ਨਵੀਂ ਦਿੱਲੀ- ਬੀਜੇਪੀ ਦੇ 35ਵੇਂ ਸਥਾਪਨਾ ਦਿਵਸ ਦੇ ਪ੍ਰੋਗਰਾਮ ਵਿੱਚ ਪਾਰਟੀ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸ਼ਾਮਿਲ ਨਹੀਂ ਹੋਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੇ ਫਾਊਂਡਰ ਮੈਂਬਰ ਅਡਵਾਨੀ ਨੂੰ ਇਸ ਪ੍ਰੋਗਰਾਮ ਵਿੱਚ ਨਿਓਤਾ ਹੀ ਨਹੀਂ ਦਿੱਤਾ ਗਿਆ।
ਐਲ.ਕੇ. ਅਡਵਾਨੀ ਦੇ ਕਰੀਬੀ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਲਈ ਕੋਈ ਵੀ ਸਦਾ-ਪੱਤਰ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਦਿੱਤੀ ਗਈ। ਬੀਜੇਪੀ ਦਾ ਇਹ ਸਥਾਪਨਾ ਦਿਵਸ ਸਮਾਗਮ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਇਆ। ਹਾਲ ਹੀ ਵਿੱਚ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਣੀ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਗੱਲ ਨਾਂ ਮੰਨਦੇ ਹੋਏ ਅਡਵਾਨੀ ਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਿੱਛਲੇ 35 ਸਾਲ ਵਿੱਚ ਅਜਿਹਾ ਦੋ ਵਾਰ ਹੀ ਹੋਇਆ ਹੈ ਜਦੋਂ ਕਿ ਇਸ ਬੈਠਕ ਵਿੱਚ ਅਡਵਾਨੀ ਨੇ ਭਾਸ਼ਣ ਨਾਂ ਦਿੱਤਾ ਹੋਵੇ। ਇਸ ਤੋਂ ਪਹਿਲਾਂ 2013 ਵਿੱਚ ਸਿਹਤ ਠੀਕ ਨਾਂ ਹੋਣ ਦਾ ਹਵਾਲਾ ਦੇ ਕੇ ਉਹ ਗੋਆ ਵਿੱਚ ਹੋਈ ਬੈਠਕ ਤੋਂ ਦੂਰ ਰਹੇ ਸਨ।