ਵਾਸ਼ਿੰਗਟਨ- ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੱਤਾਧਾਰੀ ਪਾਰਟੀ ਡੈਮੋਕਰੇਟ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਅਮਰੀਕਾ ਵਿੱਚ 2016 ਵਿੱਚ ਰਾਸ਼ਟਰਪਤੀ ਚੋਣ ਹੋਣੀ ਹੈ। ਹਿਲਰੀ ਨੇ ਐਤਵਾਰ ਨੂੰ ਆਪਣੀ ਕੰਪੇਨ ਵੈਬਸਾਈਟ ਵੀ ਲਾਂਚ ਕਰ ਦਿੱਤੀ ਹੈ।
ਪਿੱਛਲੇ ਕੁਝ ਅਰਸੇ ਤੋਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਹਿਲਰੀ ਕਲਿੰਟਨ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਿਲ ਹੋਵੇਗੀ। ਹਿਲਰੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹੈ। ਉਹ ਵਾਈਟ ਹਾਊਸ ਵਿੱਚ 8 ਸਾਲ ਤੱਕ ਫਸਟ ਲੇਡੀ ਰਹਿ ਚੁੱਕੀ ਹੈ, ਅਗਰ ੳੇਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। 2008 ਵਿੱਚ ਵੀ ਹਿਲਰੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਉਹ ਬਰਾਕ ਓਬਾਮਾ ਤੋਂ ਹਾਰ ਗਈ ਸੀ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜੇ ਉਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਬੇਹਤਰ ਰਾਸ਼ਟਰਪਤੀ ਸਾਬਿਤ ਹੋਵੇਗੀ। ਓਬਾਮਾ ਨੇ ਕਿਹਾ ਕਿ 2008 ਵਿੱਚ ਵੀ ਉਹ ਇਸ ਅਹੁਦੇ ਦੀ ਇੱਕ ਸ਼ਕਤੀਸ਼ਾਲੀ ਉਮੀਦਵਾਰ ਸੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਲਰੀ ਆਮ ਚੋਣਾਂ ਵਿੱਚ ਮੇਰੀ ਸੱਭ ਤੋਂ ਵੱਡੀ ਸਮਰਥਕ ਅਤੇ ਬਾਅਦ ਵਿੱਚ ਇੱਕ ਯੋਗ ਵਿਦੇਸ਼ਮੰਤਰੀ ਰਹੀ ਹੈ।