ਪਟਨਾ – ਸਾਬਕਾ ਰੇਲਵੇ ਮਨਿਸਟਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸਰਵਜਨਿਕ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਰਜਦ ਜਨਤਾ ਪਰੀਵਾਰ ਵਿੱਚ ਰਲ ਗਈ ਹੈ। ਲਾਲੂ ਨੇ ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਨੂੰ ਆਪਣਾ ਨੇਤਾ ਮੰਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਮੁਲਾਇਮ ਜਨਤਾ ਪਰੀਵਾਰ ਦੇ ਨਵੇਂ ਨਾਮ ਦਾ ਐਲਾਨ ਕਰ ਦੇਣਗੇ।
ਲਾਲੂ ਪ੍ਰਸਾਦ ਯਾਦਵ ਨੇ ਕਿਹਾ, “ ਅੱਜ ਦੇਸ਼ ਨੂੰ ਇੱਕ ਨਿਸ਼ਾਨ ਅਤੇ ਇੱਕ ਮੋਰਚੇ ਦੀ ਲੋੜ ਹੈ, ਸਾਡੇ ਸੱਭ ਦੇ ਨੇਤਾ ਮੁਲਾਇਮ ਸਿੰਘ ਯਾਦਵ ਹੈ। ਜਨਤਾ ਪਰੀਵਾਰ ਦੇ ਵਰਕਰ ਸਾਰੀਆਂ ਪਾਰਟੀਆਂ ਦੇ ਰਲੇਵੇਂ ਤੋਂ ਬਾਅਦ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਦੇਸ਼ ਦੇ ਹਰ ਹਿੱਸੇ ਵਿੱਚ ਜਾਣਗੇ ਅਤੇ ਲੋਕਾਂ ਦੇ ਸਾਹਮਣੇ ਬੀਜੇਪੀ-ਕਾਂਗਰਸ ਤੋਂ ਆਪਣਾ ਵੱਖਰਾ ਰਾਜਨੀਤਕ ਵਿਕਲਪ ਰੱਖਣਗੇ।”
ਕੇਂਦਰ ਸਰਕਾਰ ਅਤੇ ਬੀਜੇਪੀ ਦੇ ਖਿਲਾਫ਼ ਮੋਰਚਾ ਲਗਾਉਂਦੇ ਹੋਏ ਸਪਾ, ਰਜਦ ਅਤੇ ਜਦਯੂ ਅਤੇ ਕੁਝ ਹੋਰ ਦਲਾਂ ਨੇ ਇੱਕਠੇ ਹੋ ਕੇ ਜਨਤਾ ਪਰੀਵਾਰ ਨੂੰ ਫਿਰ ਤੋਂ ਜੀਊਂਦਾ ਕਰਨ ਦੀ ਯੋਜਨਾ ਬਣਾਈ ਹੈ। ਇਹ ਗਠਬੰਧਨ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਹੀ ਹੋ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਥੋੜਾ ਲੇਟ ਹੋ ਗਿਆ।