇ। ਉਹ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਸਨ ਤੇ ਵਿਦੇਸ਼ ਪ੍ਰਤੀ ਵੱਖਰੇ ਨਜ਼ਰੀਏ ਰੱਖਦੇ ਸਨ। ਇਸ ਦੌਰਾਨ ਉਨ੍ਹਾਂ ਮੈਨੂੰ ਇਕ ਦੋ ਇਹੋ ਜਿਹੇ ਸਵਾਲ ਕੀਤੇ ਕਿ ਮੇਰੀ ਦਿਲਚਸਪੀ ਉਨ੍ਹਾਂ ’ਚ ਵੱਧ ਗਈ। ਉਹ ਮੇਰੀ ਭਾਵਨਾ ਸਮਝ ਗਏ ਤੇ ਕਹਿੰਦੇ ਜੇ ਕੱਲ੍ਹ ਵਕਤ ਹੈ ਤਾਂ ਪਿਛਲੇ ਪਹਿਰ ਦਫ਼ਤਰ ਆ ਜਾਇਓ ਕੁਝ ਚਿਰ ਬੈਠਾਂਗੇ। ਦੂਜੇ ਦਿਨ ਕੁਝ ਤਾਂ ਇਹ ਲਾਲਚ ਕਿ ਆਪਣੇ ਮਿੱਤਰ ਦੀ ਬਦਲੀ ਕਰਵਾ ਲਵਾਂਗੇ ਤੇ ਕੁਝ ਗੱਲਾਂ ਦੀ ਦਿਲਚਸਪੀ ਮੈਨੂੰ ਸਹੀ ਵਕਤ ਤੇ ਉਨ੍ਹਾਂ ਦੇ ਦਫ਼ਤਰ ਲੈ ਗਈ।
ਕੁੱਲ ਮਿਲਾ ਕੇ ਸਰਕਾਰੀ ਦਫ਼ਤਰ ਵਰਗਾ ਉਹੀ ਮਾਹੌਲ ਪਰ ਜਦੋਂ ਅਰਮਾਨ ਨਾਲ ਬਹਿ ਕੇ ਇੱਧਰ-ਉੱਧਰ ਨਿਗਾਹ ਭਜਾਈ ਤਾਂ ਕਈ ਚੀਜ਼ਾਂ ਹੱਟ ਕੇ ਦਿਸੀਆਂ। ਮਸਲਨ! ਕੰਧਾਂ ਤੇ ਲੱਗੀਆਂ ਤਸਵੀਰਾਂ ਤੇ ਦਫ਼ਤਰ ’ਚ ਮੌਜੂਦ ਸਾਦਗੀ ਭਰਿਆ ਸਮਾਨ। ਜ਼ਿਹਨ ’ਚ ਆਇਆ ਕਿ ਇਸ ਸਰਕਾਰੀ ਕੰਧ ਤੇ ਸ਼ਹੀਦ-ਏ-ਆਜ਼ਮ ਨੂੰ ਫੇਰ ਸੂਲੀ ਟੰਗ ਰੱਖਿਆ। ਤਰਸ ਵੀ ਆਇਆ ਕਿ ਭਗਤ ਸਿੰਘ ਦੀ ਮੌਜੂਦਗੀ ’ਚ ਪਤਾ ਨਹੀਂ ਆਜ਼ਾਦੀ, ਇਮਾਨਦਾਰੀ ਅਤੇ ਦੇਸ਼-ਭਗਤੀ ਦੀ ਜੰਨਤ ਦਾ ਕਿੰਨਾ ਕੁ ਘਾਣ ਇਸ ਦਫ਼ਤਰ ’ਚ ਹੁੰਦਾ ਹੋਣਾ! ਦੂਜੀ ਕੰਧ ਤੇ ਨਸ਼ਿਆਂ ਤੇ ਕਾਫ਼ੀ ਲੰਮਾ ਚੌੜਾ ਨਸੀਹਤਾਂ ਭਰਿਆ ਪੋਸਟਰ ਟੰਗਿਆ ਦਿਸਿਆ। ਅਫ਼ਸਰ ਸਾਹਿਬਾਨ ਨੂੰ ਜਦੋਂ ਪਹਿਲੇ ਦਿਨ ਮਿਲੇ ਸਾਂ ਤਾਂ ਹੋਟਲ ’ਚ ਪਾਰਟੀ ’ਚੋਂ ਆਉਣ ਕਾਰਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਅਜੀਬ ਜਿਹੇ ਸਵਾਲਾਂ ’ਚੋਂ ਇਹ ਮਹਿਸੂਸ ਹੋਇਆ ਸੀ ਕਿ ਲਗਦਾ ਸਾਹਿਬ ਦੇ ਅੰਦਰ ਦੋ ਪੈੱਗ ਗਏ ਨੇ, ਇਸੇ ਲਈ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਵੱਲੋਂ ਪੁੱਛਿਆ ਇੱਕ ਸਵਾਲ ਮੇਰੇ ਜ਼ਿਹਨ ’ਚ ਹਾਲੇ ਵੀ ਘੁੰਮ ਰਿਹਾ। ਉਹ ਸੀ ਕਿ ‘‘ਤੁਸੀਂ ਅੱਜ ਕਿਸੇ ਨੂੰ ਭਾਰਤ ਮਾਂ ਦਾ ਸਪੂਤ ਕਹਿ ਸਕਦੇ ਹੋ?’’ ਨਾਲ ਹੀ ਕਹਿੰਦੇ, ‘‘ਤੁਸੀ ਤੇ ਵਿਦੇਸ਼ੀ ਭਰਾਵਾਂ ਨੂੰ ਛੱਡ ਕੇ, ਕਿਉਂਕਿ ਤੁਸੀਂ ਤਾਂ ਜਦੋਂ ਮੁਲਕ ਨੂੰ ਹੀ ਛੱਡ ਗਏ ਫੇਰ ਸਪੂਤ ਤਾਂ ਕੀ ਪੂਤ ਦੀ ਸ਼੍ਰੇਣੀ ’ਚ ਵੀ ਨਹੀਂ ਆਉਂਦੇ।’’
