ਸਾਜਿਆ ਦਸ਼ਮੇਸ਼ ਜੀ ਨੇ ਜਗ ਤੋਂ ਨਿਆਰਾ ਖਾਲਸਾ
ਬੇਸਹਾਰੇ ਦੀਨਾਂ ਦੁੱਖੀਆਂ ਦਾ ਸਹਾਰਾ ਖਾਲਸਾ।।
ਫ਼ੌਜ ਅਕਾਲ ਪੁਰਖ ਦੀ ਹੈ, ਇਹ ਹੈ ਪਰਮਾਤਮ ਦੀ ਮੌਜ
‘ਵਾਹਿਗੁਰੂ ਜੀ ਦੀ ਫ਼ਤਿਹ’ ਕਾ ਹੈ ਜੈਕਾਰਾ ਖਾਲਸਾ।।
ਇਸ ਦੇ ਸਿਰ ਤੇ ਸਤਗੁਰਾਂ ਦੀ ਮੇਹਰ ਹੈ ਕੁਝ ਇਸ ਤਰ੍ਹਾਂ
ਨਾ ਕਦੀ ਹੈ ਬੇਸਹਾਰਾ ਨਾ ਵਿਚਾਰਾ ਖਾਲਸਾ।।
ਘੋੜਿਆਂ ਦੀ ਪਿੱਠ ਤੇ ਹੀ ਪੂਰੀ ਕਰ ਲੈਂਦਾ ਸੀ ਨੀਂਦ
ਕੰਦ-ਮੂਲ ਦੇ ਨਾਲ ਸੀ ਕਰਦਾ ਗੁਜ਼ਾਰਾ ਖਾਲਸਾ।।
ਜਦ ਕਿਸੇ ਮਜ਼ਲੂਮ ਨੇ ਕੀਤੀ ਹੈ ਇਸ ਅੱਗੇ ਪੁਕਾਰ
ਉਸੇ ਪਲ਼ ਹੀ ਬਣ ਗਿਆ ਉਸਦਾ ਸਹਾਰਾ ਖਾਲਸਾ।।
ਦਿਸਣ ਦਸਤਾਰਾਂ ਖਿੜੇ ਹੋਏ ਜਿਵੇਂ ਇਹ ਫੁੱਲ ਨੇ
ਜਾਪਦਾ ਹੈ ਸੋਹਣੇ ਗੁਲਸ਼ਨ ਦਾ ਨਜ਼ਾਰਾ ਖਾਲਸਾ।।
ਇਹ ਵੈਸਾਖੀ ਦਾ ਦਿਹਾੜਾ ਖਾਲਸਾ ਸਾਜਨ ਦਾ ਦਿਨ
ਬਿਗਸੇ ਪਲ-ਪਲ ਜੀਵੇ ਜੁਗ-ਜੁਗ ਜਾਨੋ ਪਿਆਰਾ ਖਾਲਸਾ।।
ਇਹ ਹਮੇਸ਼ਾ ਪਿਆਰ ਤੇ ਸੱਚ ਦਾ ਸਫ਼ਰ ਕਰਦਾ ਰਹੇ
ਅੱਗੇ-ਅੱਗੇ ਪੰਜ ਪਿਆਰੇ ਪਿੱਛੇ ਸਾਰਾ ਖਾਲਸਾ।।
ਜਿਸ ਤਰ੍ਹਾਂ ਉੱਚੇ ‘ਫ਼ਲਕ’ ਉਤੇ ਸਿਤਾਰੇ ਸ਼ੋਭਦੇ
ਸ਼ੋਭਦਾ ਏਦਾਂ ਰਹੇ ਧਰਤੀ ਤੇ ਪਿਆਰਾ ਖਾਲਸਾ।।
ਜਸਪ੍ਰੀਤ ਕੌਰ ‘ਫ਼ਲਕ’