ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਗੱਲ ਦਾ ਖੁਲਾਸਾ ਅੱਜ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ ਲਈ ਦਿੱਲੀ ਕਮੇਟੀ ਵੱਲੋਂ ਵੈਸਾਖੀ ਮੌਕੇ 272 ਯਾਤਰੂਆਂ ਦੇ ਭੇਜੇ ਜਾ ਰਹੇ ਜਥੇ ਨੂੰ ਰਵਾਨਾ ਕਰਨ ਵੇਲ੍ਹੇ ਕੀਤਾ। ਉਕਤ ਜਥਾ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ 11 ਅਪ੍ਰੈਲ ਤੋਂ 20 ਅਪ੍ਰੈਲ ਤੱਕ ਕਰਨ ਉਪਰੰਤ ਵਾਪਿਸ ਭਾਰਤ ਪਰਤੇਗਾ। ਦਿੱਲੀ ਤੋਂ ਟ੍ਰੇਨ ਰਾਹੀਂ ਰਵਾਨਾ ਹੋਇਆ ਇਹ ਜਥਾ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ‘ਚ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਸੱਚਾ ਸੌਦਾ ਅਤੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਵੇਗਾ।
ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਜਥੇ ‘ਚ ਸ਼ਾਮਿਲ ਯਾਤਰੂਆਂ ਨੂੰ ਸਿਰੋਪਾਓ ਦੇਕੇ ਉਨ੍ਹਾਂ ਦੀ ਸੁਖਾਲੀ ਯਾਤਰਾ ਦੀ ਕਾਮਨਾ ਕੀਤੀ। ਸਿਰਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਮਿਲਣ ਉਪਰੰਤ ਦੋਹਾਂ ਮੁਲਕਾ ਦੀ ਸਰਕਾਰਾਂ ਨਾਲ ਵਧੀਆ ਤਾਲਮੇਲ ਕਾਇਮ ਰੱਖਦੇ ਹੋਏ ਦਿੱਲੀ ਕਮੇਟੀ ਦੇ ਕੋਟੇ ‘ਚ ਵੱਧ ਤੋਂ ਵੱਧ ਯਾਤਰੂਆਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾ ਲਈ ਵੀਜ਼ਾ ਦਿਵਾਉਣ ਦੇ ਕਾਰਜ ‘ਚ ਤੇਜੀ ਆਈ ਹੈ ਅਤੇ ਇਸ ਤਾਲਮੇਲ ਕਰਕੇ ਪਾਕਿਸਤਾਨੀ ਸਫੀਰ ਵੱਲੋਂ ਸਮੇਂ ਸਿਰ ਯਾਤਰੂਆਂ ਨੂੰ ਵੀਜ਼ੇ ਮਿਲ ਰਹੇ ਹਨ ਤੇ ਵੀਜ਼ਾ ਲਗਾਉਣ ਦੌਰਾਨ ਬਹੁਤ ਘੱਟ ਯਾਤਰੂਆਂ ਦੇ ਵੀਜ਼ੇ ਖਾਰਿਜ ਹੋਏ ਹਨ।
ਖਾਲਸਾ ਸਾਜਨਾ ਦਿਹਾੜੇ ਮੌਕੇ 14 ਅਪ੍ਰੈਲ ਨੂੰ ਦਿੱਲੀ ਕਮੇਟੀ ਵੱਲੋਂ ਅੱਜ ਭੇਜੇ ਗਏ ਪੰਜ ਪਿਆਰਿਆਂ ਵੱਲੋਂ ਗੁਰਦੁਆਰਾ ਪੰਜਾ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਅੰਮ੍ਰਿਤ ਸੰਚਾਰ ਦੌਰਾਨ ਲਗਭਗ 350 ਪ੍ਰਾਣੀਆਂ ਵੱਲੋਂ ਖੰਡੇ ਦੀ ਪਾਹੁਲ ਛਕਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਦਿੱਲੀ ਕਮੇਟੀ ਧਰਮ ਪ੍ਰਚਾਰ, ਕਾਰਸੇਵਾ ਸਣੇ ਹੋਰ ਸਮਾਜਿਕ ਮਸਲਿਆਂ ਤੇ ਵੀ ਖੁੱਲ ਕੇ ਕੰਮ ਕਰਨ ਦੀ ਇਛੂੱਕ ਹੈ ਪਰ ਲੋੜ ਹੈ ਸਿਆਸੀ ਵਖਰੇਵਿਆਂ ਤੋਂ ਉੱਚਾ ਉਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਹ ਸਾਰੇ ਕਾਰਜ ਹੋਣ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਯਾਤਰਾ ਵਿਭਾਗ ਦੇ ਮੁੱਖੀ ਪਰਮਜੀਤ ਸਿੰਘ ਚੰਢੋਕ ਆਦਿਕ ਮੌਜੂਦ ਸਨ।