ਅੱਜ ਜਦੋਂ ਉਨ੍ਹਾਂ ਦੇ ਦਫ਼ਤਰ ’ਚ ਸਾਂ ਤਾਂ ਵੀ ਉਨ੍ਹਾਂ ਦੇ ਨਾ ਕੋਈ ਟਾਈ-ਸ਼ਾਈ ਤੇ ਨਾ ਕੋਈ ਸੂਟ-ਬੂਟ। ਇੱਥੋਂ ਤੱਕ ਕਿ ਸ਼ੇਵ ਕਰੀ ਨੂੰ ਵੀ ਦੋ ਦਿਨ ਹੋ ਗਏ ਲਗਦੇ ਸਨ। ਨਸ਼ਿਆਂ ਤੇ ਪੋਸਟਰ ਦੇਖ ਕੇ ਸੁਭਾਵਿਕ ਸੀ ਕਿ ਮਨ ’ਚ ਆਵੇ ਕਿ ਲਗਦਾ ਬਾਬੂ ਜੀ ਰਾਤ ਕੁਝ ਜ਼ਿਆਦਾ ਹੋ ਗਏ ਹੋਣੇ ਆ ਤੇ ਅੱਜ ਦਫ਼ਤਰ ਵੀ ਓਵੇਂ ਆ ਗਏ। ਮੇਰੀ ਚਾਰ ਚੁਫੇਰੇ ਦੀ ਤਾੜ ਨੂੰ ਭਾਂਪਦਿਆਂ ਉਨ੍ਹਾਂ ਮੇਰੇ ਮੂਹਰੇ ਇਕ ਖ਼ਾਲੀ ਪੀਲੇ ਰੰਗ ਦਾ ਸਰਕਾਰੀ ਲਿਫ਼ਾਫ਼ਾ ਕਰ ਦਿੱਤਾ। ਇਕ ਪਾਸੇ ਸਿਰਨਾਵਾਂ ਲਿਖਣ ਲਈ ਖ਼ਾਕਾ ਬਣਿਆ ਸੀ ਤੇ ਦੂਜੇ ਪਾਸੇ ਦਸ-ਬਾਰਾਂ ਲਾਈਨਾਂ ਲਿਖੀਆਂ ਸਨ। ਗ਼ੌਰ ਨਾਲ ਪੜ੍ਹਿਆ ਤਾਂ ਦੇਖਿਆ ਨਸ਼ਿਆਂ ਦੇ ਕੋਹੜ ਤੇ ਬੜੀਆਂ ਲਾਜਵਾਬ ਨਸੀਹਤਾਂ। ਪਹਿਲੀ ਵਾਰ ਕੋਈ ਇਹੋ ਜਿਹਾ ਸਰਕਾਰੀ ਲਿਫ਼ਾਫ਼ਾ ਦੇਖਿਆ ਸੀ ਜਿਸ ਦੇ ਖ਼ਾਲੀ ਥਾਂ ਦੀ ਸੁਚੱਜੀ ਵਰਤੋਂ ਕੀਤੀ ਗਈ ਸੀ।
ਮੇਰੀ ਚੁੱਪ ’ਚੋਂ ਹੀ ਕਈ ਸਵਾਲ ਉਨ੍ਹਾਂ ਪੜ੍ਹ ਲਏ ਤੇ ਬੜੀ ਮਿੱਠੀ ਜਿਹੀ ਮੁਸਕਾਨ ਅਤੇ ਠਰੰ੍ਹਮੇ ਨਾਲ ਸ਼ੁਰੂ ਹੋ ਗਏ; ‘‘ਅਸਲ ’ਚ ਮੇਰੀ ਜੰਗ ’ਚ ਜਾਗ੍ਰਿਤੀ ਮੁਹਿੰਮ ਵਜੋਂ ਵਰਤੋਂ ਆ ਰਹੇ ਸਮਾਨ ’ਚੋਂ ਇਕ ਇਹ ਲਿਫ਼ਾਫ਼ਾ ਵੀ ਹੈ। ਮੇਰਾ ਮੰਨਣਾ ਹੈ ਕਿ ਉਸਾਰੂ ਪੜ੍ਹਾਈ ਤੇ ਜਾਣਕਾਰੀ ਹੀ ਨਸ਼ਿਆਂ ਖ਼ਿਲਾਫ਼ ਸਭ ਤੋਂ ਕਾਰਗਰ ਢਾਲ ਬਣ ਸਕਦੀ ਹੈ ਤੇ ਹਰ ਰੋਜ ਜਾਂਦੀ ਅਣਗਿਣਤ ਡਾਕ ਰਾਹੀਂ ਅਸੀਂ ਇਹ ਜਾਗ੍ਰਿਤੀ ਫੈਲਾਉਣ ਦੀ ਕੋਸ਼ਿਸ਼ ’ਚ ਹਾਂ।
ਜੰਗ ! ਕੇਹੀ ਜੰਗ? ਮੇਰੇ ਇਹ ਪੁੱਛਣ ਤੇ ਕਹਿੰਦੇ;
‘‘ਸ਼ਹੀਦੇ ਆਜ਼ਮ ਨਾਲ ਇਕ ਵਾਅਦਾ ਕਰ ਬੈਠਾਂ ਤੇ ਮੈਨੂੰ ਆਸ ਸੀ ਕਿ ਸੌਖਾ ਹੀ ਪੁਗਾ ਦੇਵਾਂਗਾ, ਪਰ ਜਦੋਂ ਪੁਗਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਤਾਂ ਇਕ ਅੱਗ ਦਾ ਦਰਿਆ ਹੈ।
‘‘ਮੇਰੇ ਕਿਹੜਾ ਵਾਅਦਾ ਪੁੱਛਣ ਤੇ ਕਹਿੰਦੇ;
‘‘ਸ਼ਹੀਦ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਦਾ।’’
ਮੇਰੀ ਜਿਗਿਆਸਾ ਵਧੀ ਤੇ ਹੁੰਗਾਰਿਆਂ ਨੂੰ ਛੱਡ ਹੋਰ ਜਾਨਣ ਲਈ ਪੈਰੀਂ ਭਾਰ ਹੋ ਗਿਆ। ‘‘ਕਿਹੜੀਆਂ ਕਿਹੜੀਆਂ ਸੋਚਾਂ ਤੇ ਹੁਣ ਤੱਕ ਪਹਿਰਾ ਦੇ ਚੁੱਕੇ ਹੋ?’’
