ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।
ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ।
ਸਬਕ ਸ਼ਹੀਦੀ ਪੜ੍ਹਨਾ, ਮੌਤ ਦੇ ਅੱਗੇ ਖੜ੍ਹਨਾ।
ਈਨ ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ,
ਅੰਮ੍ਰਿਤ ਦੀ ਬੂੰਦ ਪਿਲਾ ਕੇ,ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।
ਅਨੰਦਪੁਰ ਦਾ ਵਿਹੜਾ, ਖ਼ੂਨ ਨਾਲ ਸੀ ਰੰਗਿਆ।
ਲਲਕਾਰੇ ਗੋਬਿੰਦ ਰਾਏ,ਸੀਸ ਇਕ ਸੀ ਮੰਗਿਆ।
ਆਇਆ ਇਕ ਪਿਆਰਾ,ਤੇ ਵੇਖੇ ਅਜ਼ਬ ਨਜ਼ਾਰੇ,
ਅੰਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ ,ਛੱਡੇ ਉਹਨਾਂ ਜੈਕਾਰੇ।
ਦੂਜੀ ਵਾਰ ਗੁਰਾਂ, ਇਕ ਸੀਸ ਹੋਰ ਸੀ ਮੰਗਿਆ।
ਦੂਜਾ ਸਿੱਖ ਪਿਆਰਾ, ਨਾ ਡਰਿਆ ਨਾ ਸੰਗਿਆ।
ਗੁਰੂ ਗੋਬਿੰਦ ਜੀ ਵੇਖੋ!, ਦਿਨੇਂ ਵਿਖਾਉਂਦੇ ਤਾਰੇ,
ਅਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।
ਪੰਜਾਂ ਹੀ ਵਾਰੋ ਵਾਰੀ, ਜਦ ਭੇਟਾ ਸੀਸ ਚੜ੍ਹਾਏ।
ਦਸਮੇਸ਼ ਦੇ ਅੰਮ੍ਰਿਤ ਨੇ, ਪਿਆਰੇ ਪੰਜ ਸਜਾਏ।
ਸਿੱਖੀ ਨੂੰ ਪਾਣ ਚੜ੍ਹਾ ਕੇ, ਬਖ਼ਸ਼ੇ ਪੰਜ ਕਰਾਰੇ,
ਅੰਮ੍ਰਿਤ ਦੀ ਬੂੰਦ ਪਿਲਾ ਕੇ ,ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ।
ਗੁਰੂ ਗੋਬਿੰਦ ਸਿੰਘ ਨੇ, ਖਾਲਸਾ ਪੰਥ ਸਜਾਇਆ।
‘ਸੁਹਲ ਨੁਸ਼ਹਿਰੇ ਵਾਲਾ’ਹੋਇਆ ਦੂਣ ਸਵਾਇਆ
ਸੰਤ- ਸਿਪਾਹੀ ਬਣਕੇ, ਗੁਰਾਂ ਕੀਤੇ ਚੋਜ ਨਿਆਰੇ,
ਅੰਮ੍ਰਿਤ ਦੀ ਬੂੰਦ ਪਿਲਾ ਕੇ, ਸਾਜੇ ਪੰਜ ਪਿਆਰੇ।
ਜੋ ਬੋਲੇ ਸੋ ਨਿਹਾਲ ਦੇ, ਗੂੰਜਣ ਅੱਜ ਜੈਕਾਰੇ।