ਮਾਨਸਾ, (ਐਡਵੋਕੇਟ ਐਚ ਐਸ ਨਰੂਲਾ) : ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਬਣੀ ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਵਿਰੁੱਧ ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਦਮਦਮੀ ਟਕਸਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਕਿ ਉਹ ਨਾਨਕ ਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਿਰੁੱਧ ਹੁਕਮਨਾਮਾ ਜਾਰੀ ਕਰਕੇ ਉਸਨੂੰ ਆਪਣੀ ਫਿਲਮ ਵਾਪਿਸ ਲੈਣ ਦੇ ਹੁਕਮ ਦੇਣ।ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਸਕੱਤਰ ਡਾ ਮਨਜਿੰਦਰ ਸਿੰਘ ਜੰਡੀ ਅਤੇ ਸਰਬਜੀਤ ਸਿੰਘ ਘੁਮਾਣ ਦੇ ਦਸਤਖਤਾਂ ਹੇਠ ਇੱਕ ਯਾਦ-ਪੱਤਰ ਜਥੇਦਾਰ ਸਾਹਿਬ ਨੂੰ ਸੌਪਿਆ ਗਿਆ।ਉਪਰੰਤ ਦਮਦਮੀ ਟਕਸਾਲ ਦਾ ਇੱਕ ਵਫਦ ਅਜੈਬ ਸਿੰਘ ਅਭਿਆਸੀ ਦੀ ਅਗਵਾਈ ਹੇਠ ਸਿੰਘ ਸਾਹਿਬ ਨੂੰ ਮਿਲਿਆ ਅਤੇ ਸੰਸਥਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਲਿਖਿਆ ਖੱਤ ਉਹਨਾਂ ਨੂੰ ਸੌਪਿਆ।ਦਲ ਖਾਲਸਾ ਵਲੋਂ ਦਿੱਤੇ ਪੱਤਰ ਵਿੱਚ ਲਿਖਿਆ ਹੈ ਕਿ ਨਾਨਕ ਸ਼ਾਹ ਫਕੀਰ ਨਾਮੀ ਫਿਲਮ ਵਿੱਚ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿੱਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਉਤੇ ਡਾਢੀ ਸੱਟ ਮਾਰੀ ਹੈ। ਇਹ ਫਿਲਮ ਸਿੱਧੇ ਰੂਪ ਵਿੱਚ ਸਿੱਖ ਦੀ ਆਸਥਾ ਨਾਲ ਖਿਲਵਾੜ ਹੈ।ਦਲ ਖਾਲਸਾ ਆਗੂਆਂ ਨੇ ਕਿਹਾ ਕਿ ਨਿਰਮਾਤਾ ਦਾ ਦਾਅਵਾ ਹੈ ਕਿ ਫਿਲਮ ਵਿੱਚ ਗੁਰੁ ਨਾਨਕ ਦੇਵ ਜੀ ਨੂੰ ਕੰਪਿਅੂਟਰ ਗ੍ਰਾਫਿਕ ਦੇ ਜ਼ਰੀਏ ਫਿਲਮਾਇਆ ਗਿਆ ਹੈ। ਉਹਨਾਂ ਜੁਆਬ ਵਿੱਚ ਕਿਹਾ ਕਿ ਇਸ ਨਾਲ ਅਸੂਲੀ ਤੌਰ ਉਤੇ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਫਿਲਮ ਵਿੱਚ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ ਫਿਲਮਸਾਜ਼ੀ ਦੇ ਇਹ ਦੋਵੇਂ ਢੰਗ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ।ਉਹਨਾਂ ਜਥੇਦਾਰ ਸਾਹਿਬ ਦਾ ਨਿਰਮਾਤਾ ਦੇ ਦਿੱਲੀ ਸਥਿਤ ਘਰ ਜਾ ਕੇ ਫਿਲਮ ਦੇਖਣ ਅਤੇ ਉਪਰੰਤ ਉਸ ਦੀ ਸਿਫਤ ਵਿੱਚ ਖੱਤ ਲਿਖਣ ਨੂੰ ਮੰਦਭਾਗਾ ਦਸਿਆ।