‘‘ਇਸ ਕੁਰਸੀ ਤੇ ਬਹਿ ਕੇ ਜਿੰਨੀਆਂ ਕੁ ਮੇਰੇ ਅਧਿਕਾਰ ਖੇਤਰ ’ਚ ਆਉਂਦਿਆਂ ਹਨ।’’ ‘‘ਮਸਲਨ?’’
‘‘ਨਸ਼ੇ ਤੇ ਭ੍ਰਿਸ਼ਟਾਚਾਰ ਤੇ ਵਧੀਆ ਜਨ ਸੇਵਾ ਖ਼ਾਸ ਹਨ।’’
ਜੀ, ‘‘ਤੁਹਾਡੇ ਦਫ਼ਤਰ ’ਚ ਕਿਸ ਕਿਸਮ ਦਾ ਭ੍ਰਿਸ਼ਟਾਚਾਰ ਹੋ ਸਕਦਾ?’’
‘‘ਇਸ ਕਾਰਜ ਲਈ ਇਕ ਬਾਰ ਪਹਿਲਾਂ ਇਹ ਕੁਰਸੀ ਗੁਆ ਚੁੱਕਿਆਂ ਤੇ ਹੋ ਸਕਦਾ ਜਦੋਂ ਤੁਸੀਂ ਅਗਲੀ ਵਾਰ ਆਓ ਤਾਂ ਮੈਨੂੰ ਇਸ ਕੁਰਸੀ ਦੀ ਥਾਂ ਸੜਕ ਤੇ ਪਾਓ।’’
ਗੱਲ ਕਰਨ ਦਾ ਤਰੀਕਾ ਆਮ ਨਹੀਂ ਸੀ, ਇਸ ਅਫ਼ਸਰ ਦਾ। ਹਰ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਸਵਾਲ ਕਰਨ ਨੂੰ ਤਰਜੀਹ ਦੇ ਰਹੇ ਸਨ। ਜਿਵੇਂ ਕਿ;
‘‘ਕਿਉਂ ਛੱਡ ਗਏ ਯਾਰ ਆਪਣੇ ਮੁਲਕ ਨੂੰ, ਕਦੇ ਤੁਹਾਨੂੰ ਇਸ ਦੀ ਹਾਲਤ ਤੇ ਤਰਸ ਨਹੀਂ ਆਇਆ? ਕਿਹੜੇ ਮੂੰਹ ਨਾਲ ਜਨਮ-ਭੂਮੀ ਲਈ ਤੜਫਦੇ ਹੋ, ਜੇ ਏਨੀ ਤੜਫ਼ ਸੀ ਛੱਡ ਕੇ ਕਿਉਂ ਗਏ, ਮਿਹਨਤ ਕਰਦੇ ਤਾਂ ਇਥੇ ਵੀ ਬਹੁਤ ਕੁਝ ਮਿਲ ਅਤੇ ਬਦਲ ਸਕਦਾ ਸੀ, ਵਗ਼ੈਰਾ ਵਗ਼ੈਰਾ।’’ ਨਾਲ ਹੀ ਕਹਿੰਦੇ ਕਿ ਇਹ ਨਾ ਸੋਚਿਓ ਕਿ ਮੇਰੇ ਲਈ ਵਿਦੇਸ਼ ਅੰਗੂਰ ਖਟੇ ਹੋਣ ਵਾਲੀ ਗੱਲ ਹੈ, ਕੀ ਤੁਹਾਨੂੰ ਪਤਾ ਕਿ ਮੇਰੇ ਕੋਲ ਵੀ ਕੈਨੇਡਾ ਦੀ ਪੀ.ਆਰ. ਹੈ?
