ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੁੂਨਾਨਕ ਦੇਵ ਜੀ ਦੇ ਬਰਾਬਰੀ, ਸ਼ਾਂਤੀ, ਅਤੇ ਇਕ ਅਕਾਲ ਪੁਰਖ ਨੂੰ ਮਨਣ ਦੇ ਪਵਿਤਰ ਫਲਸਫੇ ਤੋਂ ਜਾਣੂੰ ਕਰਵਾਉਣ ਹਿੰਦੀ ਫਿਲਮ ਨਾਨਕ ਸ਼ਾਹ ਫਕੀਰ ਦਾ ਅੱਜ ਮਿਯੂਜ਼ਿਕ ਲਾਂਚ ਕੀਤਾ ਗਿਆ। ਇਥੋ ਦੇ ਲੀ ਮੇਰੀਡਿਅਨ ਹੋਟਲ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2 ਵਾਰ ਦੇ ਆਸਕਰ ਅਵਾਰਡ ਜੇਤੂ ਏ.ਆਰ. ਰਹਿਮਾਨ, ਪੰਡਿਤ ਜਸਰਾਜ, ਬਾਲੀਵੁਡ ਦੇ ਉੱਘੇ ਗਾਇਕ ਕੈਲਾਸ਼ ਖੇਰ ਤੇ ਹਰਸ਼ਦੀਪ ਕੋਰ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਉੱਘੇ ਸੰਗੀਤਕਾਰ ਉੱਤਮ ਸਿੰਘ ਅਤੇ ਆਸਕਰ ਜੇਤੂ ਸੰਗੀਤਕਾਰ ਰਸੂਲ ਪੂਕਤੀ ਨੇ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦੀ ਮੌਜੂਦਗੀ ‘ਚ ਫਿਲਮ ਦੇ ਮਿਯੂਜ਼ਿਕ ਦੀ ਸੀ.ਡੀ. ਜਾਰੀ ਕੀਤੀ।
ਇਸ ਫਿਲਮ ਦੇ ਨਿਰਮਾਣ ਦੌਰਾਨ ਇਨ੍ਹਾਂ ਮਸ਼ਹੁਰ ਹਸਤੀਆਂ ਦੇ ਸ਼ਾਮਿਲ ਹੋਣ ਦੀ ਗੱਲ ਕਰਦੇ ਹੋਏ ਸਿੱਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫਿਲਮ ਕੌਮਾਂਤਰੀ ਮਿਆਰਾਂ ਨੂੰ ਧਿਆਨ ‘ਚ ਰੱਖ ਕੇ ਬਣਾਈ ਗਈ ਹੈ ਜਿਸ ਵਿਚ ਦਿਖਾਈ ਗਈ ਡਾਇਰੈਕਸ਼ਨ, ਸਿਨਮੈਟੋਗ੍ਰਾਫੀ ਅਤੇ ਮਿਯੂਜ਼ਿਕ ਹਾਲੀਵੂਡ ਦੀਆਂ ਫਿਲਮਾਂ ਨੂੰ ਵੀ ਮਾਤ ਦਿੰਦਾ ਹੈ। ਸ੍ਰੀ ਗੁਰੁਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਸਿੱਕਾ ਵੱਲੋਂ ਭਰਪੁਰ ਖੋਜ ਫਿਲਮ ਦੀ ਟੀਮ ਵੱਲੋਂ ਕਰਨ ਦਾ ਵੀ ਦਾਅਵਾ ਕੀਤਾ ਗਿਆ। ਸਿੱਕਾ ਨੇ ਇਸ ਫਿਲਮ ‘ਚ ਸ੍ਰੀ ਗੁਰੂਨਾਨਕ ਸਾਹਿਬ ਜੀ ਦੇ ਕਿਰਦਾਰ ਨੂੰ ਕਿਸੇ ਦੁਨਿਆਵੀ ਬੰਦੇ ਵੱਲੋਂ ਨਿਭਾਉਣ ਦੀਆਂ ਲਗਾਈਆਂ ਜਾ ਰਹੀਆਂ ਕਿਆਸਰਾਹੀਆਂ ਨੂੰ ਵੀ ਖਾਰਿਜ ਕਰਦੇ ਹੋਏ ਗੁਰੂ ਸਾਹਿਬ ਦਾ ਕਿਰਦਾਰ ਕੰਪਿਯੂਟਰ ਗ੍ਰਾਫਿਕ ਰਾਹੀਂ ਦਿਖਾਉਣ ਅਤੇ ਅਵਾਜ਼ ਵੀ ਕੰਪਿਯੂਟਰ ਰਾਹੀਂ ਦੇਣ ਦਾ ਦਾਅਵਾ ਕੀਤਾ। ਇਸ ਜਾਰੀ ਕੀਤੀ ਗਈ ਐਲਬਮ ‘ਚ ਕੁਲ 10 ਸ਼ਬਦ ਸ਼ਾਮਿਲ ਹਨ ਜਿਨ੍ਹਾਂ ਨੂੰ ਅਵਾਜ਼ ਭਾਈ ਨਿਰਮਲ ਸਿੰਘ, ਸੋਨੂੰ ਨਿਗਮ, ਕੈਲਾਸ਼ ਖੇਰ, ਮਾਸਟਰ ਸਲੀਮ, ਹਰਭਜਨ ਮਾਨ, ਸਪਨਾ ਮੁਖਰਜੀ ਸਣੇ ਕਈ ਮੰਨੇ ਪ੍ਰਮੰਨੇ ਗਾਇਕਾਂ ਨੇ ਦਿੱਤੀ ਹੈ।
ਏ.ਆਰ. ਰਹਿਮਾਨ ਨੇ ਇਸ ਫਿਲਮ ਨੂੰ ਆਪਣੇ ਦਿਲ ਦੇ ਨਜ਼ਦੀਕ ਦੱਸਦੇ ਹੋਏ ਭਵਿਖ ‘ਚ ਵੀ ਇਸ ਤਰ੍ਹਾਂ ਦੀਆਂ ਫਿਲਮਾਂ ‘ਚ ਕੰਮ ਕਰਨ ਵਾਸਤੇ ਆਪਣੀ ਹਾਮੀ ਭਰੀ। ਉਤਮ ਸਿੰਘ ਨੇ ਕਿਹਾ ਕਿ ਫਿਲਮ ਦੇ ਸੰਗੀਤ ਰਾਹੀਂ ਗੁਰੂਨਾਨਕ ਸਾਹਿਬ ਨੂੰ ਮਨਣ ਵਾਲਿਆਂ ਤੋਂ ਇਲਾਵਾ ਦੁੂਸਰੇ ਲੋਕਾਂ ਵੱਲੋਂ ਵੀ ਪ੍ਰਭੂ ਉਸਤੱਤ ਦੇ ਇਨ੍ਹਾਂ ਸ਼ਬਦਾ ਦੀ ਸ਼ਲਾਘਾ ਕੀਤੀ ਜਾਵੇਗੀ। ਪੰਡਿਤ ਜਸਰਾਜ ਨੇ ਭਾਰਤੀ ਸੰਗੀਤ ‘ਚ ਗੁਰਬਾਣੀ ਸੰਗੀਤ ਦੀ ਵਿਸ਼ੇਸ਼ ਥਾਂ ਹੋਣ ਦੀ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਦਾ ਕੋਈ ਵੀ ਸੰਗੀਤ ਭਾਂਵੇ ਉਹ ਬੰਗਲਾ, ਨੋਰਥ ਇੰਡੀਅਨ ਜਾਂ ਕਰਨਾਟਕਾ ਸੰਗੀਤ ਹੋਵੇ ਪਰ ਗੁਰਬਾਣੀ ਗਾਇਨ ਦੇ 32 ਰਾਗਾਂ ਦੇ ਸੰਗੀਤ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ।
ਫਿਲਮ ਨਾਨਕ ਸ਼ਾਹ ਫਕੀਰ ਦਾ ਮਿਯੂਜ਼ਿਕ ਹੋਇਆ ਜਾਰੀ
This entry was posted in ਭਾਰਤ.