ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਦਿੱਲੀ ਡਵੈਲਪਮੈਂਟ ਅਥਾਰਟੀ (ਡੀ.ਡੀ.ਏ) ਵੱਲੋਂ ਸਿੱਖ ਪਰਿਵਾਰਾਂ ਦੇ ਭਗਤ ਸਿੰਘ ਪਾਰਕ ਵਿਖੇ ਮਕਾਨਾਂ ਨੂੰ ਢਾਉਣ ਵੇਲ੍ਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਦੇ ਖੰਡਿਤ ਹੋਣ ਦਾ ਖਦਸਾ ਜਤਾਇਆ ਹੈ। ਜੀ.ਟੀ. ਕਰਨਾਲ ਰੋਡ ਤੇ ਸਿਰਸਪੁਰ ਨੇੜੇ ਭਗਤ ਸਿੰਘ ਪਾਰਕ ‘ਚ ਰਹਿੰਦੇ 22 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਡੀ.ਡੀ.ਏ. ਵੱਲੋਂ ਬਿਨਾ ਨੋਟਿਸ ਢਾਉਣ ਤੇ ਸਖਤ ਐਤਰਾਜ਼ ਜਤਾਉਂਦੇ ਹੋਏ ਜੀ.ਕੇ. ਨੇ ਡੀ.ਡੀ.ਏ. ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। 30-35 ਸਾਲਾਂ ਤੋਂ ਉਕਤ ਕਲੌਨੀ ‘ਚ ਰਹਿਣ ਦਾ ਦਾਅਵਾ ਕਰਨ ਵਾਲੀ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਕਮੇਟੀ ਦਫਤਰ ਸ਼ਿਕਾਇਤ ਕਰਨ ਆਏ ਇਨ੍ਹਾਂ ਪਰਿਵਾਰਾਂ ਦੇ ਵਫਦ ਨੇ ਡੀ.ਡੀ.ਏ. ਦੀ ਇਸ ਕਾਰਵਾਈ ਦੌਰਾਨ ਅਮਰੀਕ ਸਿੰਘ ਦੇ ਗ੍ਰਹਿ ‘ਚ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਭੰਗ ਹੋਣ ਤੇ ਡੀ.ਡੀ.ਏ. ਦੇ ਅਧਿਕਾਰੀਆਂ ਵੱਲੋਂ ਇਸ ਮਸਲੇ ਤੇ ਧਿਆਨ ਨਾ ਦੇਣ ਅਤੇ ਜ਼ਰੂਰੀ ਸਮਾਨ ਕੱਢਣ ਦੇਣ ਦਾ ਸਮਾਂ ਨਾ ਦੇਣ ਦਾ ਵੀ ਦੋਸ਼ ਲਗਾਇਆ।
ਵਫਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਨਣ ਤੋਂ ਬਾਅਦ ਜੀ.ਕੇ. ਨੇ ਕਮੇਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਸਲੇ ਤੇ ਪ੍ਰਧਾਨਮੰਤਰੀ, ਦਿੱਲੀ ਦੇ ਉਪਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਾਉਣ ਦੇ ਵੀ ਆਦੇਸ਼ ਦਿੱਤੇ। ਜੀ.ਕੇ. ਨੇ ਕਿਹਾ ਕਿ ਡੀ.ਡੀ.ਏ ਵੱਲੋਂ ਆਪਣੀ ਜ਼ਮੀਨ ਦੇ ਮਾਲਿਕ ਲੋਕਾਂ ਨੂੰ ਬਿਨਾ ਨੋਟਿਸ ਦਿੱਤੇ ਜ਼ਮੀਨ ਤੋਂ ਬੇਦਖਲ ਕਰਨ ਦਾ ਕੋਈ ਹੱਕ ਨਹੀਂ ਹੈ ਤੇ ਕਮੇਟੀ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਕਰੋਲ ਬਾਗ, ਜਤਿੰਦਰ ਪਾਲ ਸਿੰਘ ਗੋਲਡੀ, ਅਤੇ ਵਫਦ ਦੇ ਮੈਂਬਰ ਬੀਬੀ ਰਣਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਰਮਜੀਤ ਕੌਰ ਸਣੇ ਕਈ ਪੀੜਤ ਪਰਿਵਾਰਾਂ ਦੇ ਨੁਮਾਇੰਦੇ ਮੌਜੂਦ ਸਨ।