ਮੇਰੇ ਵੀ ਅੰਦਰਲਾ ਸਮਾਜਵਾਦੀ ਲੇਖਕ ਜਾਗਿਆ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਖੁੱਲ੍ਹ ਕੇ ਤੇ ਬਿਨਾਂ ਵਲ਼ਾਵਿਆਂ ਦੇ ਗੱਲ ਦੱਸੋ ਹੋ ਸਕਦਾ ਅਸੀਂ ਦੇਸ਼ ਤੋਂ ਭਗੌੜੇ ਹੋ ਕੇ ਵੀ ਤੁਹਾਡੇ ਤੇ ਦੇਸ਼ ਦੇ ਕਿਸੇ ਕੰਮ ਆ ਸਕੀਏ।
ਉਮਰ ਹਾਣ-ਪਰਵਾਨ ਹੋਣ ਕਾਰਨ ਗੱਲ ਦੋਸਤ ਕਹਿ ਕੇ ਸੰਬੋਧਨ ਹੋਣ ਲੱਗੀ। ਕਹਿੰਦੇ ‘‘ਦੋਸਤ! ਗੱਲ ਇਹ ਹੈ ਕਿ ਸਾਰੀ ਦੁਨੀਆ ਕਹਿ ਰਹੀ ਹੈ ਕਿ ਪੰਜਾਬ ਨਸ਼ਿਆਂ ਨੇ ਖਾ ਲਿਆ। ਇਹਨਾਂ ਨਸ਼ਿਆਂ ਦੀ ਜੜ੍ਹ ਨੂੰ ਸਾਡੇ ਪੰਜਾਬ ਦੇ ਹੈਲਥ ਅਤੇ ਮੈਡੀਕਲ ਸਿੱਖਿਆ ਵਿਭਾਗ, ਸਟੇਟ ਡਰੱਗ ਕੰਟਰੋਲਰ ਅਤੇ ਡਰੱਗ ਇੰਸਪੈਕਟਰ ਕਾਫ਼ੀ ਹੱਦ ਤੱਕ ਵੱਡਕੇ ਇਸ ਤੇ ਕਾਬੂ ਪਾ ਸਕਦੇ ਹਨ ਤੇ ਇਕ ਚੰਗਾ ਪੰਜਾਬ ਸਿਰਜ ਸਕਦੇ ਹਨ।’’
‘‘ਸੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਤੁਹਾਡਾ ਮਹਿਕਮਾ ਸਿੱਧੇ ਰੂਪ ’ਚ ਨਸ਼ਿਆਂ ਦੇ ਵਧਾਵੇ ’ਚ ਕਰਤੂਤਕਾਰੀਆਂ ’ਚੋਂ ਇਕ ਹੈ, ਉਹ ਕਿਵੇਂ?’’
‘‘ਨਸ਼ੇ ਦੋ ਸਟੇਜਾਂ ’ਚ ਵਿਕਦੇ ਹਨ ਇਕ ਹੋਲਸੇਲ ਤੇ ਦੂਜੀ ਰਿਟੇਲ। ਮੈਡੀਕਲੀ ਨਸ਼ੇ ਰਿਟੇਲ ’ਚ ਸਭ ਤੋਂ ਵੱਡਾ ਹਿੱਸਾ ਪਾਉਂਦੇ ਹਨ ਫਾਰਮੇਸੀ ਵਾਲੇ ਤੇ ਉਹ ਵੀ ਜਾਅਲੀ ਫਾਰਮਾਸਿਸਟ।”
‘‘ਪਰ ਉਹ ਤਾਂ ਤੁਹਾਡੇ ਅਧਿਕਾਰ ਖੇਤਰ ’ਚ ਆਉਂਦੇ ਹਨ ਤੁਸੀਂ ਉਨ੍ਹਾਂ ਤੇ ਕਾਬੂ ਕਿਉਂ ਨਹੀਂ ਪਾਉਂਦੇ?’’
‘‘ਇਹਨਾਂ ਤੇ ਕਾਬੂ ਪਾਉਣ ਦੀ ਜੰਗ ਤਾਂ ਲੜ ਰਿਹਾ।’’
‘‘ਖੁੱਲ੍ਹ ਕੇ ਦੱਸੋ?’’
‘‘2001 ਤੋਂ 2009 ਤੱਕ ਮੈਂ ਇਸੇ ਕੁਰਸੀ ਤੇ ਸੀ ਤੇ ਮੈਂ ਕੁਲ ਡੀ ਅਤੇ ਬੀ ਫਾਰਮੇਸੀ ਦੀਆਂ 147 ਯੋਗ ਰਜਿਸਟ੍ਰੇਸ਼ਨ ਕੀਤੀਆਂ। 22 ਗਲਤ ਰੱਦ ਕੀਤੀਆਂ ਅਤੇ ਜਾਅਲੀ ਨੂੰ ਥੜ੍ਹੇ ਨਹੀਂ ਚੜ੍ਹਨ ਦਿੱਤਾ। ਮੇਰੀ ਇਹ ਕਾਰਗੁਜ਼ਾਰੀ ਹਜ਼ਮ ਨਹੀਂ ਹੋਈ ਤੇ ਮੈਨੂੰ ਇਸ ਕੁਰਸੀ ਤੋਂ ਲਾਂਭੇ ਕਰ ਦਿੱਤਾ। ਮੁੜ ਲੰਮੀ ਜੱਦੋ ਜਹਿਦ ਬਾਅਦ ਫੇਰ ਇਸ ਕੁਰਸੀ ਤੇ ਆਣ ਬੈਠਿਆ। ਤਾਂ ਦੇਖਿਆ ਕਿ ਪਿਛਲੇ ਸਾਲਾਂ ’ਚ ਤਕਰੀਬਨ ਸਾਢੇ ਨੌਂ ਹਜ਼ਾਰ ਰਜਿਸਟ੍ਰੇਸ਼ਨ ਕੀਤੀਆਂ ਗਈਆਂ। ਆਪਾਂ ਦੁਬਾਰਾ ਆ ਕੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਪਤਾ ਚੱਲਿਆ ਕਿ ਜਾਅਲੀ ਰਜਿਸਟ੍ਰੇਸ਼ਨ ਦੀ ਭਰਮਾਰ ਹੋਈ ਪਈ ਹੈ ਤੇ ਇਹੀ ਲੋਕ ਨਸ਼ਿਆਂ ਦੇ ਕਾਰੋਬਾਰ ’ਚ ਰੀਟੇਲਰ ਦਾ ਰੋਲ ਅਦਾ ਕਰ ਰਹੇ ਹਨ।’’
‘‘ਇਹ ਜਾਅਲੀ ਕਿਵੇਂ ਕਰਾ ਲੈਂਦੇ ਹਨ?’’
