ਨਵੀਂ ਦਿੱਲੀ – ਕਰਾਵਲ ਨਗਰ ਵਿੱਚ ਇੱਕ ਰੈਲੀ ਦੌਰਾਨ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਨੇ ਅਵੈਧ ਕਲੋਨੀਆਂ ਨੂੰ ਲੀਗਲ ਕਰਨ ਲਈ ਕੇਂਦਰ ਸਰਕਾਰ ਕੋਲੋਂ 10 ਹਜ਼ਾਰ ਕਰੋੜ ਰੁਪੈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਲਗੀਆਂ ਹੋਈਆਂ ਹਨ, ਇਸ ਲਈ ਜੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੀਆਂ ਖ਼ਬਰਾਂ ਟੀਵੀ ਤੇ ਵਿਖਾਈਆਂ ਜਾਣ ਤਾਂ ਉਨ੍ਹਾਂ ਉਪਰ ਭਰੋਸਾ ਨਾਂ ਕੀਤਾ ਜਾਵੇ।
ਕੇਜਰੀਵਾਲ ਨੇ ਇਸ ਜਨਤਕ ਰੈਲੀ ਵਿੱਚ ਇਹ ਵੀ ਸੰਕੇਤ ਦਿੱਤੇ ਕਿ ਭੱਵਿਖ ਵਿੱਚ ਉਨ੍ਹਾਂ ਦੀ ਮੋਦੀ ਸਰਕਾਰ ਨਾਲ ਟੱਕਰ ਹੋ ਸਕਦੀ ਹੈ।ਉਨ੍ਹਾਂ ਨੇ ਕਿਹਾ, ‘ਦਿੱਲੀ ਵਾਲੇ ਹਰ ਸਾਲ ਕੇਂਦਰ ਨੂੰ 65 ਹਜ਼ਾਰ ਕਰੋੜ ਰੁਪੈ ਦਾ ਟੈਕਸ ਦਿੰਦੇ ਹਨ, ਇਸ ਵਿੱਚੋਂ ਕੇਂਦਰ ਸਿਰਫ਼ 325 ਕਰੋੜ ਰੁਪੈ ਹੀ ਦਿੱਲੀ ਨੂੰ ਵਾਪਿਸ ਕਰਦਾ ਹੈ।’ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਨੂੰ ਕੋਈ ਪੈਸਾ ਨਹੀਂ ਦਿੰਦੀ, ਸਗੋਂ ਦਿੱਲੀ ਵਾਲੇ ਹੀ ਕਮਾ-ਕਮਾ ਕੇ ਕੇਂਦਰ ਨੂੰ ਦੇ ਰਹੇ ਹਨ। ਮੁੱਖਮੰਤਰੀ ਨੇ ਕਿਹਾ, ‘ਕੇਂਦਰ ਸਰਕਾਰ ਜੇ ਦਿੱਲੀ ਨੂੰ 10 ਹਜ਼ਾਰ ਕਰੋੜ ਰੁਪੈ ਦੇ ਦੇਵੇ ਤਾਂ ਅਸੀਂ ਸਾਰੀਆਂ ਅਵੈਧ ਕਲੋਨੀਆਂ ਨੂੰ ਪੱਕੀਆਂ ਕਰ ਦੇਵਾਂਗੇ।’ ਉਨ੍ਹਾਂ ਨੇ ਇਹ ਵੀ ਕਿਹਾ, ‘ਇਸ ਮੁੱਦੇ ਤੇ ਅਸੀਂ ਕੇਂਦਰ ਸਰਕਾਰ ਨਾਲ ਲੜਨ ਲਈ ਵੀ ਤਿਆਰ ਹਾਂ।’ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਗਰਮੀਆਂ ਵਿੱਚ ਦਿੱਲੀ ਵਾਲਿਆਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।