ਇਪੋਹ: ਮਲੇਸ਼ੀਆ ਵਿਖੇ ਖੇਡੇ ਗਏ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਇਕ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਕੇ ਤਾਂਬੇ ਦਾ ਮੈਡਲ ਹਾਸਲ ਕੀਤਾ।
ਇਸ ਮੈਚ ਦਾ ਫੈ਼ਸਲੇ ਪੈਨਲਟੀ ਸ਼ੂਟ ਨਾਲ ਹੋਇਆ। ਜਿਸ ਵਿਚ ਭਾਰਤ ਨੇ 4-1 ਦੇ ਫ਼ਰਕ ਨਾਲ ਜਿੱਤ ਹਾਸਲ ਕਰ ਲਈ ਅਤੇ ਤਾਂਬੇ ਦਾ ਮੈਡਲ ਆਪਣੇ ਨਾਮ ਕਰ ਲਿਆ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲਾਂ ਨਾਲ ਬਰਾਬਰੀ ‘ਤੇ ਰਹੀਆਂ। ਇਸਤੋਂ ਬਾਅਦ ਭਾਰਤੀ ਟੀਮ ਦੇ ਗੋਲਕੀਪਰ ਨੇ ਸ਼ੂਟ ਆਊਟ ਦੌਰਾਨ ਸ਼ਾਨਦਾਰ ਬਚਾਅ ਕਰਕੇ ਟੀਮ ਦੀ ਝੋਲੀ ਮੈਡਲ ਪੁਆਇਆ।
ਖੇਡ ਦੇ 10ਵੇਂ ਮਿੰਟ ਵਿਚ ਭਾਰਤੀ ਟੀਮ ਦੇ ਖਿਡਾਰੀ ਨਿਕਿਨ ਥਿਮਈਆ ਨੇ ਗੋਲ ਕਰਕੇ ਭਾਰਤੀ ਟੀਮ ਨੂੰ 1-0 ਦੇ ਫ਼ਰਕ ਨਾਲ ਅੱਗੇ ਕਰ ਲਿਆ। ਖੇਡ ਦੇ ਦੂਜੇ ਕਵਾਰਟਰ ਦੌਰਾਨ ਦੱਖਣੀ ਕੋਰੀਆ ਦੇ ਖਿਡਾਰੀ ਹਿਓਸਿਕ ਯੂ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ 19ਵੇਂ ਮਿੰਟ ਵਿਚ ਟੀਮ ਨੂੰ ਬਰਾਬਰੀ ‘ਤੇ ਲਿਆ ਖੜਾ ਕੀਤਾ। ਇਸਤੋਂ ਇਕਦਮ ਬਾਅਦ ਭਾਰਤੀ ਟੀਮ ਦੇ ਖਿਡਾਰੀ ਸਤਬੀਰ ਸਿੰਘ ਨੇ ਗੋਲ ਕਰਕੇ ਇਕ ਵਾਰ ਫਿਰ ਟੀਮ ਨੂੰ 2-1 ਨਾਲ ਅੱਗੇ ਕਰ ਲਿਆ। 29ਵੇਂ ਮਿੰਟ ਵਿਚ ਦੱਖਣੀ ਕੋਰੀਆ ਦੀ ਟੀਮ ਦੇ ਖਿਡਾਰੀ ਹੁਨਵੂ ਨਾਮ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ 2-2 ਦੀ ਬਰਾਬਰੀ ‘ਤੇ ਲਿਆ ਖੜਾ ਕੀਤਾ। ਇਸਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਗੋਲ ਕਰਨ ਲਈ ਜੀਅ ਤੋੜ ਮੇਹਨਤ ਕਰਦੇ ਰਹੇ ਪਰੰਤੂ ਕੋਈ ਵੀ ਟੀਮ ਗੋਲ ਨਾ ਕਰ ਸਕੀ ਅਤੇ ਅੰਤ ਵਿਚ ਫੈ਼ਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ ਜਿਸ ਵਿਚ ਭਾਰਤੀ ਗੋਲਕੀਪਰ ਦੀ ਵਧੀਆ ਖੇਡ ਸਦਕਾ ਦੱਖਣੀ ਕੋਰੀਆ ਦੀ ਟੀਮ ਸਿਰਫ਼ ਇਕ ਗੋਲ ਹੀ ਕਰ ਸਕੀ ਅਤੇ ਭਾਰਤੀ ਟੀਮ ਵਲੋਂ 4 ਗੋਲ ਕੀਤੇ ਗਏ।
ਹਾਕੀ: ਭਾਰਤ ਦੇ ਹਿੱਸੇ ਆਇਆ ਤਾਂਬੇ ਦਾ ਮੈਡਲ
This entry was posted in ਖੇਡਾਂ.