‘‘ਬਾਹਰਲੇ ਰਾਜਾਂ ’ਚੋਂ ਪੈਸੇ ਨਾਲ ਜਾਅਲੀ ਪਲਸ ਟੂ, ਡਿਪਲੋਮਾ ਜਾਂ ਡਿਗਰੀ ਲਿਆ ਕੇ ਇਥੇ ਦਰਜ ਕਰਵਾ ਲੈਂਦੇ ਹਨ, ਦੇ-ਲੈ ਕੇ। ਹੁਣ ਤੁਸੀਂ ਦੱਸੋ ਕਿ ਇਹੋ ਜਿਹੇ ਪੜ੍ਹੇ ਲਿਖੇ ਲੋਕ ਦੇਸ਼ ਦਾ ਕੀ ਸੰਵਾਰਨਗੇ? ਜਦੋਂ ਕੋਈ ਮੇਰੇ ਵਰਗਾ ਇਹਨਾਂ ਨੂੰ ਨੱਥ ਪਾਉਣ ਲੱਗਦਾ ਤਾਂ ਪਹਿਲਾਂ ਤਾਂ ਖ਼ਰੀਦਣ ਦੀ ਕੋਸ਼ਿਸ਼ ਹੁੰਦੀ ਹੈ, ਨਾ ਵਿਕੋ ਤਾਂ ਫੇਰ ਉਤਲਿਆ ਨੂੰ ਖ਼ਰੀਦ ਲਿਆ ਜਾਂਦਾ ਹੈ ਤੇ ਤੁਹਾਨੂੰ ਤੁਹਾਡੇ ਅਹੁਦੇ ’ਤੋਂ ਲਾਂਭੇ ਕਰਾ ਦਿੱਤਾ ਜਾਂਦਾ ਹੈ। ਕੋਈ ਨਾ ਛੇਤੀ ਦੇਖ ਲਿਓ ਮੇਰੇ ਵਾਲਾ ਘੋਗਾ ਚਿੱਤ ਹੋਇਆ ਸਮਝਿਓ।’’
ਗੱਲਾਂ-ਗੱਲਾਂ ’ਚ ਪਤਾ ਚੱਲਿਆ ਕਿ ਇਹ ਜਨਾਬ ਤਾਂ ਮੇਰੇ ਸਾਂਢੂ ਨਿਕਲੇ। ਰਿਸ਼ਤੇ ਦੇ ਨਹੀਂ ਬੱਸ ਇਸ ਗੱਲੋਂ ਕਿ ਜਨਾਬ ਨੇ ਵੀ ਹਾਲੇ ਤੱਕ ਆਪਣੀ ਜ਼ਿੰਦਗੀ ’ਚ ਕਿਸੇ ਨਸ਼ੇ ਨੂੰ ਹੱਥ ਨਹੀਂ ਸੀ ਲਾਇਆ। ਸੋ ਪਿਛਲੇ ਦੋ ਦਿਨਾਂ ਤੋਂ ਸਾਡੇ ਵੱਲੋਂ ਲਾਈਆਂ ਜਾ ਰਹੀਆਂ ਕਿਆਸ-ਆਰੀਆਂ ਗ਼ਲਤ ਸਾਬਤ ਹੋਈਆਂ ਸਨ।
ਕਹਿੰਦੇ ਯਾਰ ਸਾਂਢੂ ਤਾਂ ਆਪਾ ਕਈ ਹੋਰ ਪਾਸਿਆਂ ਤੋਂ ਵੀ ਹਾਂ ਜਿਵੇਂ ਕਿ; ਮੈਂ ਵੀ ਇਕ ਕਿਤਾਬ ਲਿਖੀ ਹੈ, ‘ਡਿ ਾੲ ਮੁਸਟ ਲਵਿੲ’ ਤੇ ਸਮਾਜ ਸੁਧਾਰਨ ਦਾ ਨਿੱਕਾ ਜਿਹਾ ਠੇਕੇਦਾਰ ਵੀ ਹਾਂ, ਤੇ ਨਾਲ-ਨਾਲ ਘਰ ਫ਼ੂਕ ਕੇ ਤਮਾਸ਼ਾ ਵੀ ਦੇਖਦਾਂ। ਮੇਰੇ ਮੁਸਕਰਾਹਟ ਨਾਲ ਹਾਮੀ ਭਰਨ ਤੇ ਕਹਿੰਦੇ;
‘‘ਮਿੰਟੂ ਤੈਨੂੰ ਪਤਾ ਮੇਰੀ ਇਸ ਕੁਰਸੀ ਤੇ ਬਹੁਤ ਪੈਸਾ ਮੰਡਰਾਉਂਦਾ? ਪਰ ਬਚਪਨ ਤੋਂ ਭਗਤ ਸਿੰਘ ਅੰਦਰ ਵਾਸ ਕਰੀ ਬੈਠਾ ਤੇ ਉਹ ਦੱਸਦਾ ਹੈ ਕਿ ਜਿਨ੍ਹਾਂ ਲਈ ਤੂੰ ਇਹ ਗ਼ਲਤ ਪੈਸਾ ਇਕਠਾ ਕਰੇਗਾ ਉਹੀ ਤੇਰੇ ਤੇ ਭਾਰੀ ਪੈਣਗੇ। ਕਿਉਂਕਿ ਮੇਰਾ ਮੰਨਣਾ ਹੈ ਕਿ ਉਹੀ ਲੋਕ ਤੁਹਾਡੇ ਠੇਡੇ ਮਾਰਦੇ ਹਨ ਜਿਨ੍ਹਾਂ ਲਈ ਤੁਸੀਂ ਗ਼ਲਤ ਕੰਮ ਕੀਤੇ ਹੁੰਦੇ ਹਨ ਤੇ ਜਿਨ੍ਹਾਂ ਦੀ ਫੋਟੋ ਤੁਸੀ ਹਰ ਵਕਤ ਆਪਣੇ ਬਟੂਏ ’ਚ ਪਾ ਕੇ ਰੱਖਦੇ ਹੋ। ਸ਼ਾਇਦ ਮੈਂ ਵੀ ਵਿਕ ਜਾਂਦਾ ਜੇ ਭਗਤ ਸਿਉਂ ਨਾਲ ਨਾ ਹੁੰਦਾ। ਪਰ ਕੋਈ ਅਫ਼ਸੋਸ ਨਹੀਂ ਮੰਦਹਾਲੀ ਦੀ ਜ਼ਿੰਦਗੀ ਜਿਉਣ ਦਾ। ਹਾਂ ਜੇ ਅਫ਼ਸੋਸ ਹੈ ਤਾਂ ਇਸ ਗੱਲ ਦਾ ਕੀ ਕੋਈ ਮੈਨੂੰ ਸਮਝਦਾ ਨਹੀਂ ਸਾਥ ਦੇਣ ਦੀ ਖ਼ਾਤਰ ਰਾਜ਼ੀ ਨਹੀਂ। ਉਲਟਾ ਸਲਾਹ ਦਿੰਦੇ ਹਨ ਕਿ ਚਾਰ ਪੈਸੇ ਇਕਠੇ ਕਰ ਲੈ, ‘ਤੈਨੂੰ ਕੀ’ ਜਿਸ ਦੀਆਂ ਦੁਖਣਗੀਆਂ ਆਪੇ ਇਲਾਜ ਕਰਵਾਊ।’’
