ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਕੇਸ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਜੱਣ ਕੁਮਾਰ ਦੇ ਨਜ਼ਦੀਕੀ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਸਜ਼ਾ ਨੂੰ ਮੁਲਤਵੀ ਕਰਕੇ ਜ਼ਮਾਨਤ ਦੇਣ ਦੇ ਮਸਲੇ ਤੇ ਦੋਸ਼ੀਆਂ ਨੂੰ ਫਿਲਹਾਲ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਈ ਕੋਰਟ ਦੇ ਮਾਣਯੋਗ ਜੱਜ ਸੰਜੀਵ ਖੱਨਾ ਤੇ ਆਸ਼ੁਤੋਸ਼ ਕੁਮਾਰ ਨੇ ਬਲਵਾਨ ਖੋਖਰ ਦੀ ਅਪੀਲ ਨੂੰ ਪ੍ਰਵਾਨ ਨਹੀਂ ਕੀਤਾ ਹੈ। ਬਲਵਾਨ ਖੋਖਰ ਦੇ ਵਕੀਲ ਪਾਸੋਂ 12 ਅਪ੍ਰੈਲ 2015 ਨੂੰ ਤਿਹਾੜ ਜੇਲ ‘ਚ ਹੱਥਾਂ ਅਤੇ ਪੈਰਾਂ ਤੇ ਗੰਭੀਰ ਸੱਟਾਂ ਲੱਗਣ ਦਾ ਦਾਅਵਾ ਕਰਦੇ ਹੋਏ ਖੋਖਰ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਗਈ ਸੀ। ਜਿਸ ਤੇ ਅੱਜ ਮਾਣਯੋਗ ਜੱਜਾਂ ਵੱਲੋਂ ਖੋਖਰ ਦੇ ਮਸਲੇ ਤੇ ਤਿਹਾੜ ਜੇਲ ਦੇ ਮੈਡੀਕਲ ਸੁਪਰੀਟੈਂਡਨ ਨੂੰ ਇਸ ਬਾਰੇ ਇਕ ਰਿਪੋਰਟ 21 ਅਪ੍ਰੈਲ ਤੱਕ ਜਮਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਗਿਰਧਾਰੀ ਲਾਲ ਦੇ ਕੇਸ ਦਾ ਜ਼ਿਕਰ ਕਰਦੇ ਹੋਏ ਜੌਲੀ ਨੇ ਦੱਸਿਆ ਕਿ ਮਾਣਯੋਗ ਜੱਜਾਂ ਵੱਲੋਂ ਇਸ ਮਸਲੇ ਤੇ ਜ਼ਮਾਤਨ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੇ ਵਕੀਲ ਗੁਰਬਖਸ਼ ਸਿੰਘ ਅਤੇ ਲਖਮੀਚੰਦ ਵੀ ਇਸ ਮੌਕੇ ਅਦਾਲਤ ‘ਚ ਹਾਜ਼ਿਰ ਸਨ।