ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਬਾਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਜੀ, ਭਾਈ ਅਪਾਰਦੀਪ ਸਿੰਘ ਜੀ ਯੂ.ਕੇ., ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਜਥੇ ਭਾਈ ਕੁਲਤਾਰ ਸਿੰਘ, ਭਾਈ ਦਵਿੰਦਰ ਸਿੰਘ ਸ਼ਾਨ, ਭਾਈ ਪ੍ਰੇਮ ਸਿੰਘ ਜੀ ਬੰਧੂ ਤੇ ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ ਵੱਲੋਂ ਮਨੋਹਰ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦਿੱਲੀ ਕਮੇਟੀ ਦੇ ਹਜ਼ੂਰੀ ਢਾਡੀ ਭਾਈ ਅਮਿੰਦਰ ਸਿੰਘ ਜੀ ਤਾਲਬ ਅਤੇ ਕਵੀ ਜੋਗਾ ਸਿੰਘ ਜਗਿਆਸੂ, ਹਰਿੰਦਰ ਸਿੰਘ ਪਤੰਗਾਂ, ਬੀਬੀ ਰਾਜਵੰਤ ਕੌਰ, ਗੁਰਮੇਲ ਸਿੰਘ ਕੋਮਲ, ਤੇ ਰਾਮ ਸਿੰਘ ਰਾਹੀ ਨੇ ਸਿੱਖ ਇਤਿਹਾਸ ਬਾਰੇ ਰੋਸਨੀ ਪਾਈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਜੀਵਨ ਵਿਚ ਮਨੁੱਖਤਾ ਦੀ ਸੇਵਾ ਦੇ ਸਿਧਾਂਤ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਉਸ ਬਾਰੇ ਸੰਗਤਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਨਿਸ਼ਕਾਮ ਭਾਵ ਨਾਲ ਕਰਨ ਦਾ ਵੀ ਸੰਗਤਾਂ ਨੂੰ ਸੱਦਾ ਦਿੱਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਦਰਵਾਜ਼ੇ ਦੀ ਕਾਰਸੇਵਾ ਬਾਬਾ ਬਚਨ ਸਿੰਘ ਜੀ ਵੱਲੋਂ ਦਮਦਮੀ ਟਕਸਾਲ ਨੂੰ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਦੇ ਸਮੂਹ ਗੁਰਧਾਮਾ ਦੀ ਕਾਰਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਵੱਲੋਂ ਕਰਨ ਦਾ ਵੀ ਦਾਅਵਾ ਕੀਤਾ। ਦਿੱਲੀ ਕਮੇਟੀ ਵੱਲੋਂ ਟਕਸਾਲ ਨੂੰ ਸੇਵਾ ਦੇਣ ਦੇ ਕੁਝ ਸਿਆਸੀ ਲੋਕਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਵੀ ਜੀ.ਕੇ. ਨੇ ਤੱਥਾਂ ਤੋਂ ਪਰ੍ਹੇ ਦੱਸਿਆ।
ਜੀ.ਕੇ. ਨੇ 1970 ਦੇ ਦਹਾਕੇ ‘ਚ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਬਾਬਾ ਹਰਬੰਸ ਸਿੰਘ ਨੂੰ ਦਿੱਲੀ ਦੇ ਗੁਰਧਾਮਾਂ ਦੀ ਸੇਵਾ ਸੌਂਪਣ ਦਾ ਹਵਾਲਾ ਦਿੰਦੇ ਹੋਏ ਬਾਬਾ ਬਚਨ ਸਿੰਘ ਪਾਸੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰਸੇਵਾ ਵਾਪਿਸ ਲੈਣ ਦੀ ਲਗ ਰਹੀਆਂ ਕਿਆਸਰਾਹੀਆਂ ਨੂੰ ਵੀ ਖਾਰਿਜ ਕਰ ਦਿੱਤਾ। ਬਾਬਾ ਹਰਬੰਸ ਸਿੰਘ ਅਤੇ ਦਿੱਲੀ ਦੀ ਸੰਗਤਾਂ ਵਿਚਕਾਰ ਨਿਸ਼ਕਾਮ ਸੇਵਾ ਦੀ ਇਸ ਲੜੀ ਨੂੰ ਕਦੇ ਵੀ ਨਾ ਟੁੱਟਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਵੱਲੋਂ ਇਸ ਮੌਕੇ ਸੰਗਤਾਂ ਨੂੰ ਨਾਮ ਸਿਮਰਨ ਵੀ ਕਰਵਾਇਆ ਗਿਆ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ ਨੇ ਵੀ ਇਸ ਮੌਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਦਿੱਲੀ ਕਮੇਟੀ ਦੇ ਮੈਂਬਰ ਰਵੇਲ ਸਿੰਘ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ, ਸਾਬਕਾ ਦਿੱਲੀ ਕਮੇਟੀ ਮੈਂਬਰ ਹਰਮੋਹਨ ਸਿੰਘ ਮਾਰਵਾਹ ਸਣੇ ਕਈ ਪੱਤਵੰਤੇ ਇਸ ਮੌਕੇ ਮੌਜੂਦ ਸਨ।