ਆਪਾਂ ਨੂੰ ਵੀ ਸਮਾਂ ਢੁੱਕਵਾਂ ਲੱਗਿਆ ਤੇ ਧਰ ਦਿੱਤੀ ਆਪਣੀ ਕਿਤਾਬ ‘ਕੈਂਗਰੂਨਾਮਾ’ ਮੂਹਰੇ ਕੱਢ ਕੇ ਤੇ ਕਿਹਾ ਕਿ ਇਸ ਵਿਚ ਇਕ ਲੇਖ ਹੈ ‘ਮੈਨੂੰ ਕੀ’ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ। ਅਸਲ ਮੁੱਦੇ ਤੇ ਆਉਂਦੇ ਹਾਂ। ਉੱਪਰਲੀ ਵਿਆਥਿਆ ਲਿਖਣੀ ਜ਼ਰੂਰੀ ਸਮਝਦਾ ਸੀ ਕਿਉਂ ਕਿ ਉਹ ਮੇਰੀ ਇਸ ਅਫ਼ਸਰ ਨਾਲ ਹੱਡਬੀਤੀ ਤੇ ਸਾਂਝ ਸੀ।
ਹੋਇਆ ਉਹੀ ਜੋ ਉਸ ਦਿਨ ਦੀ ਮੁਲਾਕਾਤ ’ਚ ਸਾਹਿਬ ਨੇ ਸ਼ੰਕਾ ਜ਼ਾਹਿਰ ਕੀਤੀ ਸੀ। ਕੀ ਦੇਖਦਾ, 27 ਮਾਰਚ ਨੂੰ ਸੁਨੇਹਾ ਮਿਲਿਆ ਜਿਸ ’ਚ ਪਤਾ ਚੱਲਿਆ ਕਿ ਸਾਹਿਬ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਇਨਾਮ ਵਜੋਂ ਕੁਰਸੀ ਤੋਂ ਫੇਰ ਲਾਂਭੇ ਕਰਕੇ ਘਰ ਤੋਰ ਦਿੱਤਾ ਹੈ। ਪਤਾ ਚੱਲਿਆ ਕਿ ਤਕਰੀਬਨ ਤਿੰਨ ਕੁ ਹਜ਼ਾਰ ਜਾਅਲੀ ਰਜਿਸਟ੍ਰੇਸ਼ਨਾਂ ਰੱਦ ਕਰਨੀਆਂ, ਤਕਰੀਬਨ ਸਾਢੇ ਅੱਠ ਸੌ ਗ਼ਲਤ ਅਰਜ਼ੀਆਂ ਰੱਦ ਕਰਨਾ ਤੇ ਉਨ੍ਹਾਂ ਖ਼ਿਲਾਫ਼ ਮੁੱਢਲੀ ਸ਼ਿਕਾਇਤ ਦਰਜ ਕਰਵਾਉਣਾ ਸੰਬੰਧਿਤ ਮਹਿਕਮੇ ਦੇ ਆਕਾਵਾਂ ਨੂੰ ਪਸੰਦ ਨਹੀਂ ਆਈਆਂ। ਮੈਂ ਕਾਲ ਕੀਤੀ ਤਾਂ ਪਤਾ ਚੱਲਿਆ ਕਿ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਠੋਕ ਕੇ ਮਹਿੰਗਾ ਪੈ ਗਿਆ।
ਕਰੋੜਾਂ ਦੀ ਡੀਲ ਸੀ ਉਸ ਨੇ ਠੋਕਰ ਮਾਰ ਦਿੱਤੀ ਤੇ ਜਾਅਲੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਪਤਾ ਚਲਿਆ ਕਿ ਇਸ ਦੌਰਾਨ ਇਕ ਏਜੰਟ ਨੇ ਵਰਜਿਆ ਵੀ ਸੀ ਕਿ ਮਾਇਆ ਦੇ ਲੱਤ ਨਹੀਂ ਮਾਰੀ ਦੀ, ਲੈ ਲਾ ਮੌਜਾਂ ਕਰੇਂਗਾ, ਤੂੰ ਨਹੀਂ ਲਏਂਗਾ ਤਾਂ ਤੇਰੇ ਉਤਲੇ ਲੈ ਲੈਣਗੇ, ਉਹ ਤੇਰੇ ਵਾਂਗ ਕਮਲੇ ਥੋੜ੍ਹਾ ਹਨ। ਪਰ ਉਸਦਾ ਸਲਾਹਕਾਰ ਭਗਤ ਸਿੰਘ ਸੀ ਉਹ ਕਿੱਥੇ ਡੋਲਣ ਦਿੰਦਾ ਸੀ, ਚਾਰ ਛਿੱਲੜਾਂ ਬਦਲੇ।
ਉਸ ਦਾ ਕਹਿਣਾ ਕਿ ਹੁਣ ਤਾਂ ਬੱਸ ਇਸੇ ਗੱਲ ਦੀ ਆਪਣੇ ਆਪ ਨਾਲ ਜਦੋਂ ਜਹਿਦ ਹੈ ਕਿ ਕਿਸੇ ਮਾਂ ਨੇ ਕੋਈ ਪੁੱਤ ਜੰਮਿਆ ਕਿ ਨਹੀਂ ਜੋ ਭਗਤ ਸਿੰਘ ਦੀ ਸੋਚ ਤੇ ਰੱਤੀ ਭਰ ਹੀ ਪਹਿਰਾ ਦੇ ਸਕੇ। ਭਗਤ ਸਿੰਘ ਦੀ ਤਾਂ ਇਹੀ ਪ੍ਰੇਰਨਾ ਹੈ ਕਿ ਦੇਸ਼ ਦਾ ਜੇ ਸਪੂਤ ਕਹਾਉਣਾ ਤਾਂ ਜ਼ਮੀਰ ਬਦਲੇ ਤਾਂ ਜਾਨ ਵੀ ਸਸਤੀ ਚੀਜ਼ ਹੈ।
ਹੋਰ ਕਈ ਸਵਾਲ ਜਵਾਬ ਸਾਡੇ ਵਿਚਕਾਰ ਹੋਏ ਜਿਵੇਂ ਕਿ;
‘‘ਕੀ ਇਹ ਜੋ ਕੁਝ ਜਾਅਲੀ ਹੋ ਰਿਹਾ ਉਹ ਤੁਹਾਡੇ ਮੰਤਰੀ ਸਾਹਿਬਾਨ ਨੂੰ ਪਤਾ?’’