ਉਹਨਾਂ ਜਥੇਦਾਰ ਸਾਹਿਬ ਨੂੰ ਅੱਗੇ ਹੋ ਕੇ ਅਗਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਅਗਰ ਉਹ ਅਜਿਹਾ ਨਹੀ ਕਰਦੇ ਤਾਂ ਨੌਜਵਾਨਾਂ ਨੂੰ ਆਪ-ਮੁਹਾਰੇ ਸੜਕਾਂ ਉਤੇ ਆਉਣਾ ਪਵੇਗਾ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਕੋਲ ਹੋਰ ਕੋਈ ਰਾਹ ਨਹੀਂ ਹੈ ਕੌਮ ਕੋਲ ਵੀ ਹੋਰ ਕੋਈ ਰਾਹ ਨਹੀਂ। ਫਿਲਮ ਦੇ ਨਿਰਮਾਤਾ ਕੋਲ ਵੀ ਹੋਰ ਕੋਈ ਰਾਹ ਨਹੀਂ ਹੈ। ਪਿਆਰ ਨਾਲ ਜਾਂ ਫਟਕਾਰ ਨਾਲ- ਕਿਸੇ ਵੀ ਤਰਾਂ, ਕਿਸੇ ਵੀ ਢੰਗ ਨਾਲ ਖਾਲਸਾ ਪੰਥ ਨਿਰਮਾਤਾ ਨੂੰ ਫਿਲ਼ਮ ਰਿਲੀਜ਼ ਕਰਨ ਤੋਂ ਰੋਕੇ ਉਹਨਾਂ ਕਿਹਾ ਕਿ ਪਹਿਲਾਂ ‘ਚਾਰ ਸਹਿਬਜ਼ਾਦੇ’ ਤੇ ਹੁਣ ‘ਨਾਨਕ ਸ਼ਾਹ ਫਕੀਰ’, ਜਿਸ ਰਾਹ ਉਤੇ ਕੌਮ ਦਾ ਇੱਕ ਹਿਸਾ ਖੁਸ਼ੀ-ਖੁਸ਼ੀ ਤੁਰ ਪਿਆ ਹੈ, ਇਹ ਸਿੱਖਾਂ ਨੂੰ ਸਿਧਾਂਤਕ ਤੌਰ ਉਤੇ ਖੁਦਕੁਸ਼ੀ ਵੱਲ ਲੈ ਕੇ ਜਾਏਗਾ। ਇਸ ਮੌਕੇ ਉਹਨਾਂ ਦੇ ਨਾਲ ਨੋਬਲਜੀਤ ਸਿੰਘ, ਪਰਮਜੀਤ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਹਾਜ਼ਿਰ ਸਨ ਬਾਬਾ ਹਰਨਾਮ ਸਿੰਘ ਨੇ ਜਥੇਦਾਰ ਨੂੰ ਲਿਖਿਆ ਹੈ ਕਿ ਉਹਨਾਂ ਦੇ ਮੋਢਿਆਂ ਉਤੇ ਬਹੁਤ ਵੱਡੀ ਜ਼ਿਮੇਵਾਰੀ ਆ ਪਈ ਹੈ। ਸਿੱਖ ਧਰਮ ਦੇ ਸਿਧਾਂਤ ਉਤੇ ਇੱਕ ਸਿੱਖ ਨੇ ਹੀ ਘਾਤਕ ਵਾਰ ਕੀਤਾ ਹੈ ਦੇਰ ਜਰੂਰ ਹੋਈ ਹੈ ਪਰ ਅਜੇ ਵਕਤ ਹੈ ਕਿ ਕੌਮ ਇਸ ਵਰਤਾਰੇ ਨੂੰ ਏਥੇ ਹੀ ਨੱਪ ਲਵੇ, ਜੇਕਰ ਹੋਰ ਦੇਰ ਹੋ ਗਈ ਤਾਂ ਸਿੱਖੀ ਸਿਧਾਂਤਾਂ ਅਤੇ ਪ੍ਰੰਪਰਾਵਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ ਜਿਸ ਦੀ ਭਰਪਾਈ ਕਰਨੀ ਵੀ ਔਖੀ ਹੋਵੇਗੀ।ਉਹਨਾਂ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ, ਇਸ ਫਿਲਮ ਦੇ ਨਿਰਮਾਤਾ ਨੂੰ ਫਿਲਮ ਨੂੰ ਵਾਪਿਸ ਲੈਣ ਹਿੱਤ ਸਖਤੀ ਨਾਲ ਹੁਕਮ ਜਾਰੀ ਕਰਨ।ਉਹਨਾਂ ਅੱਗੇ ਕਿਹਾ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਅਜਿਹੀ ਪਿਰਤ ਨੂੰ ਜਨਮ ਦੇਵੇਗੀ, ਜੋ ਹੋਰਨਾਂ ਨੂੰ ਵੀ ਸਿੱਖੀ ਸਿਧਾਂਤਾਂ ਅਤੇ ਪ੍ਰੰਪਰਾਵਾਂ ਨਾਲ ਖਿਲਵਾੜ ਕਰਨ ਦੀ ਖੁੱਲ ਦੇਵੇਗੀ।
ਦਲ ਖਾਲਸਾ ਨੇ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤਾ ਮੰਗ ਪੱਤਰ
This entry was posted in ਪੰਜਾਬ.