ਸ੍ਰੀਨਗਰ – ਵੱਖਵਾਦੀ ਨੇਤਾ ਮਸਰਤ ਆਲਮ ਨੇ ‘ਕਸ਼ਮੀਰ ਬਣੇਗਾ ਪਾਕਿਸਤਾਨ’ ਦੇ ਨਾਅਰਿਆਂ ਨੂੰ ਆਪਣੇ ਦਿਲ ਦੀ ਗੱਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੁੰਦਾ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਮਸਰਤ ਨੇ ਕਿਹਾ ਕਿ ਭਾਰਤ ਨੂੰ ਬਦਲਣ ਦੀ ਲੋੜ ਹੈ।
ਮਸਰਤ ਨੇ ਹਾਲ ਹੀ ਵਿੱਚ ਕੱਢੇ ਗਏ ਰੋਸ ਮਾਰਚ ਵਿੱਚ ਪਾਕਿਸਤਾਨ ਦੇ ਝੰਡੇ ਲਹਿਰਾਏ ਜਾਣ ਨੂੰ ਲੋਕਾਂ ਦਾ ਜ਼ਜਬਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਝੰਡੇ ਸਥਾਨਕ ਲੋਕ ਖੁਦ ਲੈ ਕੇ ਆਏ ਸਨ। ਵਰਨਣਯੋਗ ਹੈ ਕਿ ਮਸਰਤ ਆਲਮ ਨੇ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਦੇ ਤਿੰਨ ਮਹੀਨੇ ਬਾਅਦ ਦਿੱਲੀ ਤੋਂ ਸ੍ਰੀਨਗਰ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਪਾਕਿਸਤਾਨੀ ਝੰਡਾ ਲਹਿਰਾ ਕੇ ਕੀਤਾ ਸੀ। ਇਸ ਰੋਸ ਮਾਰਚ ਵਿੱਚ ਕੁਝ ਲੋਕਾਂ ਨੇ ਪਾਕਿਸਤਾਨੀ ਝੰਡੇ ਪਕੜੇ ਹੋਏ ਸਨ। ਮਸਰਤ ਆਲਮ ਨੇ ਸੱਭ ਤੋਂ ਪਹਿਲਾਂ ਇਹ ਨਾਅਰਾ ਲਗਾਇਆ, ‘ਤੇਰੀ ਜਾਨ-ਮੇਰੀ ਜਾਨ ਪਾਕਿਸਤਾਨ ਅਤੇ ਹਾਫਿਜ਼ ਸਈਅਦ ਨਾਲ ਨਾਤਾ ਕੀ ਲਾ-ਇਲਾਹਾ-ਇਲਾਹਾ।’ ‘ਆਇਆ –ਆਇਆ ਸ਼ੇਰ ਆਇਆ, ਗੋ ਇੰਡੀਆ ਗੋ ਵਰਗੇ ਭੜਕਾਊ ਨਾਅਰੇ ਵੀ ਲੋਕਾਂ ਵੱਲੋਂ ਲਗਾਏ ਗਏ।
ਗਿਲਾਨੀ ਅਤੇ ਮਸਰਤ ਸਮੇਤ ਕੁਝ ਹੋਰ ਲੋਕਾਂ ਦੇ ਖਿਲਾਫ਼ ਦੇਸ਼ਧਰੋਹ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਮਸਰਤ ਆਲਮ ਨੂੰ ਗ੍ਰਿਫ਼ਤਾਰ ਕਰਨ ਦੀ ਸਲਾਹ ਦਿੱਤੀ ਹੈ।