‘‘ਹਾਂਜੀ ਮੈਂ ਹਰ ਇਕ ਗੱਲ ਅਤੇ ਪ੍ਰੋਗ੍ਰੈੱਸ ਲਿਖਤੀ ਤੌਰ ਤੇ ਵਟਸਐਪ ਰਾਹੀਂ ਮੰਤਰੀ ਜੀ ਨੂੰ ਭੇਜ ਰਿਹਾ ਹਾਂ ਜਿਸ ਦੇ ਸਬੂਤ ਲੋੜ ਪੈਣ ਤੇ ਦਿਖਾ ਸਕਦਾ ਹਾਂ।’’
‘‘ਤੇ ਮੰਤਰੀ ਜੀ ਦਾ ਕੋਈ ਜਵਾਬ?’’
‘‘ਨਹੀਂ ਚੁੱਪ ਹੀ ਧਾਰੀ ਹੋਈ ਹੈ’’
‘‘ਹੁਣ ਕੀ ਦੋਸ਼ ਲਾਇਆ ਤੁਹਾਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ?’’
‘‘ਕੁਝ ਨਹੀਂ ਬੱਸ ਏਨਾ ਲਿਖਿਆ ਕਿ ਆਪ ਨੂੰ ਜੋ ਚਾਰ ਸਾਲ ਮਗਰੋਂ ਬਹਾਲ ਕਰਨ ਦੇ ਹੁਕਮ ਸਨ ਉਹ ਰੱਦ ਕੀਤੇ ਜਾਂਦੇ ਹਨ।’’
‘‘ਹੁਣ ਕੀ ਸੋਚਿਆ ਫੇਰ?’’
‘‘ਤੁਸੀ ਕੁੱਝ ਵੀ ਕਰ ਲਵੋ ਆਪਣੀ ਮਾਂ ਤੇ ਮਾਂ ਭੂਮੀ ਦਾ ਕਰਜ਼ਾ ਨਹੀਂ ਉਤਾਰ ਸਕਦੇ ਪਰ ਮੇਰਾ ਮਨ ਸ਼ਾਂਤ ਹੈ, ਸੰਤੁਸ਼ਟ ਹੈ ਤੇ ਰੱਜ ਕੇ ਨੀਂਦ ਆ ਰਹੀ ਹੈ। ਜਿਨ੍ਹਾਂ ਨੇ ਇਸ ਕਾਰਜ ’ਚ ਏਨਾ ਵਕਤ ਸੇਵਾ ਕਰਨ ’ਚ ਸਾਥ ਦਿੱਤਾ ਉਨ੍ਹਾਂ ਸਭ ਦਾ ਦਿਲੋਂ ਧੰਨਵਾਦੀ ਹਾਂ। ਮਾਣਯੋਗ ਮੰਤਰੀ ਜੀ ਦਾ ਵੀ ਧੰਨਵਾਦੀ ਹਾਂ। ਬਾਕੀ ਟਿਕ ਕੇ ਬੈਠਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਜਿੰਨਾ ਚਿਰ ਸਲਾਮਤੀ ਹੈ ਆਪਣੇ ਲਈ, ਪਰਵਾਰ ਲਈ, ਦੇਸ਼ ਲਈ ਕੁਝ ਕਰਦੇ ਰਹਾਂਗਾ। ਹਾਲਾਤ ਬਦਲਵੇਂ ਹੋ ਸਕਦੇ ਹਨ ਪਰ ਮਿਸ਼ਨ ਉਹੀ ਰਹੇਗਾ। ਰੋਜੀ ਰੋਟੀ ਦਾ ਜੁਗਾੜ ਤਾਂ ਮੈਂ ਕਿਤੇ ਪੜ੍ਹਾਉਣਾ ਸ਼ੁਰੂ ਕਰਕੇ ਜਾਂ ਫੇਰ ਲਿਖਣਾ ਸ਼ੁਰੂ ਕਰਕੇ ਕਰ ਲਵਾਂਗਾ। ਕੱਲ੍ਹ ਨੂੰ ਜੇ ਫੇਰ ਇਸ ਕੁਰਸੀ ਤੇ ਬਹਾ ਦਿੱਤਾ ਤਾਂ ਇੱਥੋਂ ਕਾਰਜ ਫੇਰ ਸ਼ੁਰੂ ਕਰ ਲੈਣਾ ਤੇ ਪਵਿੱਤਰ ਮਾਂ ਭੂਮੀ ਦਾ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਆਖ਼ਰੀ ਸਾਹਾਂ ਤੱਕ ਜਾਰੀ ਰਹੇਗੀ। ਇਹ ਦੋ ਲਾਈਨਾਂ ਕਹਾਂਗਾ;’’
