ਇਪੋਹ-ਮਲੇਸ਼ੀਆ ਵਿਖੇ ਹੋ ਰਹੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਚ ਲਗਾਤਾਰ ਚਾਰ ਮੈਚ ਹਾਰਨ ਕਰਕੇ ਫਾਈਨਲ ਦੀ ਰੇਸ ਚੋਂ ਬਾਹਰ ਭਾਰਤ ਨੇ ਇਥੇ ਖੇਡੇ ਗਏ ਇਕ ਮੈਚ ਦੌਰਾਨ ਕੈਨੇਡਾ ਦੀ ਟੀਮ ਨੂੰ 5-3 ਨਾਲ ਹਰਾਇਆ। ਭਾਰਤ ਦਾ ਆਖ਼ਰੀ ਮੈਚ ਆਸਟ੍ਰੇਲੀਆ ਨਾਲ ਹੋਵੇਗਾ।
ਪਹਿਲੇ ਹਾਫ਼ ਵਿਚ ਰੁਪਿੰਦਰਪਾਲ ਸਿੰਘ ਨੇ 13ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਭਾਰਤ ਦਾ ਸਕੋਰ 1-0 ਤੱਕ ਪਹੁੰਚਾਇਆ। ਹਾਫ਼ ਟਾਈਮ ਤੱਕ ਭਾਰਤੀ ਟੀਮ ਦਾ ਸਕੋਰ 1-0 ਹੀ ਰਿਹਾ। ਦੂਜੇ ਹਾਫ਼ ਦੇ 31ਵੇਂ ਮਿੰਟ ਵਿਚ ਰਘੁਨਾਥ ਨੇ ਗੋਲ ਕਰਕੇ ਭਾਰਤੀ ਟੀਮ ਦਾ ਸਕੋਰ 2-0 ਕੀਤਾ। ਇਸਤੋਂ ਬਾਅਦ ਕੈਨੇਡਾ ਦੀ ਟੀਮ ਦੇ ਓਲੀਵਰ ਸਕੋਲਫੀਲਡ ਨੇ ਗੋਲ ਕਰਕੇ ਸਕੋਰ 2-1 ਕਰ ਲਿਆ। ਆਖ਼ਰੀ ਕਵਾਰਟਰ ਦੇ 15 ਮਿੰਟਾਂ ਵਿਚ ਪੰਜ ਗੋਲ ਕੀਤੇ ਗਏ। ਭਾਰਤੀ ਟੀਮ ਵਲੋਂ 46ਵੇਂ ਅਤੇ 47ਵੇਂ ਮਿੰਟ ਵਿਚ ਰਮਨਦੀਪ ਅਤੇ 49ਵੇਂ ਮਿੰਟ ਵਿਚ ਸਤਬੀਰ ਨੇ ਗੋਲ ਕਰਕੇ ਸਕੋਰ 5-1 ਕਰ ਲਿਆ। ਇਸਤੋਂ ਬਾਅਦ ਭਾਰਤੀ ਟੀਮ ਨੂੰ ਰੋਕਦੇ ਹੋਏ ਕੈਨੇਡਾ ਦੀ ਟੀਮ ਵਲੋਂ ਜਗਦੀਸ਼ ਗਿੱਲ ਨੇ 49ਵੇਂ ਮਿੰਟ ਵਿਚ ਅਤੇ ਡੇਵਿਡ ਜੇਮਸਨ ਨੇ 52ਵੇਂ ਮਿੰਟ ਵਿਚ ਗੋਲ ਕੀਤੇ ਅਤੇ ਖੇਡ ਖ਼ਤਮ ਹੋਣ ਤੱਕ ਸਕੋਰ 5-3 ਹੋ ਗਿਆ।