ਇਪੋਹ- ਮਲੇਸ਼ੀਆ ਵਿਖੇ ਖੇਡੇ ਜਾ ਰਹੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੌਰਾਨ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਖੇਡਿਆ ਗਿਆ ਪਹਿਲਾ ਮੈਚ 2-2 ਦੀ ਬਰਾਬਰੀ ‘ਤੇ ਰਿਹਾ।
ਭਾਰਤੀ ਟੀਮ ਦੇ ਖਿਡਾਰੀ ਨਿਕਿਨ ਥਿਮਈਆ ਨੇ ਮੈਚ ਦੇ 10ਵੇਂ ਮਿੰਟ ਵਿਚ ਗੋਲ ਕਰਕੇ ਭਾਰਤੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸਤੋਂ ਬਾਅਦ 24ਵੇਂ ਮਿੰਟ ਦੌਰਾ ਦੱਖਣੀ ਕੋਰੀਆਈ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਇਸ ਗੋਲ ਵਿਚ ਤਬਦੀਲ ਕਰਨ ਵਿਚ ਕੋਰੀਆਈ ਖਿਡਾਰੀ ਹੁਯਈ ਸੁੰਗ ਨੇ ਕੋਈ ਗਲਤੀ ਨਹੀਂ ਕੀਤੀ।
ਇਸਤੋਂ ਬਾਅਦ ਮੈਚ ਦੇ ਦੂਜੇ ਹਾਫ਼ ਦੇ 53ਵੇਂ ਮਿੰਟ ‘ਚ ਦੱਖਣੀ ਕੋਰੀਆ ਦੀ ਟੀਮ ਦੇ ਖਿਡਾਰੀ ਕਿਮ ਸਿਯੋਂਗ ਨੇ ਗੋਲ ਕਰਕੇ ਆਪਣੀ ਟੀਮ ਨੂੰ 2-1 ਦੇ ਫ਼ਰਕ ਨਾਲ ਅੱਗੇ ਕਰ ਲਿਆ। ਇਨ੍ਹਾਂ
ਆਖ਼ਰੀ ਮਿੰਟਾਂ ਦੌਰਾਨ ਇੰਜ ਲੱਗ ਰਿਹਾ ਸੀ ਜਿਵੇਂ ਇਹ ਮੈਚ ਭਾਰਤੀ ਟੀਮ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ। ਪਰੰਤੂ ਭਾਰਤੀ ਟੀਮ ਲਗਾਤਾਰ ਯਤਨ ਕਰਦੀ ਹੋਈ ਦੱਖਣੀ ਕੋਰੀਆ ਦੀ ਟੀਮ ਦੇ ਹਮਲੇ ਕਰਦੀ ਰਹੀ। 56ਵੇਂ ਮਿੰਟ ਵਿਚ ਭਾਰਤੀ ਟੀਮ ਨੂੰ ਇਕ ਪੈਨਲਟੀ ਕਾਰਨਰ ਮਿਲਿਆ। ਜਿਸਦਾ ਫਾਇਦਾ ਚੁੱਕਦੇ ਹੋਏ ਭਾਰਤੀ ਖਿਡਾਰੀ ਰਘੁਨਾਥ ਨੇ ਗੋਲ ਕਰਕੇ ਭਾਰਤੀ ਟੀਮ ਨੂੰ 2-2 ਦੀ ਬਰਾਬਰੀ ‘ਤੇ ਲਿਆ ਖੜਾ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ ਨਾਲ ਸੋਮਵਾਰ ਨੂੰ ਹੋਵੇਗਾ।