‘‘ਐ ਮੇਰੀ ਮਾਂ ਭੂਮੀ ਦੇਖੀ ਨਾ ਤੂੰ ਮੈਨੂੰ ਇਸ ਨਜ਼ਰ ਨਾਲ
ਜਿਉਂ ਕੋਈ ਮਾਂ ਸ਼ਰਮਿੰਦਾ ਹੋਵੇ ਪੁੱਤਰ ਦੇ ਹਸ਼ਰ ਨਾਲ’’
ਦੋਸਤੋ! ਇਹ ਤਾਂ ਸੀ ਸਾਰਾ ਮਸਲਾ ਜਿੰਨਾ ਕੁ ਮੈਂ ਦੇਖਿਆ ਜਾ ਪੁੱਛਿਆ। ਹੁਣ ਗੱਲ ਆ ਜਾਂਦੀ ਹੈ ਦੂਜੇ ਪੱਖ ਦੀ, ਤਾਂ ਦੂਜਾ ਪੱਖ ਹਾਲੇ ਚੁੱਪ ਤੋੜਨ ਨੂੰ ਰਾਜ਼ੀ ਨਹੀਂ ਅਸੀਂ ਦੂਰ ਬੈਠੇ ਫ਼ੋਨ ਹੀ ਖੜਕਾ ਸਕਦੇ ਹਾਂ ਪਰ ਕੋਈ ਜਵਾਬ ਨਹੀਂ ਮਿਲ ਰਿਹਾ। ਇਸ ਮਸਲੇ ਦੀ ਤਹਿ ਹੋਰ ਪਤਾ ਨਹੀਂ ਕਿੰਨੇ ਕੁ ਰਾਜ ਖੋਲ੍ਹ ਦੇਵੇਗੀ। ਪਰ ਲੋੜ ਹੈ ਹੱਥ ਧੋ ਕੇ ਪਿੱਛੇ ਪੈਣ ਦੀ। ਸੋਸ਼ਲ ਮੀਡੀਆ ਇਕ ਵੱਡਾ ਰੋਲ ਅਦਾ ਕਰ ਸਕਦਾ ਸੰਬੰਧਿਤ ਲੋਕਾਂ ਤੇ ਦਬਾ ਬਣਾਉਣ ਦਾ। ਪੰਜਾਬ ਦਾ ਮੀਡੀਆ ਵੀ ਇਸ ਮੁੱਦੇ ਨੂੰ ਖੰਘਾਲਨ ਦੀ ਸਮਰੱਥਾ ਰੱਖਦਾ। ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈਆਂ ਲੜ ਰਹੀਆਂ ਜਥੇਬੰਦੀਆਂ ਵੀ ਇਸ ਕਾਰਜ ’ਚ ਸਹਾਈ ਹੋ ਸਕਦੀਆਂ। ਆਮ ਲੋਕਾਂ ਦੇ ਨੇਤਾ ਕਹਾਉਣ ਵਾਲੇ ਵੀ ਸੱਚ ਦਾ ਸਾਥ ਦੇ ਸਕਦੇ ਹਨ। ਪਰ ਦੇਖਦੇ ਹਾਂ ਕਿ ਕਿਸ ਦੀ ਜ਼ਮੀਰ ਜਾਗਦੀ ਹੈ ਇਸ ਮਸਲੇ ਨੂੰ ਖੰਘਾਲਨ ਦੀ। ਚੁੱਪ ਧਾਰਨੀ ਹਰ ਮਸਲੇ ਦਾ ਖ਼ਤਰਨਾਕ ਪਹਿਲੂ ਹੁੰਦਾ। ਨਤੀਜੇ ਉਦੋਂ ਭੁਗਤਣੇ ਪੈਣੇ ਹਨ ਜਦੋਂ ਇਹ ਜਾਅਲੀ ਲਾਇਸੈਂਸ ਵਾਲੇ ਤੁਹਾਡੇ ਘਰਾਂ ਦੀਆਂ ਨੀਂਹਾਂ ’ਚ ਵੀ ਸਿਉਂਕ ਵਾਂਗ ਲੱਗ ਜਾਣਗੇ। ਵੇਲਾ ਸਾਂਭ ਲਵੋ ਜੇ ਸਾਂਭ ਸਕਦੇ ਹੋ। ਦੇਖਦੇ ਹਾਂ ਕਿ ਕਿੰਨੇ ਮਾਂ ਦੇ ਸਪੂਤ ਨਿੱਤਰ ਦੇ ਨੇ ਇਸ ਜੰਗ ’ਚ ਸਾਥ ਦੇਣ ਕਿਉਂਕਿ ਅੱਜ ਬਹੁਤਾਤ ਤਾਂ ਇਹੀ ਤਾਨ੍ਹਾ ਮਾਰਨ ਵਾਲਿਆਂ ਦੀ ਹੈ ਕਿ; ‘‘ਨਾ ਹੋਰ ਦੇ ਲਵੋ ਭਗਤ ਸਿੰਘ ਦੀ ਸੋਚ ਤੇ ਪਹਿਰਾ……’’
ਨਾ ਹੋਰ ਦੇ ਲਉ ਭਗਤ ਸਿੰਘ ਦੀ ਸੋਚ ਤੇ ਪਹਿਰਾ…….!!!
This entry was posted in ਲੇਖ.