ਪੈਰਿਸ – ਭਾਰਤ ਅਤੇ ਫਰਾਂਸ ਵਿਚਕਾਰ ਸ਼ੁਕਰਵਾਰ ਨੂੰ ਲੜਾਕੂ ਜਹਾਜ਼ਾਂ ਸਬੰਧੀ ਡੀਲ ਤੇ ਸਹਿਮਤੀ ਹੋ ਗਈ ਹੈ। ਰਾਸ਼ਟਰਪਤੀ ਫਰਾਂਸਵਾ ਹੋਲਾਂਦ ਅਤੇ ਮੋਦੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਸੌਦਾ ਪੱਕਾ ਹੋ ਗਿਆ ਹੈ।ਹੁਣ ਭਾਰਤ ਸਿੱਧੇ ਤੌਰ ਤੇ ਫਰਾਂਸ ਸਰਕਾਰ ਤੋਂ 36 ਰਾਫਾਲ ਜਹਾਜ਼ ਖ੍ਰੀਦੇਗਾ।
ਫਰਾਂਸ ਦੀ ਯਾਤਰਾ ਤੇ ਰਵਾਨਾ ਹੋਣ ਤੋਂ ਪਹਿਲਾਂ ਹੀ ਫਰਾਂਸੀਸੀ ਰੱਖਿਆ ਕੰਪਨੀ ਡਸਾਲਟ ਰਾਫਾਲ ਅਤੇ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਦੇ ਦਰਮਿਆਨ ਪਿੱਛਲੇ ਤਿੰਨ ਸਾਲ ਤੋਂ ਚੱਲ ਰਹੀ ਸੌਦੇ ਸਬੰਧੀ ਗੱਲਬਾਤ ਨੂੰ ਨਕਾਰਦੇ ਹੋਏ ਮੋਦੀ ਨੇ ਸਿੱਧੇ ਤੌਰ ਤੇ ਸਰਕਾਰ ਨਾਲ ਹੀ ਇਹ ਸੌਦਾ ਕਰਨ ਦਾ ਫੈਂਸਲਾ ਕੀਤਾ। ਇਹ ਗੱਲਬਾਤ ਜਹਾਜ਼ਾਂ ਦੀ ਕੀਮਤ ਅਤੇ ਗਰੰਟੀ ਕਾਰਨ ਵਿੱਚਕਾਰ ਹੀ ਲਟਕੀ ਹੋਈ ਸੀ। ਇਹ ਇਸ ਲਈ ਵੀ ਕੀਤਾ ਗਿਆ ਕਿ ਫਰਾਂਸ ਸਰਕਾਰ ਨੇ ਬਹੁਤ ਵਧੀਆ ਪ੍ਰਸਤਾਵ ਦਿੱਤਾ ਸੀ।
ਡੇਸਾਲਟ ਕੰਪਨੀ ਨੇ 2012 ਵਿੱਚ ਸੱਭ ਤੋਂ ਘੱਟ ਬੋਲੀ ਲਗਾ ਕੇ ਇਹ ਸੌਦਾ ਪ੍ਰਾਪਤ ਕੀਤਾ ਸੀ। ਡਸਾਲਟ ਨੇ ਬੋਇੰਗ ਸੁਪਰਹੋਨੇਟ,ਐਫ਼- 16 ਫਾਲਕਨ, ਮਿਗ- 35 ਵਰਗੇ ਜਹਾਜ਼ਾਂ ਨੂੰ ਪਛਾੜ ਕੇ ਇਹ ਡੀਲ ਹਾਸਿਲ ਕੀਤੀ ਸੀ। ਇਸ ਡੀਲ ਦੇ ਤਹਿਤ ਡਸਾਲਟ ਨੂੰ 20 ਅਰਬ ਡਾਲਰ ਦੀ ਕੀਮਤ ਤੇ 126 ਜਹਾਜ਼ ਦੇਣੇ ਸਨ, ਜਿਨ੍ਹਾਂ ਵਿੱਚੋਂ ਜਿਆਦਾਤਰ ਫਰਾਂਸ ਦੀ ਮੱਦਦ ਨਾਲ ਭਾਰਤ ਵਿੱਚ ਹੀ ਐਚਏਐਲ ਨੇ ਬਣਾਉਣੇ ਸਨ।
ਭਾਰਤੀ ਹਵਾਈ ਸੈਨਾ ਲੜਾਕੂ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਕੋਲ ਜਰੂਰਤ ਦੇ ਹਿਸਾਬ ਨਾਲ 43 ਲੜਾਕੂ ਸਕਵੈਡਰਨ ਦੀ ਜਗ੍ਹਾ ਉਸ ਕੋਲ ਸਿਰਫ਼ 34 ਲੜਾਕੂ ਸਕਵੈਡਰਨ ਹੀ ਹਨ। ਅਗਲੇ 8 ਸਾਲਾਂ ਵਿੱਚ ਇਨ੍ਹਾਂ ਵਿੱਚੋਂ ਵੀ 8 ਸਕਵੈਡਰਨ ਦੇ ਪੁਰਾਣੇ ਹੋ ਜਾਣ ਕਰਕੇ ਬੇੜੇ ਤੋਂ ਬਾਹਰ ਹੋ ਜਾਣਗੇ।